Close
Menu

ਕੇਂਦਰੀ ’ਵਰਸਿਟੀ ’ਚ ਵਿਦਿਆਰਥੀ ਦੀ ਮੌਤ ਤੋਂ ਹੰਗਾਮਾ

-- 25 April,2018

ਬਠਿੰਡਾ,  25 ਅਪਰੈਲ
ਕੇਂਦਰੀ ਯੂਨੀਵਰਸਿਟੀ ਬਠਿੰਡਾ ’ਚ ਇਕ ਐਵਾਰਡ ਜੇਤੂ ਵਿਦਿਆਰਥੀ ਦੀ ਮੌਤ ਹੋ ਗਈ ਜਿਸ ਤੋਂ ਭੜਕੇ ਵਿਦਿਆਰਥੀਆਂ ਨੇ ਅੱਜ ਬਠਿੰਡਾ-ਮਾਨਸਾ ਕੌਮੀ ਰਾਜ ਮਾਰਗ ਜਾਮ ਕਰ ਦਿੱਤਾ। ਡਿਪਟੀ ਕਮਿਸ਼ਨਰ ਨੇ ਮਾਮਲੇ ਦੀ ਜਾਂਚ ਲਈ ਐਸ.ਡੀ.ਐਮ ਬਠਿੰਡਾ ਦੀ ਅਗਵਾਈ ਹੇਠ ਕਮੇਟੀ ਬਣਾ ਦਿੱਤੀ ਹੈ। ਯੂਨੀਵਰਸਿਟੀ ਨੇ ਐਂਬੂਲੈਂਸ ਦੇ ਡਰਾਈਵਰ ਸੰਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਯੂਨੀਵਰਸਿਟੀ ਦੇ ਰਜਿਸਟਰਾਰ ਨੇ ਅੱਜ ਕੇਂਦਰੀ ਮਾਨਵ ਸਰੋਤ ਮੰਤਰਾਲੇ ਨੂੰ ਇਸ ਘਟਨਾ ਬਾਰੇ ਲਿਖਤੀ ਸੂਚਨਾ ਭੇਜ ਦਿੱਤੀ ਹੈ। ਮ੍ਰਿਤਕ ਵਿਦਿਆਰਥੀ ਸੁਸ਼ਾਂਤ ਸਾਗਰ ਬਿਹਾਰ  (ਨੇੜੇ ਪਟਨਾ) ਦਾ ਵਸਨੀਕ ਹੈ ਜੋ ਕਿ ਐਮਐਸਸੀ (ਬਾਇਓ ਕੈਮਿਸਟਰੀ ਐਂਡ ਮਾਈਕਰੋ ਬਾਇਓਲੋਜੀ) ਭਾਗ ਦੂਜਾ ਦਾ ਵਿਦਿਆਰਥੀ ਸੀ।   ਵੇਰਵਿਆਂ ਅਨੁਸਾਰ ਮ੍ਰਿਤਕ ਵਿਦਿਆਰਥੀ  ਹੋਣਹਾਰ ਵਿਦਿਆਰਥੀ ਸੀ ਜਿਸ ਨੂੰ ਐਤਕੀਂ ਯੂਨੀਵਰਸਿਟੀ ਦੇ ਸਥਾਪਨਾ ਦਿਵਸ ‘ਤੇ ਵਾਈਸ ਚਾਂਸਲਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਕੱਲ੍ਹ ਰਾਤੀਂ ਕਰੀਬ 8.30 ਵਜੇ ਰਾਤੀਂ ਸੁਸ਼ਾਂਤ ਗਰਾਊਂਡ ਵਿੱਚ ਬਾਸਕਟਬਾਲ ਖੇਡ ਰਿਹਾ ਸੀ। ਸੂਤਰ ਦੱਸਦੇ ਹਨ ਕਿ ਉਸ ਤੋਂ ਪਹਿਲਾਂ ਉਹ ਗੰਨੇ ਦਾ ਜੂਸ ਪੀ ਕੇ ਆਇਆ ਸੀ। ਅਚਾਨਕ ਖੇਡਦਿਆਂ ਉਸ ਨੂੰ ਚੱਕਰ ਆਇਆ ਅਤੇ ਉਹ ਮੈਦਾਨ ਵਿੱਚ ਹੀ ਲੇਟ ਗਿਆ। ਉਸ ਮਗਰੋਂ ਉਲਟੀ ਵੀ ਆਈ ਤੇ ਸਾਥੀ ਵਿਦਿਆਰਥੀ ਉਸ ਨੂੰ ਡਿਸਪੈਂਸਰੀ ਲੈ ਆਏ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਜਦੋਂ ਉਹ ਕੈਂਪਸ ਵਿਚਲੀ ਡਿਸਪੈਂਸਰੀ ਗਏ ਤਾਂ ਉੱਥੇ  ਸਥਾਨਕ ਮੈਕਸ ਹਸਪਤਾਲ ਵਿਦਿਆਰਥੀ ਨੂੰ ਲੈ ਕੇ ਜਾਣ ਵਾਸਤੇ ’ਵਰਸਿਟੀ ਦੀ ਐਂਬੂਲੈਂਸ ਦਾ ਡਰਾਈਵਰ ਮੌਜੂਦ ਨਹੀਂ ਸੀ ਅਤੇ ਐਂਬੂਲੈਂਸ ਦੀਆਂ ਚਾਬੀਆਂ ਵੀ ਨਹੀਂ ਲੱਭੀਆਂ। ਹਾਲਾਂਕਿ ਕੁਝ ਹੋਰ ਵਾਹਨ ਖੜ੍ਹੇ ਸਨ ਪ੍ਰੰਤੂ ਕਿਸੇ ਨੇ ਵੀ ਮਦਦ ਨਹੀਂ ਕੀਤੀ। ਵਿਦਿਆਰਥੀ ਆਗੂਆਂ ਨੇ ਮੰਗ ਕੀਤੀ ਕਿ ’ਵਰਸਿਟੀ ਦੇ ਵਾਈਸ ਚਾਂਸਲਰ ਖ਼ਿਲਾਫ਼ ਕਾਰਵਾਈ ਤੋਂ ਇਲਾਵਾ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕੀਤਾ ਜਾਵੇ।  ਵਿਦਿਆਰਥੀ ਆਗੂਆਂ ਨੇ ਕਿਹਾ  ਕਿ ਵਾਈਸ ਚਾਂਸਲਰ ਆਰ ਕੇ ਕੋਹਲੀ ਨੇ ਰੋਸ ਜ਼ਾਹਿਰ ਕਰਨ ਵਾਲੇ ਵਿਦਿਆਰਥੀ ਆਗੂਆਂ ਨੂੰ ਧਮਕੀਆਂ ਵੀ ਦਿੱਤੀਆਂ।
ਮੌਕੇ ’ਤੇ ਪੁਲੀਸ ਪੁੱਜ ਗਈ ਅਤੇ ਐਸ.ਡੀ.ਐਮ. ਬਠਿੰਡਾ ਪੁੱਜ ਗਏ। ਜ਼ਿਲਾ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਲਈ ਕਮੇਟੀ ਬਣਾ ਦਿੱਤੀ ਗਈ ਹੈ ਜਦਕਿ ਵਾਈਸ ਚਾਂਸਲਰ ਕੋਹਲੀ ਨੇ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਲਾਏ ਇਲਜ਼ਾਮ ਬੇਬੁਨਿਆਦ ਹਨ ਅਤੇ ਉਨ੍ਹਾਂ ਡਰਾਈਵਰ ਨੂੰ ਮੁਅੱਤਲ ਕਰ ਦਿੱਤਾ ਹੈ।    ਐਸ.ਡੀ.ਐਮ ਦੀ ਅਗਵਾਈ ਹੇਠ ਬਣੀ ਕਮੇਟੀ ਵਿਚ ਕੇਂਦਰੀ ’ਵਰਸਿਟੀ ਦੇ ਰਜਿਸਟਰਾਰ ਡਾ. ਜਗਦੀਪ ਸਿੰਘ, ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਸਵੀਰ ਸਿੰਘ ਹੁੰਦਲ, ਡੀ.ਐਸ.ਪੀ, ਐਸ.ਐਮ.ਓ, ਇੱਕ ਨਾਮੀ ਐਡਵੋਕੇਟ ਅਤੇ ’ਵਰਸਿਟੀ ਦੇ ਸਕਿਉਰਿਟੀ ਅਫ਼ਸਰ ਨੂੰ ਸ਼ਾਮਿਲ ਕੀਤਾ ਗਿਆ ਹੈ। ਐਸ.ਡੀ.ਐਮ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀ ਦਾ ਸਿਵਲ ਹਸਪਤਾਲ ਵਿਚ ਪੋਸਟ-ਮਾਰਟਮ ਕਰਾਇਆ ਗਿਆ ਹੈ ਅਤੇ ਮ੍ਰਿਤਕ ਦੇਹ ਨੂੰ ਪਟਨਾ ਭੇਜਣ ਲਈ ਏਸੀ ਫਰੀਜ਼ਰ ਵਾਲੀ ਗੱਡੀ ਦਾ ਪ੍ਰਬੰਧ ਕੀਤਾ ਗਿਆ ਹੈ।

Facebook Comment
Project by : XtremeStudioz