Close
Menu

ਗੁਰਦੁਆਰਾ ਛੋਟਾ ਘੱਲੂਘਾਰਾ ਵਿਵਾਦ ਲਈ ਕਾਂਗਰਸੀ ਆਗੂ ਜ਼ਿੰਮੇਵਾਰ: ਮਜੀਠੀਆ

-- 22 August,2017

ਅੰਮ੍ਰਿਤਸਰ,ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਦੋਸ਼ ਲਾਇਆ ਕਿ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਲਈ ਕਥਿਤ ਤੌਰ ’ਤੇ ਕਾਂਗਰਸੀ ਆਗੂ ਜ਼ਿੰਮੇਵਾਰ ਹਨ। ਜੇਕਰ ਇਸ ਸਬੰਧੀ ਕੋਈ ਕਾਰਵਾਈ ਨਾ ਹੋਈ ਤਾਂ ਸ਼੍ਰੋਮਣੀ ਅਕਾਲੀ ਦਲ ਸਖ਼ਤ ਕਾਰਵਾਈ ਕਰੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਗੁਰਦੁਆਰੇ ਵਿੱਚ ਵਾਪਰੀ ‘ਬਦਇਖਲਾਕੀ’ ਦੀ ਘਟਨਾ ਤੋਂ ਬਾਅਦ ਸੰਗਤ ਨੇ ਪ੍ਰਬੰਧਕ ਕਮੇਟੀ  ਨੂੰ ਬਦਲਣ ਲਈ ਸੰਘਰਸ਼ ਵਿੱਢਿਆ ਹੈ। ਅਖੰਡ ਪਾਠ ਦੌਰਾਨ ਕਾਂਗਰਸੀ ਵਰਕਰਾਂ ਵੱਲੋਂ ਕਥਿਤ ਤੌਰ ’ਤੇ ਪਾਠੀਆਂ ਨੂੰ ਧਮਕਾਉਣਾ ਨਿੰਦਣਯੋਗ ਹੈ। ਇਸ ਮਾਮਲੇ ਵਿੱਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਅਖੰਡ ਪਾਠ ਦੌਰਾਨ ਕੀਤੀ ਗਈ ‘ਹੁੱਲੜਬਾਜ਼ੀ’ ਸਬੰਧੀ ਜਾਂਚ ਲਈ ਪੜਤਾਲੀਆ ਟੀਮ ਬਣਾਈ ਗਈ ਹੈ। ਬਿਕਰਮ ਮਜੀਠੀਆ ਸਮੇਤ ਸੁੱਚਾ ਸਿੰਘ ਲੰਗਾਹ, ਸੇਵਾ ਸਿੰਘ ਸੇਖਵਾਂ ਨੇ ਗੁਰਦੁਆਰਾ ਛੋਟਾ ਘੱਲੂਘਾਰਾ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਲਈ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਆਖਿਆ ਕਿ ਗੁਰਦੁਆਰੇ ਵਿੱਚ ਕਥਿਤ ਤੌਰ ’ਤੇ ਇੱਕ ਔਰਤ ਨਾਲ ਇਤਰਾਜ਼ਯੋਗ ਹਾਲਤ ਵਿੱਚ ਕਾਬੂ ਕੀਤਾ ਵਿਅਕਤੀ ਸ੍ਰੀ ਬਾਜਵਾ ਦਾ ਨਜ਼ਦੀਕੀ ਹੈ। ਪਸ਼ਚਾਤਾਪ ਵਜੋਂ ਅਖੰਡ ਪਾਠ ਕਰਾਇਆ ਗਿਆ ਤੇ ਕਾਂਗਰਸੀ ਆਗੂ ਨੇ ਕਥਿਤ ਤੌਰ ’ਤੇ ਸ਼ਰਾਬੀ ਹਾਲਤ ਵਿੱਚ ਪਾਠੀ ਦਾ ਅਪਮਾਨ ਕੀਤਾ। ਉਨ੍ਹਾਂ ਨੇ ਸ੍ਰੀ ਬਾਜਵਾ ਤੇ ਇਸ ਮਾਮਲੇ ਨਾਲ ਸਬੰਧਤ ਉਪਰੋਕਤ ਵਿਅਕਤੀਆਂ ਨੂੰ ਅਕਾਲ ਤਖ਼ਤ ’ਤੇ ਤਲਬ ਕਰਨ ਦੀ ਅਪੀਲ ਕੀਤੀ ਹੈ। ਕੱਲ੍ਹ ਅਕਾਲ ਤਖ਼ਤ ਦੇ ਜਥੇਦਾਰ ਇਸ ਇਤਿਹਾਸਕ ਗੁਰਦੁਆਰੇ ਜਾ ਰਹੇ ਸਨ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕਿਆ। ਅਕਾਲੀ ਆਗੂਆਂ ਨੇ ਦੋਸ਼ ਲਾਇਆ ਕਿ ਪੁਲੀਸ ਨੇ ਇਹ ਕਾਰਵਾਈ ਕਥਿਤ ਤੌਰ ’ਤੇ ਕਾਂਗਰਸੀ ਆਗੂ ਦੇ ਦਬਾਅ ਹੇਠ ਕੀਤੀ ਹੈ। ਇਸ ਮੌਕੇ ‘ਆਪ’ ਆਗੂ ਕੰਵਲਜੀਤ ਸਿੰਘ ਕਾਕੀ ਵੀ ਹਾਜ਼ਰ ਸਨ।

Facebook Comment
Project by : XtremeStudioz