Close
Menu

ਖਿਡਾਰੀਆਂ ਨੂੰ ‘ਡੀ’ ਅੰਦਰ ਠਰ੍ਹੰਮੇ ਦੀ ਲੋੜ: ਟਰਨਰ

-- 11 December,2018

ਭੁਬਨੇਸ਼ਵਰ, 11 ਦਸੰਬਰ
ਅਸਟਰੇਲੀਆ ਦੇ ਸਾਬਕਾ ਹਾਕੀ ਖਿਡਾਰੀ ਗਲੈਨ ਟਰਨਰ ਨੇ ਕਲਿੰਗਾ ਸਟੇਡੀਅਮ ਵਿੱਚ ਗੱਲਬਾਤ ਦੌਰਾਨ ਦੱਸਿਆ ਕਿ ਹਰੇਕ ਖਿਡਾਰੀ ਦੀ ਖੇਡ ਸ਼ੈਲੀ ਉਸ ਦੀ ਖੁਰਾਕ ਅਤੇ ਖੇਡ ਮੈਦਾਨ ਤੋਂ ਬਾਹਰ ਦੀ ਜੀਵਨ ਸ਼ੈਲੀ ਉੱਤੇ ਕਾਫੀ ਨਿਰਭਰ ਕਰਦੀ ਹੈ।
ਟਰਨਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਖਿਡਾਰੀਆਂ ਨੂੰ ਖੇਡ ਮੈਦਾਨ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਆਦਤਾਂ ਸੁਧਾਰਨੀਆਂ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿੱਚ ਜਿਸ ਤਰ੍ਹਾਂ ਹਾਕੀ ਕਾਫੀ ਬਦਲ ਰਹੀ ਹੈ ਉਸ ਵਿੱਚ ਖਿਡਾਰੀਆਂ ਨੂੰ ਚੁਸਤੀ ਦੇ ਨਾਲ-ਨਾਲ ‘ਡੀ’ ਅੰਦਰ ਠਰੰਮੇ ਦੀ ਬਹੁਤ ਲੋੜ ਹੈ।
ਆਸਟਰੇਲੀਆ ਵੱਲੋਂ ਦੋ ਵਿਸ਼ਵ ਕੱਪ (2010 ਅਤੇ 2014) ਅਤੇ ਇੱਕ ਓਲੰਪਿਕ (2012) ਖੇਡ ਚੁੱਕਿਆ ਟਰਨਰ ਅੱਜ-ਕੱਲ੍ਹ ਭਾਰਤ ਦੌਰੇ ’ਤੇ ਹੈ। ਇਸ ਦੌਰਾਨ ਉਸ ਨੇ ਬੰਗਲੌਰ ਵਿੱਚ ਭਾਰਤੀ ਮਹਿਲਾ ਟੀਮ ਦੇ ਕੈਂਪ ਦੌਰਾਨ ਖਿਡਾਰਨਾਂ ਨੂੰ ਖੇਡ ਦੇ ਗੁਰ ਸਿਖਾਏ ਤੇ ਹੁਣ ਉਹ ਵਿਸ਼ਵ ਕੱਪ ਦੇ ਮੈਚ ਦੇਖਣ ਲਈ ਭੁਬਨੇਸ਼ਵਰ ਪੁੱਜਿਆ ਹੈ। ਮੌਜੂਦਾ ਭਾਰਤੀ ਪੁਰਸ਼ ਟੀਮ ਬਾਰੇ ਟਰਨਰ ਨੇ ਕਿਹਾ ਕਿ ਉਸ ਨੂੰ ਲੰਬਾ ਸਮਾਂ ਭਾਰਤ ਵਿੱਰੁਧ ਖੇਡਣ ਦਾ ਮੌਕਾ ਮਿਲਿ਼ਆ ਪਰ ਭੁਬਨੇਸ਼ਵਰ ਦੇ ਵਿਸ਼ਵ ਕੱਪ ਵਿੱਚ ਖੇਡ ਰਹੀ ਭਾਰਤੀ ਟੀਮ ਪਹਿਲੀਆਂ ਟੀਮਾਂ ਨਾਲੋਂ ਕਈ ਪੱਖਾਂ ਤੋਂ ਬਿਹਤਰ ਜਾਪਦੀ ਹੈ।
ਉਸ ਨੇ ਇਸ ਗੱਲ ’ਤੇ ਖੁਸ਼ੀ ਪ੍ਰਗਟਾਈ ਕਿ ਭਾਰਤੀ ਟੀਮ ਨੇ ਸਮੇਂ ਅਨੁਸਾਰ ਖੇਡ ਸ਼ੈਲੀ ਵਿੱਚ ਕਾਫੀ ਬਦਲਾਅ ਲਿਆਂਦਾ ਹੈ ਜਿਸ ਕਰ ਕੇ ਟੀਮ ਹੁਣ ਤੱਕ ਵਧੀਆ ਕਾਰਗੁਜ਼ਾਰੀ ਦਿਖਾ ਰਹੀ ਹੈ।
ਦੋ ਏਸ਼ਿਆਈ ਟੀਮਾਂ ਪਾਕਿਸਤਾਨ ਅਤੇ ਮਲੇਸ਼ੀਆ ਦੀ ਵਿਸ਼ਵ ਕੱਪ ਵਿੱਚ ਕਾਰਗੁਜ਼ਾਰੀ ਬਾਰੇ ਟਰਨਰ ਨੇ ਦੱਸਿਆ ਕਿ ਇਹ ਦੋਵੇਂ ਟੀਮਾਂ ਮੈਚ ਦੇ ਪਹਿਲੇ ਦੇ ਕੁਆਰਟਰ ਡੱਟ ਕੇ ਖੇਡਦੀਆਂ ਹਨ ਪਰ ਬਾਅਦ ਵਿੱਚ ਫਿੱਟਨੈੱਸ ਪੱਖੋਂ ਮਾਰ ਖਾ ਕੇ ਗੋਲ ਖਾ ਜਾਂਦੀਆਂ ਹਨ।
ਮੌਜੂਦਾ ਵਿਸ਼ਵ ਕੱਪ ਵਿੱਚ ਸੰਭਾਵੀ ਜੇਤੂ ਬਾਰੇ ਉਸ ਨੇ ਕਿਹਾ ਕਿ ਹੁਣ ਤੱਕ ਜਿਸ ਤਰ੍ਹਾਂ ਨਾਲ ਆਸਟਰੇਲੀਆ ਦੀ ਟੀਮ ਖੇਡ ਰਹੀ ਹੈ ਉਸ ਤੋਂ ਆਸ ਹੈ ਕਿ ਟੀਮ ਇਸ ਵਾਰ ਖਿਤਾਬੀ ਹੈਟ੍ਰਿਕ ਮਾਰੇਗੀ ਪਰ ਨਾਲ ਹੀ ਉਸ ਨੇ ਸੁਚੇਤ ਵੀ ਕੀਤਾ ਕਿ ਜਿਸ ਤਰ੍ਹਾਂ ਗੈਰ ਤਜ਼ਰਬੇਕਾਰ ਟੀਮਾਂ ਵਿਸ਼ਵ ਕੱਪ ਵਿੱਚ ਉਲਟਫੇਰ ਕਰ ਰਹੀਆਂ ਹਨ ਉਸ ਨਾਲ ਨਤੀਜੇ ਉਮੀਦ ਤੋਂ ਉਲਟ ਵੀ ਆ ਸਕਦੇ ਹਨ।

Facebook Comment
Project by : XtremeStudioz