Close
Menu

ਗਹਿਲੋਤ, ਸਿੰਘਦਿਓ ਅਤੇ ਕਮਲਨਾਥ ਉੱਤੇ ਪੈ ਸਕਦੈ ਮੁੱਖ ਮੰਤਰੀ ਦਾ ਗੁਣਾ

-- 12 December,2018

ਨਵੀਂ ਦਿੱਲੀ, 12 ਦਸੰਬਰ
ਰਾਜਸਥਾਨ ਵਿਚ ਕਾਂਗਰਸ ਦੇ ਜਿੱਤ ਵੱਲ੍ਹ ਵੱਧਦੇ ਕਦਮਾਂ ਦੇ ਮੱਦੇਨਜ਼ਰ ਇੱਕ ਵਾਰ ਫਿਰ ਤੋਂ ਸੂਬੇ ਦੇ ਮੁੱਖ ਮੰਤਰੀ ਦੀ ਦੌੜ ਵਿੱਚ ਸੀਨੀਅਰ ਆਗੂ ਅਸ਼ੋਕ ਗਹਿਲੋਤ ਦਾ ਨਾਂਅ ਸਭ ਤੋਂ ਉੱਪਰ ਚੱਲ ਰਿਹਾ ਹੈ। ਛੱਤੀਸਗੜ੍ਹ ਵਿਚ ਟੀਐੱਸ ਸਿੰਘਦਿਓ ਉੱਤੇ ਮੁੱਖ ਮੰਤਰੀ ਦੇ ਅਹੁਦੇ ਦਾ ਗੁਣਾ ਪੈ ਸਕਦਾ ਹੈ। ਮੱਧ ਪ੍ਰਦੇਸ਼ ਵਿਚ ਵੀ ਕਾਂਗਰਸ ਮੁੱਖ ਮੰਤਰੀ ਦੇ ਅਹੁਦੇ ਲਈ ਕਤਾਰਬੰਦੀ ਸ਼ੁਰੂ ਹੋ ਗਈ ਅਤੇ ਛਿੰਦਵਾੜਾ ਤੋਂ 9 ਵਾਰ ਲੋਕ ਸਭਾ ਮੈਂਬਰ ਰਹੇ ਕਮਲਨਾਥ ਨੂੰ ਕਾਂਗਰਸ ਹਾਈਕਮਾਂਡ ਸੂਬੇ ਦੀ ਕਮਾਂਡ ਸੰਭਾਲ ਸਕਦੀ ਹੈ। ਕਾਂਗਰਸ ਦੇ ਸੂਤਰਾਂ ਅਨੁਸਾਰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਲਈ ਮਨ ਬਣਾ ਚੁੱਕੇ ਹਨ। ਕਾਂਗਰਸ ਨੇ ਪਾਰਟੀ ਅਬਜ਼ਰਵਰਾਂ ਵਜੋਂ ਮਲਿਕਅਰਜੁਨ ਖੜਗੇ ਨੂੰ ਛੱਤੀਸਗੜ੍ਹ, ਕੇਸੀ ਵੇਣੂਗੋਪਾਲ ਨੂੰ ਰਾਜਸਥਾਨ ਅਤੇ ਅਤੇ ਏਕੇ ਐਂਟਨੀ ਨੂੰ ਮੱਧ ਪ੍ਰਦੇਸ਼ ਭੇਜ ਦਿੱਤਾ ਹੈ। ਭਲਕੇ ਇਨ੍ਹਾਂ ਸੂਬਿਆਂ ਵਿਚ ਵਿਧਾਇਕ ਇਨ੍ਹਾਂ ਆਗੂਆਂ ਦੀ ਨਿਗਰਾਨੀ ’ਚ ਵਿਧਾਨ ਸਭਾ ਦੇ ਆਗੂ ਚੁਣਨਗੇ। ਇਸ ਤੋਂ ਇਲਾਵਾ ਰਾਜਸਥਾਨ ਵਿਚ ਸਚਿਨ ਪਾਇਲਟ, ਮੱਧ ਪ੍ਰਦੇਸ਼ ਵਿਚ ਜਿਓਤੀਰਾਦਿੱਤਿਆ ਸਿੰਧੀਆ ਦਾ ਨਾਂ ਵੀ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰਾਂ ਵਿਚ ਸ਼ਾਮਲ ਹੈ।

ਰਾਹੁਲ ਅੱਜ ਕਰਨਗੇ ਰਾਜਸਥਾਨ ਦੇ ਮੁੱਖ ਮੰਤਰੀ ਦਾ ਐਲਾਨ
ਜੈਪੁਰ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਵੇਂ ਚੁਣੇ ਵਿਧਾਇਕਾਂ ਨਾਲ ਗੱਲਬਾਤ ਤੋਂ ਬਾਅਦ ਬੁੱਧਵਾਰ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਦਾ ਐਲਾਨ ਕਰਨਗੇ। ਇਸ ਅਹੁਦੇ ਲਈ ਸੀਨੀਅਰ ਪਾਰਟੀ ਆਗੂ ਅਸ਼ੋਕ ਗਹਿਲੋਤ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਚਿਨ ਪਾਇਲਟ ਮੁੱਖ ਦਾਅਵੇਦਾਰ ਮੰਨੇ ਜਾ ਰਹੇ ਹਨ। ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁੱਧਵਾਰ ਨੂੰ ਸਵੇਰੇ 11 ਵਜੇ ਹੋਵੇਗੀ ਜਿਸ ਵਿੱਚ ਨਵੇਂ ਚੁਣੇ ਵਿਧਾਇਕ ਮਤਾ ਪਾਸ ਕਰਨਗੇ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਵਿਨਾਸ਼ ਪਾਂਡੇ ਨੇ ਦੱਸਿਆ ਕਿ ਅਬਜ਼ਰਵਰ ਵਿਧਾਇਕਾਂ ਨੂੰ ਮਿਲ ਕੇ ਉਨ੍ਹਾਂ ਦੀ ਰਾਇ ਜਾਣਨਗੇ, ਜਿਸ ਤੋਂ ਬਾਅਦ ਸ਼ਾਮ ਨੂੰ ਦੂਜੀ ਮੀਟਿੰਗ ਹੋਵੇਗੀ। ਇਸ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦਾ ਐਲਾਨ ਕੀਤਾ ਜਾਵੇਗਾ। ਵਿਧਾਨ ਸਭਾ ਚੋਣਾਂ ਵਿੱਚ ਤਿੰਨ ਸੂਬਿਆਂ ਵਿੱਚ ਬਿਹਤਰੀਨ ਪ੍ਰਦਰਸ਼ਨ ਤੋਂ ਖੁਸ਼ ਕਾਂਗਰਸ ਨੇ ‘ਨਫਰਤ ’ਤੇ ਪਿਆਰ’ ਦੀ ਚੋਣ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ।

Facebook Comment
Project by : XtremeStudioz