Close
Menu

ਕੇਜਰੀਵਾਲ ਨੇ ਧਰਨਾ ਚੁੱਕਿਆ; ਭਾਜਪਾ ਵੀ ਪਿੱਛੇ ਹਟੀ

-- 20 June,2018

ਨਵੀਂ ਦਿੱਲੀ, 20 ਜੂਨ
ਪਿਛਲੇ 9 ਦਿਨਾਂ ਤੋਂ ਦਿੱਲੀ ਦੇ ਉਪ ਰਾਜਪਾਲ ਦੀ ਸਰਕਾਰੀ ਰਿਹਾਇਸ਼  ਵਿੱਚ ਧਰਨਾ ਦੇ ਰਹੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਗੋਪਾਲ ਰਾਏ ਨੇ ਆਈਏਐੱਸ ਅਧਿਕਾਰੀਆਂ ਵੱਲੋਂ ਦਿੱਲੀ ਸਰਕਾਰ ਦੀਆਂ ਬੈਠਕਾਂ ‘ਵਿੱਚ ਸ਼ਿਰਕਤ ਕਰਨ ਮਗਰੋਂ ਆਪਣਾ ਧਰਨਾ ਚੁੱਕ ਲਿਆ। ਇਸ ਦੇ ਨਾਲ ਹੀ ਪਿਛਲੇ ਹਫ਼ਤੇ ਤੋਂ ਦਿੱਤੇ ਜਾ ਰਹੇ ਧਰਨੇ ਬਾਰੇ ਪਾਈ ਉਸ ਪਟੀਸ਼ਨ ਉੱਤੇ ਵੀ ਸੁਪਰੀਮ ਕੋਰਟ ਨੇ ਜਲਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ ਇਸ ਧਰਨੇ ਨੂੰ ‘ਗ਼ੈਰਸੰਵਿਧਾਨਕ’ ਕਰਾਰ ਦੇਣ ਦੀ ਮੰਗ ਕੀਤੀ ਗਈ ਹੈ। ਧਰਨਾ ਚੁੱਕਣ ਮਗਰੋਂ ਸ੍ਰੀ ਕੇਜਰੀਵਾਲ ਸਿੱਧੇ ਆਪਣੀ ਸਰਕਾਰੀ ਰਿਹਾਇਸ਼ ਪੁੱਜੇ ਜਿੱਥੇ ਉਨ੍ਹਾਂ ਦਾ ਸਵਾਗਤ ਪਾਰਟੀ ਦੇ ਵਿਧਾਇਕਾਂ ਤੇ ਰਾਜ ਸਭਾ ਮੈਂਬਰਾਂ ਵੱਲੋਂ ਕੀਤਾ ਗਿਆ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੀਡੀਆ ਨੂੰ ਦੱਸਿਆ ਕਿ ਸਰਕਾਰ ਵੱਲੋਂ ਅੱਜ ਬੁਲਾਈ ਗਈ ਬੈਠਕ ਵਿੱਚ ਮੁੱਖ ਸਕੱਤਰ ਸਮੇਤ ਸਾਰੇ ਉੱਚ ਅਧਿਕਾਰੀ ਮੌਜੂਦ ਰਹੇ। ਸ੍ਰੀ ਕੇਜਰੀਵਾਲ ਤੇ ਸਾਥੀ ਮੰਤਰੀ ਮਨੀਸ਼ ਸਿਸੋਦੀਆ, ਸਤਿੰਦਰ ਜੈਨ ਤੇ ਗੋਪਾਲ ਰਾਏ ਮੁੱਖ ਤੌਰ ‘ਤੇ ਅਧਿਕਾਰੀਆਂ ਦੀ ਅਣਐਲਾਨੀ ਕਥਿਤ ਹੜਤਾਲ ਕਰਕੇ ਹੀ ਧਰਨੇ ਉਪਰ ਬੈਠੇ ਸਨ ਕਿਉਂਕਿ ਅਧਿਕਾਰੀ ਰੁਟੀਨ ਬੈਠਕਾਂ ਵਿੱਚ ਨਹੀਂ ਸਨ ਜਾਂਦੇ। ਹਾਲਾਂ ਕਿ ਅਧਿਕਾਰੀ ਹੜਤਾਲ     ਉਪਰ ਨਾ ਹੋਣ ’ਤੇ ਨਿਸ਼ਠਾ ਨਾਲ ਕੰਮ ਕਰਨ ਦਾ ਦਾਅਵਾ ਕਰ ਰਹੇ ਸਨ। ਉਧਰ ਸ੍ਰੀ ਕੇਜਰੀਵਾਲ ਦਾ ਧਰਨਾ ਖ਼ਤਮ ਹੁੰਦੇ ਹੀ ਭਾਜਪਾ ਵਿਧਾਇਕਾਂ ਨੇ ਵੀ ਧਰਨਾ ਖ਼ਤਮ ਕਰ ਦਿੱਤਾ। ਵਿਧਾਇਕਾਂ ਨੂੰ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨੇ ਜੂਸ ਪਿਲਾ ਕੇ ਭੁੱਖ ਹੜਤਾਲ ਤੁੜਵਾਈ।
ਇਸ ਦੌਰਾਨ ਹੀ ਸੁਪਰੀਮ ਕੋਰਟ ਦੇ ਜਸਟਿਸ ਐਸਏ ਨਜ਼ੀਰ ਤੇ ਇੰਦੂ ਮਲਹੋਤਰਾ ਵਾਲੇ ਵਕੇਸ਼ਨ ਬੈਂਚ ਨੇ ਕਿਹਾ ਕਿ ਛੁੱਟੀਆਂ ਮਗਰੋਂ ਇਹ ਪਟੀਸ਼ਨ ਸੁਣਵਾਈ ਲਈ ਸੂਚੀਬੱਧ ਕੀਤੀ ਜਾਵੇਗੀ। ਵਕੀਲ ਸ਼ਸ਼ਾਂਕ ਸੁੱਧੀ ਨੇ ਪਟੀਸ਼ਨਕਰਤਾ ਹਰੀਨਾਥ ਰਾਮ ਵੱਲੋਂ ਪੇਸ਼ ਹੋ ਕੇ ਛੇਤੀ ਸੁਣਵਾਈ ਕਰਨ ਦੀ ਮੰਗ ਕੀਤੀ ਕਿ ਦਿੱਲੀ ਵਿੱਚ ਮੁੱਖ ਮੰਤਰੀ ਵੱਲੋਂ ‘ਗ਼ੈਰ-ਸੰਵਿਧਾਨਕ ਤੇ ਗ਼ੈਰ-ਕਾਨੂੰਨੀ ਧਰਨਾ ਰਾਜਨਿਵਾਸ ਵਿਖੇ ਦੇ ਰਾਜਧਾਨੀ ਵਿੱਚ ਸੰਵਿਧਾਨਕ ਸੰਕਟ ਪੈਦਾ ਕਰ ਦਿੱਤਾ ਗਿਆ ਹੈ। ਵਕੀਲ ਨੇ ਅਦਾਲਤ ਨੂੰ ਕਿਹਾ ਕਿ ਹਾਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਕੀਤੀ ਸੀ ਤੇ ਅਗਲੀ ਸੁਣਵਾਈ 22 ਜੂਨ ਉੱਤੇ ਪਾਈ ਹੋਈ ਹੈ ਤੇ ਹਾਈ ਕੋਰਟ ਨੇ ਕੇਜਰੀਵਾਲ ਦੇ ਧਰਨੇ ਬਾਰੇ ਸਵਾਲ ਚੁੱਕੇ ਸਨ। ਪਟੀਸ਼ਨ ਵਿੱਚ ਮੁੱਖ ਮੰਤਰੀ ਜਾਂ ਐਲਜੀ ਦੇ ਦਫ਼ਤਰ ਦੇ ਲੋਕਾਂ ਵਿੱਚੋਂ ਇੱਕ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਜੋ ਇਹ ਕਥਿਤ ਝੂਠ ਬੋਲ ਰਹੇ ਹਨ ਕਿ ਅਧਿਕਾਰੀ ਕੰਮ ਕਰ ਰਹੇ ਹਨ। ਸ੍ਰੀ ਕੇਜਰੀਵਾਲ ਮੁਤਾਬਕ ਅਧਿਕਾਰੀ ਅਣਐਲਾਨੀ ਹੜਤਾਲ ‘ਤੇ ਹਨ ਪਰ ਐਲਜੀ ਦਫ਼ਤਰ ਆਖ ਚੁੱਕਾ ਹੈ ਕਿ ਅਧਿਕਾਰੀ ਨੌਕਰੀ ਉਪਰ ਹਨ।

ਬੈਜਲ ਨੇ ਅਧਿਕਾਰੀਆਂ ਨਾਲ ਮੀਟਿੰਗ ਵਾਸਤੇ ਕੇਜਰੀਵਾਲ ਨੂੰ ਪੱਤਰ ਲਿਖਿਆ

ਨਵੀਂ ਦਿੱਲੀ: ਲੈਫਟੀਨੈੱਟ ਗਵਰਨਰ ਦੇ ਦਫਤਰ ਵਿੱਚੋਂ ਧਰਨਾ ਚੁੱਕਣ ਬਾਅਦ ਅੱਜ ਪਹਿਲੀ ਵਾਰ ਲੈਫਟੀਨੈੱਟ ਗਵਰਨਰ ਅਨਿਲ ਬੈਜਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖਿਆ ਕਿ ਉਹ ਜਲਦੀ ਆਈਏਐਸ ਅਫਸਰਾਂ ਨੂੰ ਮਿਲਣ ਅਤੇ ਗੱਲਬਾਤ ਰਾਹੀਂ ਦੋਵਾਂ ਧਿਰਾਂ ਦੇ ਤੌਖਲਿਆਂ ਨੂੰ ਦੂਰ ਕਰਨ। ਇਸ ਤੋਂ ਪਹਿਲਾਂ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪੱਤਰ ਲਿਖਿਆ ਸੀ, ਜਿਸ ਵਿੱਚ ਉਨ੍ਹਾਂ ਸੁਝਾਅ ਦਿੱਤਾ ਸੀ ਕਿ ਅਧਿਕਾਰੀਆਂ ਤੇ ਸਰਕਾਰ ਵਿਚਾਲੇ ਮੀਟਿੰਗ ਹੋਵੇ।

Facebook Comment
Project by : XtremeStudioz