Close
Menu

ਕਿਸਾਨਾਂ ਨਾਲ ਹਮਦਰਦੀ ਪ੍ਰਗਟਾ ਕੇ ਵੋਟਾਂ ਬਟੋਰਨਾ ਚਾਹੁੰਦੈ ਅਕਾਲੀ ਦਲ: ਨਵਜੋਤ ਸਿੱਧੂ

-- 24 May,2018

ਸ਼ਾਹਕੋਟ, 24 ਮਈ
ਸ਼ਾਹਕੋਟ, ਲੋਹੀਆਂ ਖਾਸ, ਤਲਵੰਡੀ ਮਾਧੋ ਅਤੇ ਮਹਿਤਪੁਰ ਵਿੱਚ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਦੇ ਹੱਕ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪਿੱਛਲੇ 10 ਸਾਲਾਂ ਵਿੱਚ ਹਲਕਾ ਸ਼ਾਹਕੋਟ ਦਾ ਨਾਸ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਅਕਾਲੀ ਦਲ ’ਤੇ ਵਿਅੰਗ ਕੱਸਦੇ  ਹੋਏ ਕਿਹਾ ਕਿ ਉਨ੍ਹਾਂ ਨੇ ਸ਼ਾਹਕੋਟ ਨੂੰ ਕਥਿਤ ‘ਨਸ਼ਿਆਂ’ ਦਾ ਅੱਡਾ ਬਣਾਉਣ ’ਚ ਵਿਕਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪੰਜਾਬੀਆਂ ਨੂੰ ਲੁੱਟ ਕੇ ਆਪਣੇ ਘਰ ਭਰ ਲਏ ਹਨ। ਸੁਖਬੀਰ ਬਾਦਲ ’ਤੇ ਵਿਅੰਗ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਦੀਆਂ ਫ਼ਸਲਾਂ ਦੇ ਨੁਕਸਾਨ ਦੀ ਦੁਹਾਈ ਦੇਣ ਵਾਲਾ ਅਕਾਲੀ ਦਲ ਮਨੁੱਖੀ ਨਸਲ ਨੂੰ ਖ਼ਤਮ ਕਰਨ ਲਈ ਕਥਿਤ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਫ਼ਸਲਾਂ ਦੇ ਨੁਕਸਾਨ ਬਾਰੇ ਪਹਿਲਾਂ ਹੀ ਗਿਰਦਾਵਰੀ ਕਰਵਾਉਣ ਦੇ ਹੁਕਮ ਦਿੱਤੇ ਹੋਏ ਤਾਂ ਕਿ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ। ਸੁਖਬੀਰ ਬਾਦਲ ਤਾਂ ਕਿਸਾਨਾਂ ਨਾਲ ਹਮਦਰਦੀ ਦਿਖਾ ਕੇ ਉਨ੍ਹਾਂ ਕੋਲੋਂ ਮਹਿਜ਼ ਵੋਟਾਂ ਹੀ ਬਟੋਰਨਾ ਚਾਹੁੰਦੇ ਹਨ। ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਾਈਨਿੰਗ ਸਬੰਧੀ ਇੱਕ ਨਵੀਂ ਨੀਤੀ ਤਿਆਰ ਕੀਤੀ ਹੈ, ਜਿਸ ਦੇ ਲਾਗੂ ਹੋਣ ਨਾਲ ਹਰ ਲੋੜਵੰਦ ਨੂੰ 800 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਰੇਤ ਦੀ ਟਰਾਲੀ ਮਿਲੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਹ ਸ਼ਾਹਕੋਟ ਹਲਕੇ ਦਾ 4 ਸਾਲਾਂ ਵਿੱਚ ਪਿਛਲੇ 20 ਸਾਲਾਂ ਦੇ ਬਰਾਬਰ ਵਿਕਾਸ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਪਾਰਟੀ ਦਾ ਸਮਰਥਨ ਕਰਨ।
ਇਸ ਮੌਕੇ ਪ੍ਰਗਟ ਸਿੰਘ, ਗੁਰਕੀਰਤ ਸਿੰਘ ਕੋਟਲੀ, ਲਖਬੀਰ ਸਿਘ, ਸੰਤੋਖ ਸਿੰਘ, ਇਕਬਾਲ ਕੌਰ (ਸਾਰੇ ਵਿਧਾਇਕ), ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ, ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਆਦਿ ਹਾਜ਼ਰ ਸਨ।

Facebook Comment
Project by : XtremeStudioz