Close
Menu

ਖੂੰਡੀ ਵਾਲੀ ਦਾਦੀ

-- 15 October,2015

ਜਿਉਂ ਹੀ ਜਸ਼ਨ ਵਿਹੜੇ ਵਿੱਚ ਭੱਜਣ-ਦੌੜਨ ਲੱਗਿਆ, ਉਹ ਆਪਣੀ ਦਾਦੀ ਦੀ ਖੂੰਡੀ ਚੁੱਕ ਕੇ ਦੂਰ ਦੌੜ ਜਾਂਦਾ ਅਤੇ ਧਰਤੀ ’ਤੇ ਜ਼ੋਰ-ਜ਼ੋਰ ਦੀ ਮਾਰ ਕੇ ਹੱਸਦਾ। ਦਾਦੀ ਬਥੇਰਾ ਪੁਚਕਾਰ ਕੇ ਬੁਲਾਉਂਦੀ,‘‘ਲਿਆ ਮੇਰਿਆ ਮਿੱਠਿਆ ਮਖਾਣਿਆ, ਲਿਆ ਦੇ ਮੈਨੂੰ ਖੂੰਡੀ।’’
‘‘ਮੈਂ ਨ੍ਹੀਂ … ਮੈਂ ਨ੍ਹੀਂ …।’’
ਜਸ਼ਨ ਲਾਚੜਿਆ ਨਾਂਹ ਵਿੱਚ ਸਿਰ ਹਿਲਾਉਂਦਾ ਤੇ ਹੋਰ ਜ਼ੋਰ-ਜ਼ੋਰ ਦੀ ਧਰਤੀ ’ਤੇ ਖੂੰਡੀ ਖੜਕਾਉਂਦਾ ਕਹਿੰਦਾ।
‘‘ਸ਼ੁਕਰ ਐ ਸੱਚੇ ਪਾਤਸ਼ਾਹ ਦਾ। ਹੁਣ ਤਾਂ ਸਾਡਾ ਤੋਤਾ ਵੀ ਬੋਲਣ ਲੱਗਿਐ। ਤੇਰੇ ਬਾਬੇ ਨੂੰ ਕਹੂੰ, ਤੈਨੂੰ ਸਕੂਲ ਛੱਡ ਕੇ ਆਇਆ ਕਰੇ।’’
ਗੁਰਤੇਜ ਤੇ ਰਾਣੇ ਆਪਣੇ ਪੁੱਤ ਦੇ ਚੋਜ ਦੇਖ-ਦੇਖ ਕੇ ਮੁਸਕੜੀਆਂ ਹੱਸਦੇ। ਹੁਣ ਜਸ਼ਨ ਦੀ ਦਾਦੀ ਦੇ ਹੁਕਮ ਦੀ ਪਾਲਣਾ ਹੋਣ ਲੱਗੀ। ਗੁਰਤੇਜ ਪੜ੍ਹ-ਲਿਖ ਕੇ ਬੇਰੁਜ਼ਗਾਰ ਹੋਣ ਕਾਰਨ ਆਪਣੇ ਬਾਪੂ ਨਾਲ ਖੇਤੀ ਵਿੱਚ ਹੱਥ ਵਟਾਉਂਦਾ। ਨੌਕਰੀ ਲਈ ਵੀ ਹਿੰਮਤ ਤੇ ਸੰਘਰਸ਼ ਜਾਰੀ ਸੀ। ਆਖਰ ਚੋਖਾ ਚਿਰ ਪਹਿਲਾਂ ਭੇਜੀ ਅਰਜ਼ੀ ਨੂੰ ਰੰਗ ਚੜ੍ਹਿਆ। ਗੁਰਤੇਜ ਦੀ ਪਿੰਡੋਂ ਦੂਰ-ਦੁਰਾਡੇ ਇੱਕ ਵੱਡੇ ਸ਼ਹਿਰ ਵਿੱਚ ਸਰਕਾਰੀ ਨੌਕਰੀ ਲੱਗ ਗਈ। ਉਸ ਨੇ ਰਾਣੋ ਤੇ ਜਸ਼ਨ ਸਮੇਤ ਉੱਥੇ ਹੀ ਸ਼ਹਿਰ ਵਿੱਚ ਪੱਕਾ ਡੇਰਾ ਜਮਾ ਲਿਆ।
ਜਸ਼ਨ ਨੂੰ ਸ਼ਹਿਰ ਦੇ ਚੰਗੇ ਸਕੂਲ ਵਿੱਚ ਜਾ ਦਾਖਲ ਕਰਵਾਇਆ। ਜਿਉਂ-ਜਿਉਂ ਜਸ਼ਨ ਵੱਡੀਆਂ ਜਮਾਤਾਂ ਚੜ੍ਹਦਾ ਗਿਆ, ਉਸ ’ਤੇ ਵੀ ਆਪਣੇ ਹਮਜਮਾਤੀਆਂ ਦੀ ਬੋਲ-ਚਾਲ, ਰਹਿਣੀ-ਬਹਿਣੀ ਦਾ ਰੰਗ ਚੜ੍ਹਦਾ ਗਿਆ। ਜਿਵੇਂ ਉਸ ਦੇ ਸਾਥੀ ਹਰੇਕ ਨਿੱਕੇ-ਵੱਡੇ ਨੂੰ ਯਾਰ ਕਹਿ ਕੇ ਸੰਬੋਧਤ ਹੁੰਦੇ, ਜਸ਼ਨ ਵੀ ਉਹੀ ‘ਯਾਰ’ ਸ਼ਬਦ ਹਰੇਕ ਗੱਲ ਨਾਲ ਜੋੜਨ ਲੱਗਿਆ। ਆਪਣੇ ਡੈਡੀ ਨੂੰ ਡੈਡ ਤੇ ਮੰਮੀ ਨੂੰ ਮੰਮ ਕਹਿ ਕੇ ਬੁਲਾਉਣ ਲੱਗਿਆ। ਗੁਰਤੇਜ ਦਫ਼ਤਰ ਵਿੱਚ ਅਤੇ ਰਾਣੋ ਗਲੀ-ਮੁਹੱਲੇ ਦੀਆਂ ਔਰਤਾਂ ਨਾਲ ਗੱਲਬਾਤ ਦੌਰਾਨ ਅਕਸਰ ‘ਯਾਰ’ ਸ਼ਬਦ ਦੀ ਸਹਿਜ ਸੁਭਾਅ ਵਰਤੋਂ ਕਰਦੇ। ਇਸ ਤਰ੍ਹਾਂ ਨਿੱਕੇ-ਵੱਡੇ ਦੀ ਪਛਾਣ ’ਤੇ ਪੋਚਾ ਫਿਰ ਗਿਆ। ਜਸ਼ਨ ਆਪਣੇ ਡੈਡ ਨੂੰ ਘਰੇ ਮੁਖ਼ਾਤਿਬ ਹੁੰਦਾ,‘‘ਡੈਡ ਯਾਰ, ਹਮਾਰੀ ਪਾਕਟ ਖਾਲੀ ਹੈ… ਕੁਛ ਦੇ ਦੋ… ਹਮ ਨੇ ਸਕੂਲ ਜਾਣਾ ਹੈ।’’
¨…ਤੇ ਆਪਣੀ ਮੰਮ ਨੂੰ ਕਹਿੰਦਾ, ‘‘ਮੰਮ ਯਾਰ, ਹਮਾਰਾ ਨਾਸ਼ਤਾ ਬਣ ਗਯਾ ਯਾ ਨਹੀਂ? ਹਮ ਸਕੂਲ ਸੇ ਲੇਟ ਹੋ ਰਹੇ ਹੈਂ।’’
… ਤੇ ਕਦੇ ਰਾਣੋ ਗੁਰਤੇਜ ਨੂੰ ਕਹਿੰਦੀ, ‘‘ਯਾਰ, ਆਪ ਨੇ ਕਬ ਲੰਚ ਕਰਨੇ ਆਨਾ ਹੈ? ਅਬ ਤੋਂ ਤੀਨ ਵਜਨੇ ਵਾਲੇ ਹੈਂ।’’
ਗੁਰਤੇਜ ਵੀ ਜਵਾਬ ਦਿੰਦਾ ਮਿੰਟ ਨਾ ਲਾਉਂਦਾ,‘‘ਯਾਰ, ਆਜ ਮੁਝੇ ਕਾਮ ਸੇ ਫੁਰਸਤ ਨਹੀਂ, ਤੁਮ ਜਸ਼ਨ ਕੇ ਸਾਥ ਲੰਚ ਕਰ ਲੇਨਾ।’’
ਉਹ ਰੋਜ਼ਮੱਰਾ ਬੋਲੀ ਵਿੱਚ ‘ਯਾਰ’ ਸ਼ਬਦ ਦੀ ਵਰਤੋਂ ਕਰਨ ਤੋਂ ਗੁਰੇਜ਼ ਨਾ ਕਰਦੇ। ਇਹ ਜਾਣਦੇ ਹੋਏ ਵੀ ਕਿ ਔਰਤ ਦੇ ਪਤੀ ਨੂੰ ਸਤਿਕਾਰਤ ਨਜ਼ਰਾਂ ਨਾਲ ਅਤੇ ਔਰਤ ਦੇ ਯਾਰ ਨੂੰ ਨਿਰਾਦਰ ਭਾਵ ਮਸ਼ਾਲ ਵਾਂਗੰੂ ਬਲਦੀਆਂ ਅੱਖਾਂ ਨਾਲ ਵੇਖਿਆ ਜਾਂਦਾ ਹੈ ਪਰ ਉਹ ਪਿੰਡੋਂ ਸ਼ਹਿਰ ਆ ਕੇ ਪੱਛਮੀ ਸੱਭਿਅਤਾ ਦੀ ਬੁੱਕਲ ਵਿੱਚ ਸਿਮਟ ਗਏ ਅਤੇ ਆਪਣੀ ਮਾਂ ਬੋਲੀ ਨੂੰ ਜ਼ਬਾਨੋਂ ਖੁਰਚ ਕੇ ਲਾਹ ਸੁੱਟਿਆ।
ਇੱਕ ਦਿਨ ਦੀਵਿਆਂ ਵੇਲੇ ਗੁਰਤੇਜ ਨੂੰ ਜਸ਼ਨ ਦੇ ਚਾਚੇ ਦੇ ਵਿਆਹ ਦੀ ਖ਼ਬਰ ਮਿਲੀ। ਜਸ਼ਨ ਸੁਣ ਕੇ ਨੱਚਣ-ਟੱਪਣ ਤੇ ਗਾਉਣ ਲੱਗਿਆ:
ਚਾਚੂ ਕੀ ਸ਼ਾਦੀ ਮੇਂ ਜਾਏਂਗੇ,
ਖ਼ੂਬ ਭੰਗੜਾ ਪਾਏਂਗੇ,
ਖੂਬ ਮਿਠਾਈ ਖਾਏਂਗੇ,
ਚਾਚੀ ਨਈਂ ਲਾਏਂਗੇ।
ਗੁਰਤੇਜ ਤੇ ਰਾਣੋ ਜਸ਼ਨ ਨੂੰ ਖ਼ਰਮਸਤੀਆਂ ਕਰਦਿਆਂ ਦੇਖ ਕੇ ਖ਼ੁਸ਼ੀ ਵਿੱਚ ਖੀਵੇ ਹੋ ਰਹੇ ਸੀ। ਸਮੇਂ ’ਤੇ ਗੁਰਤੇਜ ਵੀ ਆਪਣੇ ਪਰਿਵਾਰ ਸਮੇਤ ਪਿੰਡ ਵਿਆਹ ਵਿੱਚ ਜਾ ਹਾਜ਼ਰ ਹੋਇਆ। ਜਸ਼ਨ ਆਪਣੀ ਮਾਤ ਭਾਸ਼ਾ ਨੂੰ ਅਲਵਿਦਾ ਕਹਿ ਚੁੱਕਿਆ ਸੀ। ਹਿੰਦੀ ਭਾਸ਼ਾ ਉਸ ਦੀ ਜ਼ਬਾਨ ’ਤੇ ਚੜ੍ਹ ਗਈ ਸੀ ਕਿਉਂਕਿ ਉਨ੍ਹਾਂ ਨੂੰ ਸਕੂਲ ਵਿੱਚ ਹਰ ਵਿਸ਼ਾ ਹਿੰਦੀ ਮਾਧਿਅਮ ਰਾਹੀਂ ਪੜ੍ਹਾਇਆ ਜਾਂਦਾ ਸੀ। ਜਸ਼ਨ ਆਪਣੀ ਦਾਦੀ ਦੇ ਨੇੜੇ ਢੱੁਕ-ਢੱੁਕ ਬਹਿੰਦਾ। ਰਾਣੋ ਵੀ ਕੰਮਕਾਜ ਤੋਂ ਵਿਹਲੀ ਹੋ ਕੇ ਆਪਣੀ ਸੱਸ ਕੋਲ ਆ ਬੈਠੀ। ਨੂੰਹ-ਸੱਸ ਵਿਆਹ ਤੇ ਹੋਰ ਸੁੱਖ-ਦੁੱਖ ਦੀਆਂ ਗੱਲਾਂ ਕਰ ਰਹੀਆਂ ਸਨ ਕਿ ਐਨੇ ਨੂੰ ਗੁਰਤੇਜ ਨੇ ਬਾਹਰੋਂ ਘੁੰਮ ਕੇ ਆ ਕੇ ਰਾਣੇ ਨੂੰ ਕਿਹਾ,‘‘ਰਾਣੋ ਯਾਰ, ਚਾਏ ਤੋਂ ਪਿਲਾਦੋ। ਆਖੇਂ ਬੰਦ ਹੋ ਰਹੀ ਹੈਂ।’’
ਰਾਣੋ ਨੇ ਵੀ ਮਜ਼ਾਕੀਆ ਲਹਿਜ਼ੇ ਵਿੱਚ ਜਵਾਬ ਦਿੱਤਾ,‘‘ਯਾਰ ਛੋਡੋ, ਚਾਏ ਕਾ ਕਿਆ ਪੀਣਾ?’’
ਦੋਵਾਂ ਦੇ ਮੂੰਹੋਂ ਯਾਰ ਸ਼ਬਦ ਸੁਣ ਕੇ ਗੁਰਮੁਖੀ ਜਾਣਦੀ ਬੇਬੇ ਨੇ ਤਾੜ ਦੇਣੇ ਖੂੰਡੀ ਗੁਰਤੇਜ ਦੇ ਗਿੱਟਿਆਂ ’ਤੇ ਠੋਕੀ ਤੇ ਬੋਲੀ,‘‘ਸ਼ਹਿਰ ਜਾ ਕੇ ਇਹ ਕੀ ਹੋ ਗਿਆ ਥੋਡੀ ਮੱਤ ਨੂੰ? ਘਰੋਂ ਬਾਹਰ ਪੈਰ ਕੱਢ ਕੇ ਇਹੋ ਤਾਲੀਮ ਸਿੱਖੀ ਏ ਤੁਸੀਂ? ਪਿੰਡ ਰਹਿੰਦੀ ਤਾਂ ਰਾਣੋ ਤੈਨੂੰ ਜੀ-ਜੀ ਕਹਿੰਦੀ ਨਹੀਂ ਸੀ ਥੱਕਦੀ ਪਰ ਅੱਜ ਤਾਂ ਤੁਸੀਂ ਮੇਰੇ ਸਾਹਮਣੇ ਇੱਕ-ਦੂਜੇ ਨੂੰ ਯਾਰ ਕਹਿ ਕੇ ਮੇਰਾ ਕਾਲਜਾ ਭੁੰਨਤਾ। ਤੈਨੂੰ ਇਹ ਨਈਂ ਪਤਾ ਕਿ ਅਸੀਂ ਪਿੰਡੋਂ ਬਾਰਾਤ ਲਿਜਾ ਕੇ ਕਿੰਨੇ ਸ਼ਗਨਾਂ ਨਾਲ ਰਾਣੋ ਨੂੰ ਵਿਆਹ ਕੇ ਲਿਆਏ ਸੀ। ਰਾਣੋ ਦੇ ਮਾਪਿਆਂ ਨੇ ਤੈਨੂੰ ਇਹਦਾ ਪਤੀ ਸਵੀਕਾਰ ਕਰ ਕੇ ਤੇਰੀ ਪਤਨੀ ਬਣਾ ਕੇ ਤੇਰੇ ਨਾਲ ਤੋਰੀ ਸੀ, ਯਾਰ ਕਰਕੇ ਨਈਂ। ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ ਵਿੱਚ ਕਾਂਜੀ ਨਾ ਘੋਲੋ। ਆਪਣੀ ਮਾਂ-ਬੋਲੀ ਦੇ ਸ਼ਬਦਾਂ ਦੀ ਦੁਰਵਰਤੋਂ ਨਾ ਕਰੋ। ਤੂੰ ਮੈਨੂੰ ਇਹ ਦੱਸ ਯਾਰ ਕੌਣ ਹੁੰਦੈ?’’
ਗੁਰਤੇਜ ਚੁੱਪ ਸੀ।
ਜਦੋਂ ਬੇਬੇ ਨੇ ਗੁਰਤੇਜ ਦੇ ਗਿੱਟਿਆਂ ’ਤੇ ਖੂੰਡੀ ਜੜੀ ਤਾਂ ਜਸ਼ਨ ਡਰਦਾ ਰਾਣੋ ਦੀ ਬੁੱਕਲ ਵਿੱਚ ਵੜਦਾ ਬੋਲਿਆ,‘‘ਮੰਮ, ਚਲੋ ਆਪਣੇ ਘਰ ਚਲਤੇ ਹੈਂ। ਯਹਾਂ ਤੋਂ ਖੂੰਡੀ ਵਾਲੀ ਦਾਦੀ ਪੀਟਤੀ ਹੈ।’’
‘‘ਬੇਟਾ, ਤੁਮਹਾਰੀ ਦਾਦੀ ਵੀ ਤੁਮਹਾਰੇ ਡੈਡ ਕੀ ਮੰਮੀ ਹੈ। ਇਸੀ ਲੀਏ ਤੋਂ ਤੁਮਾਹਰੇ ਡੈਡ ਕੋ ਗ਼ਲਤੀ ਕਰਨੇ ਪਰ ਪੀਟਤੀ ਹੈ।’’
‘‘ਮੇਰਾ ਡੈਡ ਕਿਆ ਕੋਈ ਬੱਚਾ ਹੈ? ਬੱਚੋਂ ਕੋ ਪੀਟਾ ਜਾਤੈ ਬੜੋਂ ਕੋ ਨਈਂ।’’
‘‘ਬੇਟਾ ਜੋ ਗ਼ਲਤੀ ਕਰੇਗਾ, ਉਸ ਕੋ ਤੋਂ ਸਜ਼ਾ ਜ਼ਰੂਰੀ ਮਿਲੇਗੀ। ਵੋ ਚਾਹੇ ਛੋਟਾ ਹੈ ਯਾ ਬੜਾ।’’
ਮਾਂ-ਪੁੱਤ ਦੇ ਸੰਵਾਦ ਨੂੰ ਤੋੜਦਿਆਂ ਬੇਬੇ ਬੋਲੀ,‘‘ਇਹ ਕੀ ਕਹਿੰਦੈ ਰਾਣੋ ਤੈਨੂੰ? ਲਿਆ ਇਹਨੂੰ ਵੀ ਸੂਤ ਕਰਾਂ।’’
‘‘ਇਹ ਤੁਹਾਡੀ ਖੂੰਡੀ ਤੋਂ ਡਰ ਗਿਐ ਬੇਬੇ ਜੀ। ਹੁਣ ਕਹਿੰਦੈ ਕਿ ਚਲੋ ਆਪਣੇ ਘਰ ਚਲਤੇ ਹੈਂ, ਯਹਾਂ ਤੋਂ ਦਾਦੀ ਪੀਟਤੀ ਹੈ।’’
‘‘ਜਸ਼ਨ ਪੁੱਤਰਾ, ਸੰਭਲੋ। ਮਾਰੋ ਗੋਲੀ ਇਹੋ ਜਿਹੇ ਸੱਭਿਆਚਾਰ ਨੂੰ ਜੋ ਸਾਡੇ ਸਨਮਾਨਯੋਗ ਸ਼ਬਦਾਂ ਦਾ ਨਿਰਾਦਰ ਕਰਾ ਰਿਹੈ। ਜੋ ਸਾਡੇ ਰਿਸ਼ਤਿਆਂ ਦੀ ਪਛਾਣ ਮਿਟਾ ਰਿਹੈ। ਇਸੇ ਕਰਕੇ ਸਾਡੇ ਸਮਾਜ ਵਿੱਚ ਬਜ਼ੁਰਗਾਂ ਦਾ ਸਤਿਕਾਰ ਮਨਫ਼ੀ ਹੋ ਰਿਹੈ ਕਿਉਂਕਿ ਅਸੀਂ ਆਪਣੇ ਪਵਿੱਤਰ ਰਿਸ਼ਤਿਆਂ ਦੀ ਮਹਿਕ ਮੁਕਾ ਰਹੇ ਹਾਂ। ਜੇ ਅਸੀਂ ਆਪਣੀ ਮਾਂ ਬੋਲੀ ਦੇ ਸ਼ਬਦਾਂ ਨੂੰ ਵੀ ਦਰੁਸਤ ਨਹੀਂ ਬੋਲ ਸਕਦੇ ਤਾਂ ਹੋਰ ਕੀ ਚੰਨ ਚੜ੍ਹਾਵਾਂਗੇ। ਜੇ ਅਸੀਂ ਅਜਿਹੇ ਸ਼ਬਦਾਂ ਦੀ ਦੁਰਵਰਤੋਂ ’ਤੇ ਬੰਨ੍ਹ ਨਾ ਲਾਇਆ ਤਾਂ ਜੋ ‘ਡੈਡੀ’ ਸ਼ਬਦ ਤੋਂ ਬਿਹਾਰੀ ਕੱਟ ਕੇ ‘ਡੈਡ’ ਤਾਂ ਤੁਸਾਂ ਬਣਾ ਹੀ ਦਿੱਤਾ ਹੈ, ਹੁਣ ਕਿਤੇ ਬੱਚਾ ਡੈਡ ਦੀਆਂ ਦੁਲਾਵਾਂ ਵੀ ਉਡਾ ਕੇ ਡੈਡ ਨੂੰ ਡਡ ਨਾ ਬਣਾ ਦਿਓ।’’
‘‘ਮੰਮ, ਡਡ ਕਿਆ ਹੋਤਾ ਹੈ?’’ ਜਸ਼ਨ ਨੇ ਹੈਰਾਨੀ ਨਾਲ ਆਪਣੀ ਮੰਮ ਨੂੰ ਪੁੱਛਿਆ।
‘‘ਬੇਟਾ, ਡਡ ਮੇਂਡਕ (ਡੱਡੂ) ਕੋ ਬੋਲਤੇ ਹੈਂ।’’
‘‘ਉਹ! ਦਾਦੀ ਮਾਂ ਆਗੇ ਨਈਂ ਐਸਾ ਹੋਗਾ।’’
– ਸੁਰਜੀਤ ਦੇਵਲ

Facebook Comment
Project by : XtremeStudioz