Close
Menu

ਕੇਜਰੀਵਾਲ ਕੈਬਨਿਟ ’ਚ ਮਾਮੂਲੀ ਫੇਰਬਦਲ

-- 21 July,2017

ਨਵੀਂ ਦਿੱਲੀ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਮੰਗ ’ਤੇ ਉਨ੍ਹਾਂ ਨੂੰ ਦਿੱਲੀ ਟੂਰਿਜ਼ਮ ਮਹਿਕਮਾ ਦਿੱਤਾ ਗਿਆ ਹੈ ਅਤੇ ਹੋਰ ਕੁਝ ਮਹਿਕਮੇ ਮਈ ਵਿੱਚ ਕੈਬਨਿਟ ਅੰਦਰ ਸ਼ਾਮਲ ਕੀਤੇ ਗਏ ਦੋ ਮੰਤਰੀਆਂ ਨੂੰ ਸ੍ਰੀ ਸਿਸੋਦੀਆ ਤੋਂ ਲੈ ਕੇ ਦਿੱਤੇ ਗਏ ਹਨ। ਇਸ ਫੇਰਬਦਲ ਦਾ ਮੁੱਖ ਮਕਸਦ ਦਿੱਲੀ ਸਰਕਾਰ ਦੀਆਂ ਨੀਤੀਆਂ ਨੂੰ ਪਹਿਲ ਦੇ ਆਧਾਰ ’ਤੇ ਲਾਗੂ ਕਰਨ ਦੱਸਿਆ ਜਾ ਰਿਹਾ ਹੈ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਰਾਜਧਾਨੀ ਬਾਰੇ ਆਪਣੀਆਂ ਯੋਜਨਾਵਾਂ ਵਿੱਚ ਟੂਰਿਜ਼ਮ ਨੂੰ ਉਤਸ਼ਾਹਤ ਕਰ ਕੇ ਮਾਲੀਆ ਇਕੱਠਾ ਕਰਨ ਦੀ ਯੋਜਨਾ ਕੱਢੇ ਗਏ ਮੰਤਰੀ ਕਪਿਲ ਮਿਸ਼ਰਾ ਵੇਲੇ ਹੀ ਐਲਾਨੀ ਗਈ ਸੀ। ਕਪਿਲ ਮਗਰੋਂ ਇਹ ਵਿਭਾਗ ਰਾਜਿੰਦਰ ਕੁਮਾਰ ਗੌਤਮ ਕੋਲ ਚਲਾ ਗਿਆ ਸੀ ਪਰ ਹੁਣ ਇਹ ਵਿਭਾਗ ਸ੍ਰੀ ਸਿਸੋਦੀਆ ਦੇਖਣਗੇ। ਸ੍ਰੀ ਸਿਸੋਦੀਆ ਜੋ ਮਾਲੀਆ ਤੇ ਸਹਿਕਾਰੀ ਸੰਸਥਾਵਾਂ ਦੇ ਪੰਜੀਕਰਨ ਦਾ ਚਾਰਜ ਵੀ ਸਾਂਭ ਰਹੇ ਸਨ, ਤੋਂ ਇਨ੍ਹਾਂ ਵਿੱਚੋਂ ਮਾਲੀਆ ਵਿਭਾਗ ਲੈ ਕੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੌਤ ਨੂੰ ਦਿੱਤਾ ਗਿਆ ਹੈ ਜਦੋਂ ਕਿ ਸਹਿਕਾਰੀ ਸੰਸਥਾਵਾਂ ਨਾਲ ਜੁੜਿਆ ਵਿਭਾਗ ਸ੍ਰੀ ਗੌਤਮ ਨੂੰ ਦਿੱਤਾ ਗਿਆ ਹੈ। ਸ੍ਰੀ ਸਿਸੋਦੀਆ ਆਪਣੇ ਸਿੱਖਿਆ ਸਮੇਤ ਬਾਕੀ ਬਚੇ ਵਿਭਾਗਾਂ ਉਪਰ ਧਿਆਨ ਕੇਂਦਰਤ ਕਰਨਗੇ। ਸੂਤਰਾਂ ਮੁਤਾਬਕ ਦਿੱਲੀ ਸਰਕਾਰ ਦੇ ਮੁੱਖ ਟੀਚਿਆਂ ਵਿੱਚ ਸਿੱਖਿਆ, ਸਿਹਤ ਸੇਵਾਵਾਂ ਤੋਂ ਇਲਾਵਾ ਟੂਰਿਜ਼ਮ ਵੀ ਸ਼ਾਮਲ ਹੈ।
ਦਿੱਲੀ ਦੇਸ਼ ਦੀ ਰਾਜਧਾਨੀ ਹੋਣ ਕਰ ਕੇ ਇੱਥੇ ਲੱਖਾਂ ਸੈਲਾਨੀ ਹਰ ਸਾਲ ਆਉਂਦੇ ਹਨ ਜੋ ਦਿੱਲੀ ਸਰਕਾਰ ਲਈ ਮਾਲੀਆ ਇੱਕਠਾ ਕਰਨ ਦੇ ਅੰਕੜਿਆਂ ਨੂੰ ਵਧਾਉਂਦੇ ਹਨ। ਸ੍ਰੀ ਗਹਿਲੌਤ ਨੂੰ ਪਹਿਲਾਂ ਕਾਨੂੰਨ ਮੰਤਰਾਲਾ, ਸੂਚਨਾ ਤਕਨੀਕ ਤੇ ਪ੍ਰਸ਼ਾਸਨਿਕ ਸੁਧਾਰ ਮਹਿਕਮੇ ਸ੍ਰੀ ਸਿਸੋਦੀਆ ਤੋਂ ਲੈ ਕੇ ਦਿੱਤੇ ਗਏ। ਸਤਿੰਦਰ ਜੈਨ ਦੀ ਜ਼ਿੰਮੇਵਾਰੀ ਘਟਾਉਣ ਲਈ ਉਨ੍ਹਾਂ ਤੋਂ ਟਰਾਂਸਪੋਰਟ ਮਹਿਕਮਾ ਸ੍ਰੀ ਗਹਿਲੌਤ ਨੂੰ ਦਿੱਤਾ ਗਿਆ ਸੀ।

Facebook Comment
Project by : XtremeStudioz