Close
Menu

‘ਕੁਰਸੀ’ ਬਾਰੇ ਫ਼ੈਸਲਾ ਰਾਹੁਲ ’ਤੇ ਛੱਡਿਆ

-- 13 December,2018

ਭੁਪਾਲ/ਜੈਪੁਰ/ਰਾਏਪੁਰ, 13 ਦਸੰਬਰ
ਤਿੰਨ ਸੂਬਿਆਂ ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਜਿੱਤਣ ਮਗਰੋਂ ਕਾਂਗਰਸ ਲਈ ਉਥੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੈਅ ਕਰਨ ਲਈ ਸਿਰਦਰਦੀ ਖੜ੍ਹੀ ਹੋ ਗਈ ਹੈ। ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਵਿਧਾਇਕਾਂ ਨੇ ਆਗੂ ਚੁਣਨ ਲਈ ਸਾਰੀ ਡੋਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਹੱਥ ਫੜਾ ਦਿੱਤੀ ਹੈ। ਉਧਰ ਮੱਧ ਪ੍ਰਦੇਸ਼ ’ਚ ਬਹੁਮਤ ਤੋਂ ਖੁੰਝੀ ਕਾਂਗਰਸ ਨੇ 121 ਵਿਧਾਇਕਾਂ ਦੀ ਹਮਾਇਤ ਹੋਣ ਦਾ ਦਾਅਵਾ ਕੀਤਾ ਹੈ। ਕਾਂਗਰਸ ਨੇ ਸੂਬੇ ਦੀਆਂ 230 ਸੀਟਾਂ ’ਚੋਂ 114 ਜਿੱਤੀਆਂ ਸਨ ਅਤੇ ਉਹ ਬਹੁਮਤ ਤੋਂ ਦੋ ਸੀਟਾਂ ਦੂਰ ਸੀ। ਕਾਂਗਰਸ ਆਗੂਆਂ ਕਮਲ ਨਾਥ, ਜਯੋਤੀਰਾਦਿਤਿਆ ਸਿੰਧੀਆ, ਦਿਗਵਿਜੇ ਸਿੰਘ, ਅਰੁਣ ਯਾਦਵ ਅਤੇ ਵਿਵੇਕ ਤਨਖਾ ਸਮੇਤ ਹੋਰਨਾਂ ਨੇ ਰਾਜਪਾਲ ਆਨੰਦੀਬੇਨ ਪਟੇਲ ਨਾਲ ਮੁਲਾਕਾਤ ਕਰਕੇ ਮੱਧ ਪ੍ਰਦੇਸ਼ ’ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਪ੍ਰਦੇਸ਼ ਪ੍ਰਧਾਨ ਕਮਲ ਨਾਥ ਨੇ ਰਾਜਪਾਲ ਨੂੰ ਸੌਂਪੀ ਚਿੱਠੀ ’ਚ ਕਿਹਾ ਹੈ ਕਿ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਅਤੇ ਬਸਪਾ, ਸਮਾਜਵਾਦੀ ਪਾਰਟੀ ਤੇ ਆਜ਼ਾਦ ਉਮੀਦਵਾਰਾਂ ਨੇ ਉਨ੍ਹਾਂ ਨੂੰ ਹਮਾਇਤ ਦੇਣ ਦਾ ਭਰੋਸਾ ਦਿੱਤਾ ਹੈ।
ਰਾਜਸਥਾਨ ’ਚ ਵੀ ਕਾਂਗਰਸ ਨੇ ਬੁੱਧਵਾਰ ਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਉਂਜ ਮੁੱਖ ਮੰਤਰੀ ਦੇ ਨਾਮ ਦਾ ਫ਼ੈਸਲਾ ਵੀਰਵਾਰ ਨੂੰ ਨਵੀਂ ਦਿੱਲੀ ’ਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਕਰਨਗੇ। ਪਾਰਟੀ ਦੇ ਸੂਬਾ ਇੰਚਾਰਜ ਅਵਿਨਾਸ਼ ਪਾਂਡੇ ਨੇ ਜੈਪੁਰ ’ਚ ਰਾਜਭਵਨ ਦੇ ਬਾਹਰ ਦੱਸਿਆ ਕਿ ਕੱਲ ਉਹ ਰਾਹੁਲ ਗਾਂਧੀ ਨੂੰ ਰਾਜਸਥਾਨ ਦੀ ਰਿਪੋਰਟ ਸੌਂਪਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਪੂਰਨ ਬਹੁਮਤ ਹੈ ਅਤੇ ਗਠਜੋੜ ਪਾਰਟੀਆਂ ਤੇ ਕੁਝ ਹੋਰ ਵਿਧਾਇਕਾਂ ਨੇ ਉਨ੍ਹਾਂ ਨੂੰ ਲਿਖਤੀ ਤੌਰ ’ਤੇ ਹਮਾਇਤ ਦੇਣ ਦਾ ਵਾਅਦਾ ਕੀਤਾ ਹੈ। ਪਿਛਲੀ ਸਰਕਾਰ ’ਚ ਵਿਰੋਧੀ ਧਿਰ ਦੇ ਆਗੂ ਰਹੇ ਰਾਮੇਸ਼ਵਰ ਡੂਡੀ ਨੇ ਰਾਜਭਵਨ ਤੋਂ ਨਿਕਲਦੇ ਸਮੇਂ ਕਿਹਾ ਕਿ ਮੁੱਖ ਮੰਤਰੀ ਦਾ ਨਾਮ ਪਾਰਟੀ ਪ੍ਰਧਾਨ ਵੱਲੋਂ ਕੱਲ ਸ਼ਾਮ ਤਕ ਤੈਅ ਕੀਤਾ ਜਾਵੇਗਾ। ਪ੍ਰਦੇਸ਼ ਸਦਰਮੁਕਾਮ ’ਤੇ ਦਿਨ ਭਰ ਚੱਲੇ ਬੈਠਕਾਂ ਦੇ ਦੌਰ ਮਗਰੋਂ ਕਾਂਗਰਸ ਦੇ ਵਿਧਾਇਕ ਅਤੇ ਸੀਨੀਅਰ ਆਗੂ ਰਾਤ ਕਰੀਬ ਪੌਣੇ ਅੱਠ ਵਜੇ ਰਾਜਭਵਨ ਗਏ ਅਤੇ ਰਾਜਪਾਲ ਕਲਿਆਣ ਸਿੰਘ ਕੋਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਵਫ਼ਦ ’ਚ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਪ੍ਰਦੇਸ਼ ਪ੍ਰਧਾਨ ਸਚਿਨ ਪਾਇਲਟ, ਅਵਿਨਾਸ਼ ਪਾਂਡੇ ਅਤੇ ਦਿੱਲੀ ਤੋਂ ਆਏ ਅਬਜ਼ਰਵਰ ਕੇ ਸੀ ਵੇਣੂਗੋਪਾਲ ਸਮੇਤ ਹੋਰ ਆਗੂ ਸ਼ਾਮਲ ਸਨ। ਵੇਣੂਗੋਪਾਲ ਨੇ ਇਕੱਲੇ ਇਕੱਲੇ ਵਿਧਾਇਕ ਨਾਲ ਗੱਲ ਕਰਕੇ ਉਨ੍ਹਾਂ ਦੀ ਰਾਏ ਪੁੱਛੀ। ਇਸ ਦੌਰਾਨ ਛੱਤੀਸਗੜ੍ਹ ’ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਵਰਕਰਾਂ ਦੀ ਪਸੰਦ ਜਾਣਨ ਲਈ ਰਾਏਸ਼ੁਮਾਰੀ ਕਰਵਾਈ। ਨਵੇਂ ਵਿਧਾਇਕਾਂ ਦੀ ਬੈਠਕ ਤੋਂ ਪਹਿਲਾਂ ਹੀ ਰਾਹੁਲ ਨੇ ਸ਼ਕਤੀ ਐਪ ਰਾਹੀਂ ਸੂਬੇ ਦੇ ਵਰਕਰਾਂ ਤੋਂ ਉਨ੍ਹਾਂ ਦੀ ਪਸੰਦ ਦੇ ਮੁੱਖ ਮੰਤਰੀ ਦਾ ਨਾਮ ਪੁੱਛਿਆ। ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਜਵਾਬ ਨੂੰ ਪੂਰੀ ਤਰ੍ਹਾਂ ਨਾਲ ਗੁਪਤ ਰੱਖਿਆ ਜਾਵੇਗਾ। ਛੱਤੀਸਗੜ੍ਹ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਜਦੋਂ ਮੁੱਖ ਮੰਤਰੀ ਦਾ ਨਾਮ ਤੈਅ ਕਰਨ ਵਾਸਤੇ ਪਾਰਟੀ ਵਰਕਰਾਂ ਦੀ ਰਾਏ ਲਈ ਜਾ ਰਹੀ ਹੈ। ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਟੀ ਐਸ ਸਿੰਘਦੇਵ ਦੇ ਹਮਾਇਤੀਆਂ ਨੇ ਉਨ੍ਹਾਂ ਦੇ ਬੈਨਰ ਸ਼ਹਿਰ ਭਰ ’ਚ ਲਗਾ ਦਿੱਤੇ ਹਨ। ਸਾਬਕਾ ਕੇਂਦਰੀ ਮੰਤਰੀ ਡਾਕਟਰ ਚਰਨਦਾਸ ਮਹੰਤ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਭੂਪੇਸ਼ ਬਘੇਲ ਵੀ ਮੁੱਖ ਮੰਤਰੀ ਅਹੁਦੇ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ।

Facebook Comment
Project by : XtremeStudioz