Close
Menu

ਕ੍ਰੈਮਰ ਨੇ ਓਲੰਪਿਕ ਸੋਨ ਤਗ਼ਮਾ ਜਿੱਤ ਕੇ ਬਣਾਇਆ ਰਿਕਾਰਡ

-- 12 February,2018

ਗਾਂਗਨਿਓਂਗ, ਹਾਲੈਂਡ ਦੇ ਸਪੀਡ ਸਕੇਟਰ ਸਵੈਨ ਕ੍ਰੈਮਰ ਨੇ ਐਤਵਾਰ ਨੂੰ ਲਗਾਤਾਰ ਤੀਜੀਆਂ ਸਰਦ ਰੁੱਤ ਓਲੰਪਿਕ ਖੇਡਾਂ ਵਿੱਚ ਇੱਥੇ 5000 ਮੀਟਰ ਰੇਸ ਵਿੱਚ ਸੋਨ ਤਗ਼ਮੇ ਦੀ ਹੈਟ੍ਰਿਕ ਲਗਾਉਂਦਿਆਂ ਰਿਕਾਰਡ ਬੁੱਕ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਪੁਰਸ਼ਾਂ ਦੇ ਸਪੀਡ ਸਕੇਟਿੰਗ ਦੇ ਇਸ ਮੁਕਾਬਲੇ ਵਿੱਚ ਕ੍ਰੈਮਰ ਨੇ ਓਲੰਪਿਕ ਰਿਕਾਰਡ ਬਣਾਉਂਦਿਆਂ ਛੇ ਮਿੰਟ 09.76 ਸੈਕਿੰਡ ਦਾ ਸਮਾਂ ਲੈ ਕੇ ਓਲੰਪਿਕ ਸੋਨ ਤਗ਼ਮਾ ਆਪਣੇ ਨਾਮ ਕੀਤਾ। ਉਹ ਇੱਕ ਹੀ ਮੁਕਾਬਲੇ ਵਿੱਚ ਲਗਾਤਾਰ ਤਿੰਨ ਓਲੰਪਿਕ ਸੋਨ ਤਗ਼ਮਾ ਜਿੱਤਣ ਵਾਲੇ ਦੁਨੀਆਂ ਦੇ ਪਹਿਲੇ ਅਥਲੀਟ ਬਣ ਗਏ ਹਨ। ਕੈਨੇਡਾ ਦੇ ਟੇਡ ਜਾਨ ਬਲੋਮੈਨ ਨੂੰ ਚਾਂਦੀ ਅਤੇ ਨਾਰਵੇ ਦੇ ਸਵੇਰੇ ਲੁੰਡੇ ਪੇਡਰਸਨ ਨੂੰ ਕਾਂਸੇ ਦਾ ਤਗ਼ਮਾ ਮਿਲਿਆ। ਬਲੋਮੈਨ 5000 ਮੀਟਰ ਵਿੱਚ ਓਲੰਪਿਕ ਤਮਗ਼ਾ ਜਿੱਤਣ ਵਾਲੇ ਸਾਲ 1932 ਤੋਂ ਬਾਅਦ ਕੈਨੇਡਾ ਦੇ ਪਹਿਲੇ ਖਿਡਾਰੀ ਹਨ। ਉਨ੍ਹਾਂ ਤੋਂ ਪਹਿਲਾਂ ਲੇਕ ਪਲੇਸਿਡ ਵਿੱਚ ਵਿਲੀਅਮ ਲੋਗਾਨ ਨੇ ਕਾਂਸੇ ਦਾ ਤਗ਼ਮਾ ਜਿੱਤਿਆ ਸੀ।
31 ਸਾਲਾ ਕ੍ਰੈਮਰ ਨੇ ਸਾਲ 2006 ਤੁਰਿਨ ਓਲੰਪਿਕ ਖੇਡਾਂ ਵਿੱਚ 5000 ਮੀਟਰ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ, ਪਰ ਇਸ ਤੋਂ ਬਾਅਦ ਵੈਨਕੂਵਰ ਅਤੇ ਫਿਰ ਸੋਚੀ ਓਲੰਪਿਕ ਵਿੱਚ ਉਨ੍ਹਾਂ ਨੇ ਇਸੇ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਅਤੇ ਗਾਂਗਨਿਓਂਗ ਵਿੱਚ ਵੀ ਉਨ੍ਹਾਂ ਨੇ ਸੁਨਹਿਰਾ ਤਗ਼ਮੇ ਆਪਣੇ ਨਾਮ ਕਰ ਲਿਆ। ਹਾਲੈਂਡ ਦਾ ਇਹ ਖਿਡਾਰੀ ਇਸ ਦੇ ਨਾਲ ਇੱਕ ਹੀ ਮੁਕਾਬਲੇ ਵਿੱਚ ਚਾਰ ਓਲੰਪਿਕ ਤਗ਼ਮੇ ਜਿੱਤਣ ਵਾਲਾ ਦੁਨੀਆਂ ਦਾ ਦੂਜਾ ਪੁਰਸ਼ ਸਪੀਡ ਸਕੇਟਰ ਵੀ ਬਣ ਗਿਆ ਹੈ। ਦੂਜੇ ਪਾਸੇ 10 ਕਿਲੋਮੀਟਰ ਸਪ੍ਰਿੰਟ ਬਾਇਥਲਾਨ ਵਿੱਚ ਜਰਮਨੀ ਦੇ ਅਰਨਡ ਪੀਫਰ ਨੇ ਫਰਾਂਸ ਦੇ ਮਾਰਟਿਨ ਫੋਰਕਾਡੇ ਨੂੰ ਪਛਾੜ ਕੇ ਸੋਨ ਤਗ਼ਮਾ ਆਪਣੇ ਨਾਮ ਕੀਤਾ।

Facebook Comment
Project by : XtremeStudioz