Close
Menu

ਗੁਰਦੁਆਰਾ ਡੇਰਾ ਬਾਬਾ ਨਾਨਕ ਤੋਂ ਹੋਵੇਗੀ ਪਹਿਲੇ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸ਼ੁਰੂਆਤ

-- 19 September,2018

ਅੰਮ੍ਰਿਤਸਰ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸ਼ੁਰੂਆਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਗੁਰਦੁਆਰਾ ਡੇਰਾ ਬਾਬਾ ਨਾਨਕ ਤੋਂ ਕਰਨ ਦਾ ਫ਼ੈਸਲਾ ਕੀਤਾ ਹੈ, ਜਿੱਥੋਂ ਪਾਕਿਸਤਾਨ ਵਿਚਲਾ ਗੁਰਦੁਆਰਾ ਕਰਤਾਰਪੁਰ ਸਾਹਿਬ ਦਿਖਾਈ ਦਿੰਦਾ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਭਾਰਤ ਅਤੇ ਪਾਕਿਸਤਾਨ ਦੋਵਾਂ ਸਰਕਾਰਾਂ ਨੂੰ ਮੁੜ ਪੇਸ਼ਕਸ਼ ਕੀਤੀ ਹੈ ਕਿ ਜੇਕਰ ਦੋਵਾਂ ਸਰਕਾਰਾਂ ਵਿਚਾਲੇ ਲਾਂਘੇ ਸਬੰਧੀ ਸਹਿਮਤੀ ਹੁੰਦੀ ਹੈ ਤਾਂ ਸ਼੍ਰੋਮਣੀ ਕਮੇਟੀ ਇਸ ਲਾਂਘੇ ਦੀ ਉਸਾਰੀ, ਰਾਵੀ ਦਰਿਆ ’ਤੇ ਪੁਲ ਦੀ ਉਸਾਰੀ ਅਤੇ ਹੋਰ ਸਾਫ਼-ਸਫ਼ਾਈ ਦੀ ਸੇਵਾ ਕਰੇਗੀ।
ਅੱਜ ਇੱਥੇ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਤੇ ਹੋਰ ਆਗੂਆਂ ਵਿਚਾਲੇ ਮੀਟਿੰਗ ਹੋਈ ਹੈ। ਇਨ੍ਹਾਂ ਸਿੱਖ ਆਗੂਆਂ ਨੇ ਗੁਰਦੁਆਰਾ ਡੇਰਾ ਬਾਬਾ ਨਾਨਕ ਨੇੜੇ ਬਣੇ ਦਰਸ਼ਨ ਸਥਲ ਦਾ ਦੌਰਾ ਵੀ ਕੀਤਾ ਹੈ। ਇਸ ਸਬੰਧੀ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਭਾਈ ਲੌਂਗੋਵਾਲ ਨੇ ਦੱਸਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਇਸ ਵਰ੍ਹੇ ਤੋਂ ਸ਼ੁਰੂ ਕੀਤੇ ਜਾਣਗੇ, ਜਿਸ ਦੀ ਸ਼ੁਰੂਆਤ 10 ਅਤੇ 11 ਨਵੰਬਰ ਨੂੰ ਡੇਰਾ ਬਾਬਾ ਨਾਨਕ ਤੋਂ ਹੋਵੇਗੀ। ਇਸ ਮੌਕੇ ਗੁਰਦੁਆਰੇ ’ਤੇ ਦੀਪਮਾਲਾ ਕੀਤੀ ਜਾਵੇਗੀ ਅਤੇ ਦਰਸ਼ਨ ਸਥਲ ਨੇੜੇ ਲੇਜ਼ਰ ਸ਼ੋਅ ਕਰਵਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਉਹ ਚਾਹੁੰਦੇ ਹਨ ਕਿ ਦੂਜੇ ਪਾਸੇ ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਵੀ ਇਸੇ ਤਰ੍ਹਾਂ ਦੀਪਮਾਲਾ ਹੋਵੇ ਤਾਂ ਜੋ ਦੋਵੇਂ ਮੁਲਕਾਂ ਦੇ ਲੋਕ ਦੂਰੋਂ ਹੀ ਰਾਤ ਸਮੇਂ ਲੇਜ਼ਰ ਸ਼ੋਅ ਅਤੇ ਦੀਪਮਾਲਾ ਦਾ ਨਜ਼ਾਰਾ ਦੇਖ ਸਕਣ। ਉਨ੍ਹਾਂ ਆਖਿਆ ਕਿ ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 23 ਨਵੰਬਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ ਵਿਖੇ ਗੁਰਮਤਿ ਸਮਾਗਮ ਹੋਵੇਗਾ। ਉਸ ਤੋਂ ਪਹਿਲਾਂ 12 ਅਕਤੂਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸਮੂਹ ਸਿੱਖ ਜਥੇਬੰਦੀਆਂ ਦੀ ਮੀਟਿੰਗ ਸੱਦੀ ਜਾਵੇਗੀ, ਜਿਸ ਵਿੱਚ ਸਾਰੀਆਂ ਜਥੇਬੰਦੀਆਂ ਨੂੰ ਸ਼ਮੂਲੀਅਤ ਦਾ ਸੱਦਾ ਦਿੱਤਾ ਜਾਵੇਗਾ ਅਤੇ ਸਾਲ ਭਰ ਚੱਲਣ ਵਾਲੇ ਸਮਾਗਮ ਉਲੀਕੇ ਜਾਣਗੇ।
ਭਾਈ ਲੌਂਗੋਵਾਲ ਨੇ ਖ਼ੁਲਾਸਾ ਕੀਤਾ ਕਿ ਇਸੇ ਸਬੰਧ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪੰਜ ਨਗਰ ਕੀਰਤਨ ਵੀ ਸਜਾਏ ਜਾਣਗੇ, ਜਿਸ ਤਹਿਤ 1 ਅਕਤੂਬਰ ਨੂੰ ਉਤਰ ਪ੍ਰਦੇਸ਼ ਦੇ ਗੁਰਦੁਆਰਾ ਕੌੜੀ ਘਾਟ, 23 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਗੁਰਦੁਆਰਾ ਮੱਟਾਂ ਸਾਹਿਬ, 23 ਮਾਰਚ ਨੂੰ ਕਰਨਾਟਕ ਦੇ ਬਿਦਰ ਸਥਿਤ ਗੁਰਦੁਆਰਾ ਨਾਨਕ ਝੀਰਾ ਤੋਂ ਨਗਰ ਕੀਰਤਨ ਸਜਾਇਆ ਜਾਵੇਗਾ। ਇਹ ਨਗਰ ਕੀਰਤਨ ਗੁਰਦੁਆਰਾ ਸੁਲਤਾਨਪੁਰ ਲੋਧੀ ਵਿਖੇ ਪੁੱਜਣਗੇ। ਉਨ੍ਹਾਂ ਕਿਹਾ ਕਿ ਜੇਕਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਸਹਿਮਤੀ ਹੁੰਦੀ ਹੈ ਤਾਂ ਸ਼੍ਰੋਮਣੀ ਕਮੇਟੀ ਲਾਂਘਾ ਤਿਆਰ ਕਰਨ, ਪੁਲ ਦੀ ਉਸਾਰੀ ਤੇ ਹੋਰ ਲੋੜੀਂਦੇ ਕੰਮਾਂ ਦੀ ਸੇਵਾ ਨਿਭਾਉਣ ਨੂੰ ਤਿਆਰ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਦਾ ਵਫ਼ਦ ਪਾਕਿਸਤਾਨ ਵੀ ਭੇਜਿਆ ਜਾਵੇਗਾ।
ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਖੁਲਾਸਾ ਕੀਤਾ ਕਿ ਭਾਰਤੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਵੱਲੋਂ ਗੁਰਦੁਆਰਾ ਕਰਤਾਰਪੁਰ ਲਾਂਘੇ ਵਾਸਤੇ ਪਾਕਿਸਤਾਨ ਸਰਕਾਰ ਨੂੰ ਪੱਤਰ ਭੇਜਿਆ ਗਿਆ ਹੈ ਪਰ ਹੁਣ ਤੱਕ ਉਸ ਦਾ ਕੋਈ ਹੁੰਗਾਰਾ ਨਹੀਂ ਆਇਆ। ਪਾਕਿਸਤਾਨ ਵੱਲੋਂ ਹੁੰਗਾਰਾ ਮਿਲਣ ਮਗਰੋਂ ਹੀ ਇਸ ਸਬੰਧੀ ਅਗਲੀ ਕਾਰਵਾਈ ਸ਼ੁਰੂ ਹੋਵੇਗੀ। ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਲਖਬੀਰ ਸਿੰਘ, ਸੱਜਣ ਸਿੰਘ, ਅਜਾਇਬ ਸਿੰਘ ਅਭਿਆਸੀ, ਦਿੱਲੀ ਕਮੇਟੀ ਦੇ ਪਰਮਜੀਤ ਸਿੰਘ ਰਾਣਾ, ਕੁਲਮੋਹਨ ਸਿੰਘ, ਸਕੱਤਰ ਮਨਵਿੰਦਰ ਸਿੰਘ ਜੌੜਾਸਿੰਘਾ ਤੇ ਹੋਰ ਹਾਜ਼ਰ ਸਨ।

Facebook Comment
Project by : XtremeStudioz