Close
Menu

ਕਾਂਗਰਸ ਦੇ ਹੱਥ ਵੀ ਰੰਗੇ ਨੇ ਮੁਸਲਮਾਨਾਂ ਦੇ ਖ਼ੂਨ ਨਾਲ: ਖ਼ੁਰਸ਼ੀਦ

-- 25 April,2018

ਅਲੀਗੜ੍ਹ/ਨਵੀਂ ਦਿੱਲੀ, 25 ਅਪਰੈਲ
ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸਲਮਾਨ ਖ਼ੁਰਸ਼ੀਦ ਨੇ ਇਕ ਵਿਵਾਦਗ੍ਰਸਤ ਬਿਆਨ ਵਿੱਚ ਮੰਨਿਆ ਕਿ ਉਨ੍ਹਾਂ ਦੀ ਪਾਰਟੀ ਦੇ ਹੱਥ ਵੀ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ। ਉਨ੍ਹਾਂ ਬੀਤੇ ਐਤਵਾਰ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਟੀ ਵਿੱਚ ਇਕ ਸਮਾਗਮ ਦੌਰਾਨ ਮੰਨਿਆ ਕਿ ਕਾਂਗਰਸ ਦੀ ਹਕੂਮਤ ਦੌਰਾਨ ਵੀ ਮੁਲਕ ਵਿੱਚ ਮੁਸਲਿਮ ਵਿਰੋਧੀ ਫ਼ਸਾਦ ਹੁੰਦੇ ਰਹੇ ਹਨ। ਦੂਜੇ ਪਾਸੇ ਕਾਂਗਰਸ ਨੇ ਖ਼ੁਦ ਨੂੰ ਇਸ ਬਿਆਨ ਤੋਂ ਵੱਖ ਕਰ ਲਿਆ ਹੈ।
ਸਮਾਗਮ ਦੌਰਾਨ ਸ੍ਰੀ ਖ਼ੁਰਸ਼ੀਦ ਨੇ ਇਹ ਗੱਲ ਇਕ ਵਿਦਿਆਰਥੀ ਦੀ ਟਿੱਪਣੀ ਦੇ ਜਵਾਬ ਕਹੀ। ਵਿਦਿਆਰਥੀ ਦਾ ਕਹਿਣਾ ਸੀ ਕਿ ਕਾਂਗਰਸ ਦੇ ਹੱਥ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ ਤੇ ਉਹ ਇਨ੍ਹਾਂ ਦਾਗ਼ਾਂ ਨੂੰ ਧੋਣ ਲਈ ਕੀ ਕਰ ਰਹੀ ਹੈ।
ਇਸ ’ਤੇ ਸ੍ਰੀ ਖ਼ੁਰਸ਼ੀਦ ਨੇ ਕਿਹਾ, ‘‘ਇਹ ਇਕ ਸਿਆਸੀ ਸਵਾਲ ਹੈ। ਸਾਡੇ ਹੱਥਾਂ ’ਤੇ ਖੂਨ ਲੱਗਾ ਹੈ। ਮੈਂ ਖ਼ੁਦ ਕਾਂਗਰਸ ਦਾ ਹਿੱਸਾ ਹਾਂ ਤੇ ਮੈਂ ਆਖਦਾ ਹਾਂ ਕਿ ਸਾਡੇ ਹੱਥਾਂ ਨੂੰ ਖੂਨ ਲੱਗਾ ਹੈ।’’ ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਕਾਂਗਰਸ ਨੂੰ ਦੇਸ਼ ਵਿੱਚ ਮੁਸਲਮਾਨਾਂ ’ਤੇ ਹੋ ਰਹੇ ਹਮਲਿਆਂ ਖ਼ਿਲਾਫ਼ ਉਨ੍ਹਾਂ ਦੀ ਹਿਫ਼ਾਜ਼ਤ ਲਈ ਅੱਗੇ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ।
ਉਨ੍ਹਾਂ ਕਿਹਾ, ‘‘ਅਸੀਂ ਆਪਣੇ ਹੱਥਾਂ ਨੂੰ ਲੱਗਾ ਖੂਨ ਤੁਹਾਨੂੰ ਦਿਖਾਉਣ ਲਈ ਤਿਆਰ ਹਾਂ ਤਾਂ ਕਿ ਤੁਹਾਨੂੰ ਅਹਿਸਾਸ ਹੋ ਸਕੇ ਕਿ ਤੁਹਾਡੇ ਹੱਥਾਂ ਨੂੰ ਵੀ ਖੂਨ ਨਾਲ ਲੱਗੇ। ਜੇ ਤੁਸੀਂ ਉਨ੍ਹਾਂ ’ਤੇ ਹਮਲੇ ਕਰੋਗੇ ਤਾਂ ਤੁਹਾਡੇ ਹੱਥ ਵੀ ਖੂਨ ਨਾਲ ਰੰਗੇ ਜਾਣਗੇ।’’ ਵਿਦਿਆਰਥੀ ਨੇ ਇਸ ਮੌਕੇ ਕਾਂਗਰਸ ਹਕੂਮਤ ਦੌਰਾਨ ਹੋਏ ਵੱਖ-ਵੱਖ ਦੰਗਿਆਂ ਤੋਂ ਇਲਾਵਾ ‘ਬਾਬਰੀ ਮਸਜਿਦ ਦੇ ਦਰਵਾਜ਼ੇ ਖੋਲ੍ਹੇ ਜਾਣ, ਉਥੇ ਮੂਰਤੀਆਂ ਸਥਾਪਤ ਕੀਤੇ ਜਾਣ ਤੇ ਆਖ਼ਰ ਬਾਬਰੀ ਮਸਜਿਦ ਨੂੰ ਢਾਹ ਦਿੱਤੇ ਜਾਣ’ ਦਾ ਹਵਾਲਾ ਦਿੱਤਾ ਸੀ, ਜੋ ਸਾਰਾ ਕੁਝ ਕਾਂਗਰਸੀ ਹਕੂਮਤਾਂ ਦੌਰਾਨ ਹੋਇਆ ਸੀ।
ਕਾਂਗਰਸ ਨੇ ਆਪਣੇ ਆਪ ਨੂੰ ਇਸ ਬਿਆਨ ਤੋਂ ਵੱਖ ਕਰ ਲਿਆ ਹੈ। ਪਾਰਟੀ ਦੇ ਤਰਜਮਾਨ ਪੀ.ਐਲ. ਪੂਨੀਆ ਨੇ ਇਸ ਸਬੰਧੀ ਨਵੀਂ ਦਿੱਲੀ ਵਿੱਚ ਕਿਹਾ, ‘‘ਕਾਂਗਰਸ ਉਨ੍ਹਾਂ ਦੇ ਬਿਆਨ ਨਾਲ ਸਹਿਮਤ ਨਹੀਂ ਹੈ… ਇਹ ਉਨ੍ਹਾਂ ਦੇ ਨਿਜੀ ਵਿਚਾਰ ਹਨ, ਪਾਰਟੀ ਦੇ ਨਹੀਂ।’’

Facebook Comment
Project by : XtremeStudioz