Close
Menu

ਕਿਸਾਨ ਮੁੱਦੇ: ਸਰਕਾਰ ’ਤੇ ਵਰ੍ਹੀ ਵਿਰੋਧੀ ਧਿਰ

-- 20 July,2017

ਨਵੀਂ ਦਿੱਲੀ, 20ਜੁਲਾਈ
ਵਿਰੋਧੀ ਧਿਰ ਨੇ ਅੱਜ ਲੋਕ ਸਭਾ ਵਿੱਚ ਮੋਦੀ ਸਰਕਾਰ ’ਤੇ ਜ਼ੋਰਦਾਰ ਹੱਲਾ ਬੋਲਦਿਆਂ ਦੋਸ਼ ਲਾਇਆ ਕਿ ਇਹ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਵਿੱਚ ‘ਪੂਰੀ ਤਰ੍ਹਾਂ ਨਾਕਾਮ’ ਰਹੀ ਹੈ। ਕਾਂਗਰਸੀ ਮੈਂਬਰਾਂ ਵੱਲੋਂ ਮਾਮਲਾ ਉਠਾਏ ਜਾਣ ’ਤੇ ਤ੍ਰਿਣਮੂਲ ਕਾਂਗਰਸ, ਆਰਜੇਡੀ ਤੇ ਖੱਬੀਆਂ ਪਾਰਟੀਆਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਤੇ ਉਨ੍ਹਾਂ ਸਪੀਕਰ ਦੇ ਆਸਣ ਅੱਗੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਕਾਰਨ ਸਪੀਕਰ ਨੂੰ ਸਦਨ ਦੀ ਕਾਰਵਾਈ ਉਠਾਉਣੀ ਪਈ। ਦੂਜੇ ਪਾਸੇ ਹਾਕਮ ਧਿਰ ਨੇ ਦਾਅਵਾ ਕੀਤਾ ਕਿ ਐਨਡੀਏ ਸਰਕਾਰ ਨੇ ਕਿਸਾਨਾਂ ਲਈ ਬਹੁਤ ਕੁਝ ਕੀਤਾ ਹੈ।
ਵਿਰੋਧੀ ਮੈਂਬਰਾਂ ਨੇ ਸਦਨ ਜੁੜਦਿਆਂ ਹੀ ਇਸ ਮਾਮਲੇ ’ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਲਗਾਤਾਰ ਕਿਸਾਨਾਂ ਦੀ ਮੰਦੀ ਹਾਲਤ ਨੂੰ ਅਣਡਿੱਠ ਕਰ ਰਹੀ ਹੈ। ਵਿਰੋਧੀ ਮੈਂਬਰ ਇਸ ਮੌਕੇ ‘ਮਨ ਕੀ ਬਾਤ ਬੰਦ ਕਰੋ, ਕਰਜ਼ਾ ਮਾਫ਼ੀ ਸ਼ੁਰੂ ਕਰੋ’ ਤੇ ‘ਕਿਸਾਨਾਂ ’ਤੇ ਗੋਲੀਆਂ ਚਲਾਉਣੀਆਂ ਬੰਦ ਕਰੋ’ ਵਰਗੇ ਨਾਅਰੇ ਲਾ ਰਹੇ ਸਨ। ਇਸ ਮੁੱਦੇ ਉਤੇ ਭਾਜਪਾ ਦੀ ਭਾਈਵਾਲ ਪਾਰਟੀ ‘ਸਵਾਭਿਮਾਨੀ ਪਕਸ਼ਾ’ ਦੇ ਰਾਜੂ ਸ਼ੈਟੀ ਦੀ ਵੀ ਹਾਕਮ ਮੈਂਬਰਾਂ ਨਾਲ ਤਕਰਾਰ ਹੋ ਗਈ। ਪੱਛਮੀ ਮਹਾਰਾਸ਼ਟਰ ਦੇ ਹਤਕਨੰਗਲੇ ਹਲਕੇ ਤੋਂ ਮੈਂਬਰ ਸ੍ਰੀ ਸ਼ੈਟੀ ਨੇ ਮੰਗ ਕੀਤੀ ਕਿ ਮੰਦਸੌਰ ਵਿੱਚ ਮੱਧ ਪ੍ਰਦੇਸ਼ ਪੁਲੀਸ ਵੱਲੋਂ ਗੋਲੀ ਚਲਾ ਕੇ ਕਿਸਾਨਾਂ ਨੂੰ ਮਾਰੇ ਜਾਣ ਦੀ ਘਟਨਾ ਦੀ ਸੀਬੀਆਈ ਜਾਂਚ ਕਰਵਾਈ ਜਾਵੇ।
ਕਰੀਬ ਇਕ ਘੰਟੇ ਲਈ ਉਠਾਏ ਜਾਣ ਤੋਂ ਬਾਅਦ ਜਦੋਂ ਸਦਨ ਮੁੜ ਜੁੜਿਆ ਤਾਂ ਲੋਕ ਸਭਾ ਵਿੱਚ ਕਾਂਗਰਸ ਦੇ ਆਗੂ ਮਲਿਕਾਰਜੁਨ ਖੜਗੇ ਨੇ ਸਰਕਾਰ ’ਤੇ ਹੱਲਾ ਬੋਲ ਦਿੱਤਾ। ਸਪੀਕਰ ਸੁਮਿੱਤਰਾ ਮਹਾਜਨ ਕਹਿੰਦੀ ਰਹੀ ਕਿ ਇਸ ਮੁੱਦੇ ਉਤੇ ਸਦਨ ਵਿੱਚ ਅੱਜ ਹੀ ਬਹਿਸ ਦਾ ਸਮਾਂ ਮਿਥਿਆ ਗਿਆ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋਂ ਵਿਰੋਧੀ ਧਿਰ ਦੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾਵੇਗਾ। ਸ੍ਰੀ ਖੜਗੇ ਨੇ ਕਿਹਾ, ‘‘ਦੇਸ਼ ਵਿੱਚ ਖੇਤੀ ਸੰਕਟ ਹੈ। ਖੇਤੀ ਸੈਕਟਰ ਦਾ ਮੰਦਾ ਹਾਲ ਹੈ। ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਦਿਨ-ਬ-ਦਿਨ ਵਧ ਰਹੀ ਹੈ। ਸਰਕਾਰ ਇਸ ਸਮੱਸਿਆ ਨੂੰ ਨਜਿੱਠਣ ’ਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ।… ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣੇ ਚਾਹੀਦੇ ਹਨ ਤੇ ਸਰਕਾਰ ਉਨ੍ਹਾਂ ਦੀ ਲਾਗਤ ਦੇ 50 ਫ਼ੀਸਦੀ ਤੋਂ ਵੱਧ ਦੀ ਅਦਾਇਗੀ ਕਰਨ ਦਾ ਆਪਣਾ ਵਾਅਦਾ ਪੂਰਾ ਕਰੇ।’’
ਉਨ੍ਹਾਂ ਦੀ ਗੱਲ ਕੱਟਦਿਆਂ ਸ੍ਰੀ ਅਨੰਤ ਕੁਮਾਰ ਨੇ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਕਿਸਾਨਾਂ ਲਈ ਆਪਣੇ ਵਸੀਲਿਆਂ ਤੋਂ ਵੱਧ ਕੰਮ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮੁੱਦੇ ’ਤੇ ਨਿਯਮ 193 ਤਹਿਤ ਬਹਿਸ ਲਈ ਤਿਆਰ ਹੈ। ਇਸ ਪਿੱਛੋਂ ਵਿਰੋਧੀ ਮੈਂਬਰ ਵਾਕ ਆਊਟ ਕਰ ਗਏ। ਸਵਾਲਾਂ ਦੇ ਸਮੇਂ ਮੌਕੇ ਵਿਰੋਧੀ ਧਿਰ ਦੀ ਨਾਅਰੇਬਾਜ਼ੀ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਦਨ ਵਿੱਚ ਹਾਜ਼ਰ ਸਨ।

Facebook Comment
Project by : XtremeStudioz