Close
Menu

ਕਾਂਗਰਸ ਦੀਆਂ ਅੱਖਾਂ ਵਿੱਚ ‘ਰੜਕਦੇ’ ਨੇ ਗੁਜਰਾਤ ਤੇ ਗੁਜਰਾਤੀ: ਮੋਦੀ

-- 17 October,2017

ਗਾਂਧੀਨਗਰ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਅਤੇ ਨਹਿਰੂ-ਗਾਂਧੀ ਪਰਿਵਾਰ ਉਤੇ ਹੱਲਾ ਬੋਲਦਿਆਂ ਇਨ੍ਹਾਂ ਉਤੇ ਗੁਜਰਾਤ ਤੇ ਗੁਜਰਾਤੀਆਂ ਨੂੰ ਨਫ਼ਰਤ ਕਰਨ ਦਾ ਦੋਸ਼ ਲਾਇਆ। ਸ੍ਰੀ ਮੋਦੀ ਨੇ ਕਿਹਾ ਕਿ ਗੁਜਰਾਤ ਤੇ ਗੁਜਰਾਤੀ ਉਨ੍ਹਾਂ ਦੀਆਂ ‘ਅੱਖਾਂ ਵਿੱਚ ਰੜਕਦੇ’ ਹਨ। ਉਨ੍ਹਾਂ ਕਾਂਗਰਸ ਉਤੇ ਵੱਲਭਭਾਈ ਪਟੇਲ ਤੇ ਸਾਬਕਾ ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਵਰਗੇ ਗੁਜਰਾਤੀ ਆਗੂਆਂ ਦੀ ਬੇਇੱਜ਼ਤੀ ਕਰਨ ਦੇ ਦੋਸ਼ ਵੀ ਲਾਏ।
ਗ਼ੌਰਤਲਬ ਹੈ ਕਿ ਗੁਜਰਾਤ ਵਿੱਚ ਅਗਲੇ ਦਿਨੀਂ ਵਿਧਾਨ ਸਭਾ ਚੋਣਾਂ ਹਨ। ਇਸ ਦੇ ਮੱਦੇਨਜ਼ਰ ਇਥੋਂ ਨੇੜੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਇਹ ਦੋਸ਼ ਵੀ ਲਾਇਆ ਕਿ ਕਾਂਗਰਸ ਨੇ ਉਨ੍ਹਾਂ (ਸ੍ਰੀ ਮੋਦੀ) ਨੂੰ ਵੀ ਜੇਲ੍ਹ ਵਿੱਚ ਸੁੱਟਣ ਦੀ ਸਾਜ਼ਿਸ਼ ਰਚੀ ਸੀ। ਉਨ੍ਹਾਂ ਦਾ ਇਸ਼ਾਰਾ ਉਨ੍ਹਾਂ ਉਤੇ ਗੁਜਰਾਤ ਦੰਗਿਆਂ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਵੱਲ ਸੀ। ਦੇਸ਼ ਦੀ ਮੁੱਖ ਵਿਰੋਧੀ ਪਾਰਟੀ ’ਤੇ ‘ਨਾਂਹ-ਪੱਖੀ ਨੀਤੀਆਂ’ ਉਤੇ ਚੱਲਣ ਦੇ ਦੋਸ਼ ਲਾਉਂਦਿਆਂ ਸ੍ਰੀ ਮੋਦੀ ਨੇ ਕਾਂਗਰਸ ਨੂੰ ਵਿਕਾਸ ਦੇ ਮੁੱਦੇ ਉਤੇ ਚੋਣਾਂ ਲੜਨ ਦੀ ਚੁਣੌਤੀ ਦਿੱਤੀ। ਇਹ ਰੈਲੀ ਭਾਜਪਾ ਦੀ ‘ਗੁਜਰਾਤ ਗੌਰਵ ਯਾਤਰਾ’ ਦੀ ਸਮਾਪਤੀ ’ਤੇ ਕਰਵਾਈ ਗਈ।
ਉਨ੍ਹਾਂ ਕਿਹਾ, ‘‘ਗੁਜਰਾਤ ਦੀਆਂ ਚੋਣਾਂ ਨਜ਼ਦੀਕ ਹਨ ਤੇ ਕਾਂਗਰਸ ਨੂੰ ਇਹ ਬੁਖ਼ਾਰ ਮੁੜ ਹੋ ਗਿਆ ਹੈ। ਗੁਜਰਾਤ ਹਮੇਸ਼ਾ (ਕਾਂਗਰਸ) ਪਾਰਟੀ  ਤੇ (ਨਹਿਰੂ-ਗਾਂਧੀ) ਪਰਿਵਾਰ ਦੀਆਂ ਅੱਖਾਂ ਵਿੱਚ ਰੜਕਦਾ ਹੈ। ਉਨ੍ਹਾਂ ਜੋ ਕੁਝ ਸਰਦਾਰ ਪਟੇਲ, ਉਨ੍ਹਾਂ ਦੀ ਧੀ ਮਨੀਬੇਨ ਤੇ ਮੋਰਾਰਜੀ ਦੇਸਾਈ ਨਾਲ ਕੀਤਾ, ਉਹ ਮੈਂ ਨਹੀਂ ਦੁਹਰਾਵਾਂਗਾ।… ਉਹ ਦੇਸਾਈ ਦੇ ਕੰਮਾਂ ਜਾਂ ਉਨ੍ਹਾਂ ਦੀ ਮਹਾਤਮਾ ਗਾਂਧੀ ਦੇ ਵਿਚਾਰਾਂ ਵਚਨਬੱਧਤਾ ਬਾਰੇ ਨਹੀਂ ਬੋਲਦੇ, ਸਗੋਂ ਇਹ ਦੱਸਦੇ ਸਨ ਕਿ ਉਹ ਕੀ ਖਾਂਦੇ ਸਨ ਤੇ ਕੀ ਪੀਂਦੇ ਸਨ।’’ 

Facebook Comment
Project by : XtremeStudioz