Close
Menu

ਕੁਮਾਰਸਵਾਮੀ ਵੱਲੋਂ ਰਾਹੁਲ ਤੇ ਸੋਨੀਆ ਨਾਲ ਮੁਲਾਕਾਤ

-- 22 May,2018

ਨਵੀਂ ਦਿੱਲੀ, 22 ਮਈ,ਕਰਨਾਟਕ ਦੇ ਮਨੋਨੀਤ ਮੁੱਖ ਮੰਤਰੀ ਤੇ ਜਨਤਾ ਦਲ (ਸੈਕੁਲਰ) ਦੇ ਆਗੂ ਐਚ.ਡੀ. ਕੁਮਾਰਸਵਾਮੀ ਨੇ ਅੱਜ ਇਥੇ ਆਪਣੀ ਚੋਣਾਂ ਤੋਂ ਬਾਅਦ ਦੀ ਭਾਈਵਾਲ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਕਰਨਾਟਕ ਮੰਤਰੀ ਮੰਡਲ ਦੀ ਬਣਤਰ ਅਤੇ ਦੋਵਾਂ ਪਾਰਟੀਆਂ ਵਿਚਕਾਰ ਵਿਭਾਗਾਂ ਦੀ ਵੰਡ ਸਬੰਧੀ ਵਿਚਾਰ ਵਟਾਂਦਰਾ ਕੀਤਾ।
ਸੂਤਰਾਂ ਮੁਤਾਬਕ ਦੋਵਾਂ ਧਿਰਾਂ ਨੇ ਅਤੀਤ ਨੂੰ ਭੁਲਾ ਕੇ ਨਵੀਂ ਸ਼ੁਰੂਆਤ ਕਰਨ ਦਾ ਅਹਿਦ ਕੀਤਾ ਅਤੇ ਕੁਲੀਸ਼ਨ ਸਰਕਾਰ ਦੇ ਸਹੀ ਕੰਮ-ਕਾਜ ਲਈ ਕੋਆਰਡੀਨੇਸ਼ਨ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ ਹੈ, ਜਿਸ ਦੇ ਪੰਜ-ਛੇ ਮੈਂਬਰ ਹੋਣਗੇ। ਜਾਣਕਾਰੀ ਮੁਤਾਬਕ ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਨਾਂ ਦਾ ਫ਼ੈਸਲਾ ਮੰਗਲਵਾਰ ਨੂੰ ਬੰਗਲੌਰ ਵਿੱਚ ਮੀਟਿੰਗ ਦੌਰਾਨ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਪਹਿਲਾਂ ਕਾਂਗਰਸ ਨੇ ਵੱਡੀ ਭਾਈਵਾਲ ਵਜੋਂ ਆਪਣੇ ਦੋ ਉਪ ਮੁੱਖ ਮੰਤਰੀ ਬਣਾਉਣ ਦੀ ਤਜਵੀਜ਼ ਰੱਖੀ ਹੈ, ਪਰ ਜੇਡੀ(ਐਸ) ਇਸ ਲਈ ਰਾਜ਼ੀ ਨਹੀਂ ਹੋਈ। ਅੱਜ ਕੌਮੀ ਰਾਜਧਾਨੀ ਪੁੱਜ ਕੇ ਸ੍ਰੀ ਕੁਮਾਰਸਵਾਮੀ ਸਭ ਤੋਂ ਪਹਿਲਾਂ ਆਪਣੀ ਚੋਣਾਂ ਤੋਂ ਪਹਿਲਾਂ ਦੀ ਭਾਈਵਾਲ ਬਸਪਾ ਦੀ ਮੁਖੀ ਕੁਮਾਰੀ ਮਾਇਆਵਤੀ ਨਾਲ ਮੀਟਿੰਗ ਕੀਤੀ। ਇਸ ਮੌਕੇ ਕਰਨਾਟਕ ’ਚ ਬਸਪਾ ਦੇ ਇਕੋ-ਇਕ ਵਿਧਾਇਕ ਐਨ. ਮਹੇਸ਼ ਨੂੰ ਵੀ ਮੰਤਰੀ ਮੰਡਲ ’ਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਵਿਚਾਰੀ ਗਈ। ਉਨ੍ਹਾਂ ਸ੍ਰੀ ਗਾਂਧੀ, ਬੀਬੀ ਸੋਨੀਆ ਤੇ ਬੀਬੀ ਮਾਇਆਵਤੀ ਨੂੰ ਸਹੁੰ-ਚੁੱਕ ਸਮਾਗਮ ਵਿੱਚ ਪੁੱਜਣ ਦਾ ਸੱਦਾ ਦਿੱਤਾ।
ਕਾਂਗਰਸੀ ਆਗੂਆਂ ਨਾਲ 20 ਮਿੰਟਾਂ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਕੁਮਾਰਸਵਾਮੀ ਨੇ ਕਿਹਾ, ‘‘ਇਹ ਕੋਈ ਸੌਦੇਬਾਜ਼ੀ ਨਹੀਂ ਹੈ। ਅਸੀਂ ਦੋਸਤਾਨਾ ਢੰਗ ਨਾਲ ਮਾਮਲੇ ਤੈਅ ਕਰਾਂਗੇ।’’ ਉਨ੍ਹਾਂ ਕਿਹਾ, ‘‘ਅਸੀਂ ਕਰਨਾਟਕ ਨੂੰ ਇਕ ਸਥਿਰ ਸਰਕਾਰ ਦੇਵਾਂਗੇ ਤੇ ਸਾਡੇ ਰਿਸ਼ਤੇ ਲੰਬੇ ਚੱਲਣਗੇ।’’
ਸ੍ਰੀ ਸਵਾਮੀ ਬੁੱਧਵਾਰ ਸ਼ਾਮ 4.30 ਵਜੇ ਸਹੁੰ ਚੁੱਕਣਗੇ। ਉਨ੍ਹਾਂ ਨਾਲ ਕੁਝ ਮੰਤਰੀਆਂ ਦੇ ਵੀ ਹਲਫ਼ ਲੈਣ ਦੇ ਆਸਾਰ ਹਨ। ਸ੍ਰੀ ਗਾਂਧੀ ਅਤੇ ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਸਮਾਗਮ ’ਚ ਪੁੱਜਣ ਦੀ ਹਾਮੀ ਭਰ ਦਿੱਤੀ ਹੈ। ਉਨ੍ਹਾਂ ਦੇ ਇਲਾਵਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਦਿੱਲੀ ਦੇ ਅਰਵਿੰਦ ਕੇਜਰੀਵਾਲ, ਤਿਲੰਗਾਨਾ ਦੇ ਕੇ. ਚੰਦਰਸ਼ੇਖਰ ਰਾਓ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਅਤੇ ਸਪਾ ਮੁਖੀ ਅਖਿਲੇਸ਼ ਯਾਦਵ ਦੇ ਵੀ ਪੁੱਜਣ ਦੇ ਆਸਾਰ ਹਨ।    

ਕਾਂਗਰਸ ਦੇ ਇਕ ਵਿਧਾਇਕ ਵੱਲੋਂ ਭਾਜਪਾ ਵਾਲੀ ਆਡੀਓ ‘ਝੂਠੀ’ ਕਰਾਰ
ਬੰਗਲੌਰ: ਕਾਂਗਰਸ ਨੂੰ ਅੱਜ ਉਦੋਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਭਾਜਪਾ ਵੱਲੋਂ ਪਿਛਲੇ ਦਿਨੀਂ ਕਰਨਾਟਕ ਦੀ ਆਪਣੀ ਯੇਡੀਯੁਰੱਪਾ ਸਰਕਾਰ ਨੂੰ ਬਚਾਉਣ  ਵਾਸਤੇ ਕਾਂਗਰਸੀ ਵਿਧਾਇਕਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਲਾਲਚ ਦੇਣ ਦੇ ਦੋਸ਼ ਹੇਠ ਪਾਰਟੀ ਵੱਲੋਂ ਜਾਰੀ ਆਡੀਓ ਟੇਪਾਂ ਵਿੱਚੋਂ ਇਕ ਨੂੰ ਇਸ ਦੇ ਇਕ ਵਿਧਾਇਕ ਸ਼ਿਵਰਾਮ ਹੈਬਰ ਨੇ ‘ਝੂਠੀ’ ਕਰਾਰ ਦੇ ਦਿੱਤਾ।

 
 
Facebook Comment
Project by : XtremeStudioz