Close
Menu

ਕੈਲੀਫੋਰਨੀਆ: ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 79

-- 20 November,2018

ਲਾਸ ਏਂਜਲਸ— ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ‘ਚ ਲੱਗੀ ਭਿਆਨਕ ਅੱਗ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 79 ਹੋ ਗਈ ਹੈ ਤੇ ਲਗਭਗ 700 ਹੋਰ ਲੋਕ ਅਜੇ ਲਾਪਤਾ ਹਨ। 

 

ਬੂਟੇ ਕਾਉਂਟੀ ਦੇ ਸ਼ੈਰਿਫ ਕੋਰੀ ਹੋਨੀਆ ਨੇ ਦੱਸਿਆ ਕਿ ਸੋਮਵਾਰ ਨੂੰ ਦੋ ਹੋਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੇ ਜਾਣ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ ਵਧ ਕੇ 79 ਹੋ ਗਈ। ਇਸ ‘ਚ ਇਕ ਲਾਸ਼ ਪੈਰਾਡਾਈਸ ਸ਼ਹਿਰ ‘ਚ ਤੇ ਦੂਜੀ ਮੈਗਾਲੀਆ ਸ਼ਹਿਰ ਨੇੜੇ ਬਰਾਮਦ ਕੀਤੀ ਗਈ। ਮਾਰੇ ਗਏ ਲੋਕਾਂ ‘ਚੋਂ 64 ਦੀ ਪਛਾਣ ਕਰ ਲਈ ਗਈ ਹੈ ਤੇ ਲਾਪਤਾ ਲੋਕਾਂ ਦੀ ਗਿਣਤੀ 294 ਘੱਟ ਕੇ 699 ਰਹਿ ਗਈ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਪੰਜ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ। ਇਨ੍ਹਾਂ ‘ਚੋਂ ਚਾਰ ਲਾਸ਼ਾਂ ਪੈਰਾਡਾਈਸ ਸ਼ਹਿਰ ‘ਚੋਂ ਮਿਲੀਆਂ ਸਨ, ਜੋ ਕਿ ਅੱਗ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਲਾਪਤਾ ਲੋਕਾਂ ‘ਚ ਕਈ ਅਜਿਹੇ ਵੀ ਲੋਕ ਸ਼ਾਮਲ ਹਨ, ਜਿਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਦਾ ਨਾਂ ਲਾਪਤਾ ਲੋਕਾਂ ਦੀ ਸੂਚੀ ‘ਚ ਸ਼ਾਮਲ ਹੈ।

ਕੈਲੀਫੋਰਨੀਆ ਜੰਗਲ ਤੇ ਅੱਗ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਬੂਟੇ ਕਾਉਂਟੀ ‘ਚ 8 ਨਵੰਬਰ ਨੂੰ ਲੱਗੀ ਅੱਗ 1,51,272 ਏਕੜ ਤੱਕ ਫੈਲ ਗਈ ਤੇ ਇਸ ‘ਚ 15 ਹਜ਼ਾਰ ਤੋਂ ਜ਼ਿਆਦਾ ਢਾਂਚੇ ਤਬਾਹ ਹੋ ਗਏ, ਜਿਨ੍ਹਾਂ ‘ਚ 11,713 ਮਕਾਨ, 472 ਵਪਾਰਕ ਬਿਲਡਿੰਗਾਂ ਤੇ 3388 ਹੋਰ ਭਵਨ ਸ਼ਾਮਲ ਸਨ। ਪ੍ਰਸ਼ਾਸਨ ਨੇ ਕੁਝ ਸਥਾਨਾਂ ਤੋਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਜਾਣ ਦੀ ਚਿਤਾਵਨੀ ਹਟਾ ਲਈ ਹੈ ਹਾਲਾਂਕਿ ਲੋਕਾਂ ਨੂੰ ਫਿਲਹਾਲ ਵਾਪਸ ਨਹੀਂ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ ਕਿਉਂਕਿ ਇਨ੍ਹਾਂ ਇਲਾਕਿਆਂ ‘ਚ ਬਿਜਲੀ, ਪਾਣੀ ਤੇ ਫੋਨ ਸੇਵਾਵਾਂ ਬਹਾਲ ਨਹੀਂ ਹੋਈਆਂ ਹਨ।

Facebook Comment
Project by : XtremeStudioz