Close
Menu

ਗਣਤੰਤਰ ਦਿਵਸ ’ਤੇ ਦਿਖੇਗੀ ਪੂਰਬੀ ਮੁਲਕਾਂ ਨਾਲ ਸਾਂਝ ਦੀ ਨੀਤੀ: ਨਿਰਮਲਾ

-- 23 January,2018

ਨਵੀਂ ਦਿੱਲੀ, 23 ਜਨਵਰੀ
ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਭਾਰਤ ਦੀ ਪੂਰਬੀ ਮੁਲਕਾਂ ਨਾਲ ਸਾਂਝ ਦੀ ਨੀਤੀ ਹਕੀਕੀ ਰੂਪ ਲੈ ਰਹੀ ਹੈ ਅਤੇ ਗਣਤੰਤਰ ਦਿਵਸ ਜਸ਼ਨਾਂ ਮੌਕੇ ਆਸੀਆਨ ਦੇ 10 ਆਗੂਆਂ ਦੀ ਹਾਜ਼ਰੀ ਇਸ ਨੀਤੀ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗੀ। ਦਿੱਲੀ ਛਾਉਣੀ ’ਚ ਐਨਸੀਸੀ ਗਣਤੰਤਰ ਦਿਵਸ ਕੈਂਪ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਪੂਰਬ ਵੱਲ ਦੇਖੋ ਨੀਤੀ ਦੀ ਥਾਂ ’ਤੇ ਹੁਣ ਪੂਰਬ ਨਾਲ ਸਾਂਝ ਵਧਾਉਣ ਦੀ ਨੀਤੀ ’ਤੇ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਜਸ਼ਨਾਂ ਮੌਕੇ ਪੂਰਬੀ  ਮੁਲਕਾਂ ਦੇ ਸਾਰੇ ਆਗੂ ਹਾਜ਼ਰ ਰਹਿਣਗੇ। ਸਰਹੱਦ ’ਤੇ ਗੋਲੀਬੰਦੀ ਦੀ ਉਲੰਘਣਾ ਬਾਰੇ ਪੁੱਛੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਐਨਸੀਸੀ ਕੈਂਪ ਅਤੇ ਗਣਤੰਤਰ ਦਿਵਸ ’ਤੇ ਧਿਆਨ ਦੇਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਇਸ ਵਾਰ 26 ਜਨਵਰੀ ਮੌਕੇ ਆਸੀਆਨ ਮੁਲਕਾਂ ਦੇ 10 ਮੈਂਬਰ ਥਾਈਲੈਂਡ, ਵੀਅਤਨਾਮ, ਇੰਡੋਨੇਸ਼ੀਆ, ਮਲੇਸ਼ੀਆ, ਫਿਲਪੀਨਜ਼, ਸਿੰਗਾਪੁਰ, ਮਿਆਂਮਾਰ, ਕੰਬੋਡੀਆ, ਲਾਓਸ ਅਤੇ ਬਰੂਨੇਈ ਦੇ ਆਗੂ ਮੁੱਖ ਮਹਿਮਾਨ ਹੋਣਗੇ। ਇਸ ਤੋਂ ਪਹਿਲਾਂ ਸ੍ਰੀਮਤੀ ਸੀਤਾਰਮਨ ਨੇ ਐਨਸੀਸੀ ਕੈਂਪ ਦੌਰਾਨ ਕੈਡੇਟਾਂ ਨੂੰ ‘ਰਕਸ਼ਾ ਮੰਤਰੀ ਪਦਕ’ ਅਤੇ ਪ੍ਰਸ਼ੰਸਾ ਪੱਤਰ ਵੰਡੇ। ਰੱਖਿਆ ਮੰਤਰੀ ਨੇ ਕਿਹਾ ਕਿ ਨੈਸ਼ਨਲ ਕੈਡੇਟ ਕੋਰ (ਐਨਸੀਸੀ) ਨੇ ਆਪਣੀ ਸਥਾਪਨਾ ਤੋਂ ਹੀ ਨੌਜਵਾਨਾਂ ’ਚ ਅਨੁਸ਼ਾਸਨ, ਦਲੇਰੀ ਅਤੇ ਭਰੋਸਾ ਪੈਦਾ ਕਰਕੇ ਰਾਸ਼ਟਰ ਨਿਰਮਾਣ ’ਚ ਸਹਾਇਤਾ ਕੀਤੀ ਹੈ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ,‘‘ਐਨਸੀਸੀ ਕੈਡੇਟਾਂ ਨੇ ਕੁਦਰਤੀ ਆਫ਼ਤਾਂ, ਸਵੱਛ ਭਾਰਤ ਅਤੇ ਬਾਲੜੀਆਂ ਸਬੰਧੀ ਜਾਗਰੂਕਤਾ ਪ੍ਰੋਗਰਾਮਾਂ ’ਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ ਹੈ।’’ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁਲਕ ’ਚ ਐਨਸੀਸੀ ਦੇ ਵਿਸਥਾਰ ਲਈ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਹਨ। ਐਨਸੀਸੀ ’ਚ ਇਸ ਸਮੇਂ 13 ਲੱਖ ਕੈਡੇਟ ਹਨ ਜਦਕਿ ਸਰਕਾਰ 2020 ਤੱਕ ਉਨ੍ਹਾਂ ਦੀ ਗਿਣਤੀ 15 ਲੱਖ ਕਰਨ ’ਤੇ ਵਿਚਾਰਾਂ ਕਰ ਰਹੀ ਹੈ। ਰੱਖਿਆ ਮੰਤਰੀ ਨੇ ‘ਹਾਲ ਆਫ਼ ਫੇਮ’ ਗੈਲਰੀ ਦਾ ਦੌਰਾ ਵੀ ਕੀਤਾ ਜਿਥੇ ਉਨ੍ਹਾਂ ‘ਆਈਐਨਐਸ ਰਣਵਿਜੈ’ ਦੇ ਮਾਡਲ ਦੀ ਸ਼ਲਾਘਾ ਕੀਤੀ। ਗਣਤੰਤਰ ਦਿਵਸ ਕੈਂਪ ’ਚ 29 ਸੂਬਿਆਂ ਅਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 2070 ਕੈਡੇਟ ਹਿੱਸਾ ਲੈ ਰਹੇ ਹਨ।

Facebook Comment
Project by : XtremeStudioz