Close
Menu

ਕ੍ਰੋਏਸ਼ੀਆ ਨੂੰ ਫਤਹਿ ਕਰਨ ਲੲੀ ਅਰਜਨਟੀਨਾ ਨੂੰ ਮੈਸੀ ਤੋਂ ਉਮੀਦ

-- 21 June,2018

ਨਿਝਨੀ ਨੋਵਗੋਰੋਦ,
ਪਿਛਲੇ ਮੈਚ ਦੌਰਾਨ ਡਰਾਅ ਤੋਂ ਪ੍ਰੇਸ਼ਾਨ ਅਰਜਨਟੀਨਾ ਦੀ ਟੀਮ ਆਪਣੇ ਕਪਤਾਨ ਲਾਇਨਲ ਮੈਸੀ ਦੀ ਮਦਦ ਨਾਲ ਵੀਰਵਾਰ ਨੂੰ ਇੱਥੇ ਕ੍ਰੋਏਸ਼ੀਆ ਖ਼ਿਲਾਫ਼ ਵਿਸ਼ਵ ਕੱਪ ਦੇ ਗਰੁੱਪ ‘ਡੀ’ ਦੇ ਅਹਿਮ ਮੁਕਾਬਲੇ ਵਿੱਚ ਜਿੱਤ ਦਰਜ ਕਰਨ ਦਾ ਯਤਨ ਕਰੇਗੀ। ਮੈਸੀ ਦੀ ਸ਼ੁਰੂਆਤ ਹਾਲਾਂਕਿ ਵਿਸ਼ਵ ਕੱਪ ਵਿੱਚ ਚੰਗੀ ਨਹੀਂ ਰਹੀ। ਉਹ ਪੈਨਲਟੀ ’ਤੇ ਗੋਲ ਕਰਨ ਤੋਂ ਖੁੰਝ ਗਿਆ ਸੀ, ਜਿਸ ਕਾਰਨ ਅਰਜਨਟੀਨਾ ਨੇ ਆਈਸਲੈਂਡ ਨਾਲ 1-1 ਗੋਲ ਨਾਲ ਡਰਾਅ ਖੇਡਿਆ।
ਅਜਿਹੇ ਪ੍ਰਦਰਸ਼ਨ ਕਾਰਨ ਅਰਜਨਟੀਨਾ ਦੇ ਇਸ ਵਿਸ਼ਵ ਕੱਪ ਦੌਰਾਨ ਚੁਣੌਤੀ ਪੇਸ਼ ਕਰਨ ਦੀ ਕਾਬਲੀਅਤ ’ਤੇ ਵੀ ਸਵਾਲ ਖਡ਼੍ਹਾ ਹੋ ਗਿਆ, ਜਦਕਿ ਚਾਰ ਸਾਲ ਪਹਿਲਾਂ ਬਰਾਜ਼ੀਲ ਵਿੱਚ ਉਹ ਫਾਈਨਲ ਵਿੱਚ ਪਹੁੰਚੀ ਸੀ। ਜੇਕਰ ਟੀਮ ਹਾਰ ਜਾਂਦੀ ਹੈ ਤਾਂ ਉਹ 2002 ਵਿਸ਼ਵ ਕੱਪ ਵਾਂਗ ਗਰੁੱਪ ਗੇਡ਼ ਤੋਂ ਹੀ ਬਾਹਰ ਹੋ ਸਕਦੀ ਹੈ। ਮਹਾਨ ਖਿਡਾਰੀ ਡਿਆਗੋ ਮੈਰਾਡੋਨਾ ਨੇ ਆਈਸਲੈਂਡ ਦੇ ਨਤੀਜੇ ਨੂੰ ‘ਨਮੋਸ਼ੀਜਨਕ’ ਦੱਸਿਆ ਸੀ ਅਤੇ ਕੋਚ ਜੋਰਗੇ ਸੈਮ ਪਾਓਲੀ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਇਸ ਤਰ੍ਹਾਂ ਦੇ ਪ੍ਰਦਰਸ਼ਨ ਨਾਲ ਅਰਜਨਟੀਨਾ ਨੂੰ ਵਾਪਸੀ ਨਹੀਂ ਦਿਵਾ ਪਾਵੇਗਾ। ਬਾਰਸੀਲੋਨਾ ਦਾ ਫਾਰਵਰਡ ਮੈਸੀ ਵੀ ਪਿਛਲੇ ਮੈਚ ਵਿੱਚ ਮਹੱਤਵਪੂਰਨ ਪੈਨਲਟੀ ਤੋਂ ਖੁੰਝਣ ਮਗਰੋਂ ਹਰ ਹਾਲ ਵਿੱਚ ਆਪਣੀ ਗ਼ਲਤੀ ਸੁਧਾਰਨ ਦੀ ਕੋਸ਼ਿਸ਼ ਕਰੇਗਾ, ਜਿਸ ਕਾਰਨ ਉਸ ਨੂੰ ਆਲੋਚਨਾ ਝੱਲਣੀ ਪੈ ਰਹੀ ਹੈ। ਆਪਣੇ ਕਰੀਅਰ ਦਾ ਸ਼ਾਇਦ ਆਖ਼ਰੀ ਟੂਰਨਾਮੈਂਟ ਖੇਡ ਰਹੇ ਮੈਸੀ ਸਪੈਨਿਸ਼ ਕਲੱਬ ਦਾ ਸਭ ਤੋਂ ਸਫਲ ਖਿਡਾਰੀ ਹੈ, ਪਰ ਆਪਣੀ ਕੌਮੀ ਟੀਮ ਨੂੰ ਆਪਣੇ ਦਮ ’ਤੇ ਵੱਡਾ ਖ਼ਿਤਾਬ ਨਹੀਂ ਦਿਵਾ ਸਕਿਆ। 2014 ਦੇ ਵਿਸ਼ਵ ਕੱਪ ਦੌਰਾਨ ਜਰਮਨੀ ਖ਼ਿਲਾਫ਼ ਅਰਜਨਟੀਨਾ ਨੂੰ ਫਾਈਨਲ ਵਿੱਚ ਹਾਰ ਮਗਰੋਂ ਹੁਣ ਮੈਸੀ ’ਤੇ ਟੀਮ ਨੂੰ ਰੂਸ ਵਿੱਚ ਖ਼ਿਤਾਬ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਹੈ।
ਦੂਜੇ ਪਾਸੇ, ਕ੍ਰੋਏਸ਼ੀਆ ਪਿਛਲੀ ਜਿੱਤ ਤੋਂ ਉਤਸ਼ਾਹਿਤ ਹੈ ਅਤੇ ਉਸ ਦੇ ਕੋਚ ਜ਼ਲਾਟਕੋ ਡੇਲਿਸ ਆਪਣੀ ਟੀਮ ਦੇ ਮਿਡਫੀਲਡਰ ਇਵਾਨ ਰਾਕਿਤਿਕ ਦੀ ਮਦਦ ਨਾਲ ਮੈਸੀ ਨੂੰ ਰੋਕਣ ਲਈ ਹਰ ਸੰਭਵ ਰਣਨੀਤੀ ਬਣਾ ਰਿਹਾ ਹੈ, ਜੋ ਬਾਰਸੀਲੋਨਾ ਵਿੱਚ ਉਸ ਦਾ ਟੀਮ ਸਾਥੀ ਹੈ। ਇਸ ਤੋਂ ਪਹਿਲਾਂ ਵਿਸ਼ਵ ਕੱਪ ਵਿੱਚ ਦੋਵੇਂ ਟੀਮਾਂ ਇੱਕ ਵਾਰ 1998 ਵਿੱਚ ਭਿਡ਼ੀਆਂ ਸਨ, ਜਿਸ ਵਿੱਚ ਅਰਜਨਟੀਨਾ ਨੇ 1-0 ਨਾਲ ਜਿੱਤ ਦਰਜ ਕੀਤੀ ਸੀ ਅਤੇ ਟੀਮ ਨੇ ਗੋਲਡਨ ਬੂਟ ਜੇਤੂ ਡੇਵਰ ਸੂਕਰ ਨੂੰ ਸਕੋਰ ਕਰਨ ਤੋਂ ਰੋਕ ਦਿੱਤਾ ਸੀ। 

Facebook Comment
Project by : XtremeStudioz