Close
Menu

ਕਾਂਵਾਂ ਦੇਵੀਂ ਸੁਨੇਹਾ

-- 16 August,2015

ਕਾਂਵਾਂ ਦੇਵੀਂ ਸੁਨੇਹਾ ਯਾਰ ਪਿਆਰੇ ਨੂੰ ,
ਅੱਖ ਤਰਸਦੀ ਮੇਰੀ ਫੇਰ ਦੀਦਾਰੇ ਨੂੰ ,
ਵਤਨੀਂ ਫੇਰਾ ਪਾ,ਸੱਧਰਾਂ ਵਿਲਕਦੀਆਂ ,
ਦਿਲ ਤਰਸਦਾ ਮੇਰਾ ਸੁਰਖ਼ ਨਜ਼ਾਰੇ ਨੂੰ ।
ਕਾਂਵਾਂ ਦੇਵੀਂ ਸੁਨੇਹਾ !

ਸੂਰਤ ਉਸ ਦੀ ਦਿਲ ਮੇਰੇ ਨੂੰ ਸੋਹਦੀਂ ਹੈ ,
ਸੀਰਤ ਉਸ ਦੀ ਗੀਤ ਮੇਰੇ ਨੂੰ ਟੋਹਦੀਂ ਹੈ ,
ਸਿੱਕ ਦਿਲ ਦੀ ਲੱਭਦੀ ਉਸ ਵਣਜਾਰੇ ਨੂੰ ।
ਕਾਂਵਾਂ ਦੇਵੀਂ ਸੁਨੇਹਾ !

ਉਸ ਦੇ ਬਾਝੋਂ ਦੁਨੀਆਂ ਸੁੰਝੀ ਲੱਗਦੀ ਹੈ ,
ਤਾਰ ਉਸ ਦੀ ਦਿਲ ਦੇ ਅੰਦਰ ਵੱਜਦੀ ਹੈ ,
ਰੀਝ ਵਿਗੋਚਣ ਵਿਲਕੇ ਮੁੱਖ ਝਲਕਾਰੇ ਨੂੰ
ਕਾਂਵਾਂ ਦੇਵੀਂ ਸੁਨੇਹਾ !

ਉਸ ਦੇ ਬਾਝੋਂ ਰੀਝਾਂ ਮੇਰੀਆਂ ਮੋਈਆਂ ਨੇ ,
ਅੱਖਾਂ ਮੇਰੀਆਂ ਬੱਦਲੀ ਵਾਂਗਰ ਚੋਈਆਂ ਨੇ ,
ਸਾਵਣ ਰੁੱਤੜੀ ਲੱਭਦੀ ਕਰਮਾਂ ਮਾਰੇ ਨੂੰ ।
ਕਾਂਵਾਂ ਦੇਵੀਂ ਸੁਨੇਹਾ !

ਰਾਣਾ ਕਿਥੋਂ ਲੱਭੀਏ ਸ਼ਹਿਰ ਬਥੇਰਾ ਹੈ ,
ਮੇਰੀ ਕਿਸਮਤ ਅੰਦਰ ਘੁੱਪ ਹਨ੍ਹੇਰਾ ਹੈ ,
ਸੁਰਿੰਦਰ ਵੇਖ ਕੇ ਰੋਵਾਂ ਟੁੱਟੇ ਤਾਰੇ ਨੂੰ ।
ਕਾਂਵਾਂ ਦੇਵੀਂ ਸੁਨੇਹਾ !

ਸਃ ਸੁਰਿੰਦਰ, ਇਟਲੀ

Facebook Comment
Project by : XtremeStudioz