Close
Menu

ਕਾਸਟਿੰਗ ਕਾਊਚ ਬਾਰੇ ਆਪਣੇ ਬਿਆਨ ਲਈ ਸਰੋਜ ਖ਼ਾਨ ਨੇ ਮੁਆਫ਼ੀ ਮੰਗੀ

-- 25 April,2018

ਮੁੰਬਈ, 25 ਅਪਰੈਲ
ਪ੍ਰਸਿੱਧ ਕੋਰੀਓਗ੍ਰਾਫ਼ਰ ਸਰੋਜ ਖ਼ਾਨ ਨੇ ਕਾਸਟਿੰਗ ਕਾਉੂਚ ਵਰਤਾਰੇ ਸਬੰਧੀ ਦਿੱਤੇ ਆਪਣੇ ਬਿਆਨ ਲਈ ਮੁਆਫੀ ਮੰਗੀ ਹੈ। ਸਰੋਜ ਖ਼ਾਨ ਨੇ ਕਿਹਾ ਸੀ ਕਿ ਕਾਸਟਿੰਗ ਕਾਊਚ ਕੋਈ ਨਵਾਂ ਵਰਤਾਰਾ ਨਹੀਂ ਹੈ। 69 ਸਾਲਾ ਕੋਰੀਓਗ੍ਰਾਫ਼ਰ ਨੇ ਇਹ ਵਿਵਾਦਪੂਰਨ ਬਿਆਨ ਉਦੋਂ ਦਿੱਤਾ ਸੀ ਜਦੋਂ ਤੇਲਗੂ ਫਿਲਮ ਸਨਅਤ ਵਿੱਚ  ਅਦਾਕਾਰ ਸ੍ਰੀ ਰੈਡੀ ਨੇ  ਕਾਸਟਿੰਗ ਕਾਊਚ ਵਿਰੁੱਧ ਆਵਾਜ਼ ਉਠਾਉਂਦਿਆਂ ਅਰਧ ਨਗਨ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਸੀ। ਸਾਂਗਲੀ ਵਿੱਚ ਇਕ ਪੱਤਰਕਾਰ ਵੱਲੋਂ ਇਸ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਸਰੋਜ ਖ਼ਾਨ ਨੇ ਕਿਹਾ ਸੀ, ‘‘ਯੇਹ ਬਾਬਾ ਆਦਮ ਕੇ ਜ਼ਮਾਨੇ ਸੇ ਚਲਾ ਆ ਰਹਾ ਹੈ, ਹਰ ਲੜਕੀ ਕੇ ਉਪਰ ਕੋਈ ਨਾ ਕੋਈ ਹਾਥ ਸਾਫ਼ ਕਰਨੇ ਕੀ ਕੋਸ਼ਿਸ਼ ਕਰਤਾ ਹੈ। ਸਰਕਾਰ ਕੇ ਲੋਗ ਭੀ ਕਰਤੇ ਹੈਂ। ਤੁਮ ਫਿਲਮ ਇੰਡਸਟਰੀ ਕੇ ਪੀਛੇ ਕਿਉਂ ਪੜੇ ਹੋ ? ਵੋ ਕਮ ਸੇ ਕਮ ਰੋਟੀ ਤੋ ਦੇਤੇ ਹੈਂ, ਰੇਪ ਕਰਕੇ ਛੋੜ ਤੋ ਨਹੀਂ ਦੇਤੇ।’’ ਸਰੋਜ ਖ਼ਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ ਅਤੇ ਉਸ ਦੇ  ਇਸ ਬਿਆਨ ਦਾ ਕਾਫ਼ੀ ਵਿਰੋਧ ਹੋਇਆ ਸੀ। ਹਿੰਦੀ ਫਿਲਮ ਜਗਤ ਦੇ ਪ੍ਰਸਿੱਧ ਗੀਤਾਂ ‘ਏਕ ਦੋ ਤੀਨ’ ਅਤੇ ‘ਚੋਲੀ ਕੇ ਪੀਛੇ’ ਵਿੱਚ ਕੌਮੀ ਸਨਮਾਨ ਪ੍ਰਾਪਤ ਕੋਰੀਓਗ੍ਰਾਫ਼ਰ ਸਰੋਜ ਖ਼ਾਨ ਨੇ ਮੀਡੀਆ ਨੂੰ ਕਿਹਾ ਕਿ ਇਸ ਮੁੱਦੇ ’ਤੇ ਫਿਲਮ ਇੰਡਸਟਰੀ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ। ਇਸੇ ਦੌਰਾਨ ਸ੍ਰੀ ਰੈਡੀ ਨੇ ਸਰੋਜ ਖ਼ਾਨ ਦੇ ਇਸ ਬਿਆਨ ’ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਕਿਹਾ, ‘‘ਮੈਡਮ ਸਰੋਜ ਖਾਨ, ਤੁਸੀਂ ਫਿਲਮ ਜਗਤ ਅਤੇ ਉਮਰ ਵਿੱਚ ਵੱਡੀ ਹਸਤੀ ਹੋ, ਮੈਨੂੰ ਤੁਹਾਡਾ ਸਤਿਕਾਰ ਕਰਨਾ ਚਾਹੀਦਾ ਹੈ ਪ੍ਰੰਤੂ ਤੁਸੀਂ ਜਿਸ ਤਰ੍ਹਾਂ ਦੀ ਗੱਲ ਕਰ ਰਹੇ ਹੋ ਉਸ ਨਾਲ ਤੁਸੀਂ ਕਿਸ ਤਰ੍ਹਾਂ ਦੇ ਸਭਿਆਚਾਰ ਨੂੰ ਉਤਸ਼ਾਹਤ ਕਰ ਰਹੇ ਹੋ ? ਮੈਂ ਇਹ ਸਭ ਸੁਣ ਕੇ ਤੁਹਾਡਾ ਸਤਿਕਾਰ ਨਹੀਂ ਕਰ ਸਕਦੀ।’’ ਉੱਘੇ ਫਿਲਮਸਾਜ਼ ਅਸ਼ੋਕ ਪੰਡਿਤ ਨੇ ਸਰੋਜ ਖ਼ਾਨ ਦੇ ਇਸ ਬਿਆਨ ਦੀ ਨਿੰਦਾ ਕਰਦਿਆਂ ਕਿਹਾ ਕਿ ਫਿਲਮ ਜਗਤ ਦੀ ਉੱਘੀ ਹਸਤੀ ਤੋਂ ਉਹ ਅਜਿਹੇ ਬਿਆਨ ਦੀ ਆਸ ਨਹੀਂ ਸੀ ਕਰਦਾ। ਮਾਮਲਾ ਭਖ਼ਦਿਆਂ ਦੇਖ ਕੇ ਸਰੋਜ ਖਾਨ ਨੇ ਮੁਆਫ਼ੀ ਮੰਗਦਿਆਂ ਕਿਹਾ, ‘‘ਮੇਰਾ ਅਜਿਹਾ ਕਹਿਣ ਦਾ ਮਕਸਦ ਕੁੜੀਆਂ ਦਾ ਸ਼ੋਸ਼ਣ ਕਰਨ ਵਾਲੇ ਵਿਅਕਤੀਆਂ ਦਾ ਪੱਖ ਪੂਰਨਾ ਨਹੀਂ ਸੀ ਜੇਕਰ ਅਜਿਹਾ ਲੱਗਿਆ ਹੈ ਤਾਂ ਮੈਂ ਇਸ ਲਈ ਮੁਆਫੀ ਮੰਗਦੀ ਹਾਂ।’’

Facebook Comment
Project by : XtremeStudioz