Close
Menu

ਗੁਜਰਾਤ ਚੋਣਾਂ: ਹਾਰਦਿਕ ਵੱਲੋਂ ਕਾਂਗਰਸ ਨੂੰ ਸਿੱਧੀ ਹਮਾਇਤ

-- 23 November,2017

ਅਹਿਮਦਾਬਾਦ, ਗੁਜਰਾਤ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਹੁਲਾਰਾ ਮਿਲਿਆ ਜਦੋਂ ਪਾਟੀਦਾਰ ਅੰਦੋਲਨ ਦੇ ਮੁਖੀ ਹਾਰਦਿਕ ਪਟੇਲ ਨੇ ਕਾਂਗਰਸ ਨੂੰ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ। ਪਾਟੀਦਾਰ ਅਨਾਮਤ ਅੰਦੋਲਨ ਸਮਿਤੀ (ਪਾਸ) ਆਗੂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪਟੇਲਾਂ ਨੂੰ ਵਿਸ਼ੇਸ਼ ਵਰਗ ’ਚ ਰਾਖਵਾਂਕਰਨ ਦੇਣ ਦੀ ਮੰਗ ਨੂੰ ਸਵੀਕਾਰ ਕਰ ਲਿਆ ਹੈ। ਉਸ ਨੇ ਕਿਹਾ ਕਿ ਜੇਕਰ ਕਾਂਗਰਸ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੱਤਾ ’ਚ ਆਉਂਦੀ ਹੈ ਤਾਂ ਉਹ ਪਟੇਲਾਂ ਨੂੰ ਐਸਸੀ, ਐਸਟੀ ਅਤੇ ਓਬੀਸੀ ਦੇ 50 ਫ਼ੀਸਦੀ ਕੋਟੇ ਤੋਂ ਅਲਹਿਦਾ ਰਾਖਵਾਂਕਰਨ ਦੇਵੇਗੀ। ਹਾਰਦਿਕ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਾਉਣ ’ਤੇ ਵਿਧਾਨ ਸਭਾ ’ਚ ਬਿੱਲ ਪੇਸ਼ ਕਰਕੇ ਰਾਖਵਾਂਕਰਨ ਦਿੱਤਾ ਜਾਵੇਗਾ। ਉਸ ਨੇ ਕਿਹਾ,‘‘ਗੁਜਰਾਤ ’ਚ ਮੇਰੀ ਲੜਾਈ ਭਾਜਪਾ ਖ਼ਿਲਾਫ਼ ਹੈ ਅਤੇ ਅਸੀਂ ਸਿੱਧੇ ਜਾਂ ਅਸਿੱਧੇ ਤੌਰ ’ਤੇ ਕਾਂਗਰਸ ਨੂੰ ਹਮਾਇਤ ਦੇਵਾਂਗੇ ਕਿਉਂਕਿ ਉਨ੍ਹਾਂ ਰਾਖਵੇਂਕਰਨ ਦੀ ਸਾਡੀ ਮੰਗ ਨੂੰ ਮੰਨ ਲਿਆ ਹੈ।’’ ਹਾਰਦਿਕ ਪਟੇਲ ਨੇ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਦੀ ਮੰਗ ਨੂੰ ਆਪਣੇ ਚੋਣ ਮਨੋਰਥ ਪੱਤਰ ’ਚ ਸ਼ਾਮਲ ਕਰਨ ਦਾ ਵਾਅਦਾ ਵੀ ਕੀਤਾ ਹੈ। ਉਸ ਨੇ ਕਿਹਾ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਨਾਲ ਕੋਈ ਮਤਭੇਦ ਨਹੀਂ ਹਨ ਅਤੇ ਜਿਹੜੇ ਆਗੂਆਂ ਨੇ ਕਾਂਗਰਸ ਵੱਲੋਂ ਪਰਚੇ ਭਰੇ ਹਨ, ਉਹ ‘ਪਾਸ’ ਦੇ ਮੈਂਬਰ ਨਹੀਂ ਰਹਿਣਗੇ। ਹਾਰਦਿਕ ਨੇ ਦੋਸ਼ ਲਾਇਆ ਕਿ ਭਾਜਪਾ ‘ਪਾਸ’ ਮੈਂਬਰਾਂ ਨੂੰ 50-50 ਲੱਖ ਰੁਪਏ ਦੀ ਪੇਸ਼ਕਸ਼ ਕਰਕੇ ਖ਼ਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। 

Facebook Comment
Project by : XtremeStudioz