Close
Menu

ਗੁਰਦੁਆਰਿਆਂ ਦੀਆਂ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ: ਸ਼੍ਰੋਮਣੀ ਕਮੇਟੀ ਨੇ ਗੇਂਦ ਕੈਪਟਨ ਦੇ ਪਾਲੇ ’ਚ ਸੁੱਟੀ

-- 27 May,2017

ਬਠਿੰਡਾ/ਤਲਵੰਡੀ ਸਾਬੋ, ਸ਼੍ਰੋਮਣੀ ਕਮੇਟੀ ਨੇ ਅੱਜ ਜ਼ਮੀਨਾਂ ਤੇ ਨਾਜਾਇਜ਼ ਕਬਜ਼ਿਆਂ ਦੇ ਮਾਮਲੇ ‘ਤੇ ਗੇਂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਾਲੇ ਵਿੱਚ ਸੁੱਟ ਦਿੱਤੀ ਹੈ ਜਦਕਿ ਦੂਜੇ ਪਾਸੇ ਪਿੰਡ ਭਾਈਰੂਪਾ ਦੀ ਲੰਗਰ ਕਮੇਟੀ ਅਤੇ ਮੌੜ ਕਲਾਂ ਦੀ ਪ੍ਰਬੰਧਕੀ ਕਮੇਟੀ ਨੇ ਤਾੜਨਾ ਕੀਤੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਦਾ ਧੱਕਾ ਨਹੀਂ ਚੱਲਣ ਦੇਣਗੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅੱਜ ਦਮਦਮਾ ਸਾਹਿਬ ਵਿਖੇ ਮਾਲਵੇ ਦੇ ਛੇ ਜ਼ਿਲ੍ਹਿਆਂ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਜ਼ਮੀਨੀ ਵਿਵਾਦਾਂ ਬਾਰੇ ਮੀਟਿੰਗ ਕੀਤੀ। ਪ੍ਰੋ. ਬਡੂੰਗਰ ਨੇ ਮੀਟਿੰਗ ਮਗਰੋਂ ਆਖਿਆ ਕਿ ਮੁੱਖ ਮੰਤਰੀ ਨੇ ਮੀਟਿੰਗ ਲਈ ਸੱਦਿਆ ਤਾਂ ਉਹ ਮਸਲੇ ਦੇ ਹੱਲ ਲਈ ਜ਼ਰੂਰ ਜਾਣਗੇ ਪਰ ਆਪਣੇ-ਆਪ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਡੇਰਿਆਂ ਤੇ ਖ਼ਾਸ ਕਰ ਕੇ ਉਨ੍ਹਾਂ ਦੇ ਦਾਦਾ ਨੇ ਹੀ ਇਹ ਜ਼ਮੀਨਾਂ ਦਿੱਤੀਆਂ ਸਨ ਅਤੇ ਹੁਣ ਪੋਤਰੇ ਨੂੰ ਇਨ੍ਹਾਂ ਜ਼ਮੀਨਾਂ ਦੀ ਰਾਖੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਦੇ ਹੁੰਗਾਰੇ ਦੀ ਉਡੀਕ ਕਰਨਗੇ। ਜੇਕਰ ਮੁੱਖ ਮੰਤਰੀ ਨੇ ਟਾਲਾ ਵੱਟਿਆ ਤਾਂ ਉਹ ਫਿਰ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਨਹੀਂ ਹੋਣ ਦਿੱਤੇ ਜਾਣਗੇ।
ਸ਼੍ਰੋਮਣੀ ਕਮੇਟੀ ਨੇ ਅੱਜ ਕੈਪਟਨ ਸਰਕਾਰ ਖ਼ਿਲਾਫ਼ ਸਿੱਧਾ ਫਰੰਟ ਵੀ ਖੋਲ੍ਹ ਲਿਆ ਹੈ ਅਤੇ ਆਖਿਆ ਹੈ ਕਿ ਹਕੂਮਤ ਬਦਲੀ ਮਗਰੋਂ ਹੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਸ਼ੁਰੂ ਹੋਏ ਹਨ ਅਤੇ ਸਰਕਾਰ ਨੇ ਖ਼ਾਮੋਸ਼ੀ ਧਾਰੀ ਹੋਈ ਹੈ। ਅੱਜ ਅਮਰਜੀਤ ਚਾਵਲਾ ਨੇ ਮੀਟਿੰਗ ਵਿੱਚ ਮਤਾ ਵੀ ਪਾਸ ਕਰਾਇਆ। ਸੂਤਰਾਂ ਮੁਤਾਬਕ ਅੱਜ ਪੁਲੀਸ ਅਧਿਕਾਰੀ ਤੇ ਸਿਵਲ ਅਧਿਕਾਰੀਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਵਾਰ-ਵਾਰ ਰਾਬਤਾ ਕਾਇਮ ਕੀਤਾ ਪਰ ਉਨ੍ਹਾਂ ਕੋਈ ਗੱਲ ਨਹੀਂ ਕੀਤੀ।
ਲੰਗਰ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਚਿਤਾਵਨੀ
ਦੂਜੇ ਪਾਸੇ ਪਿੰਡ ਭਾਈਰੂਪਾ ਦੀ ਲੰਗਰ ਕਮੇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ, ਧਰਮ ਸਿੰਘ ਖ਼ਾਲਸਾ, ਸੰਗਤ ਸਿੰਘ ਨਾਮਧਾਰੀ, ਤੀਰਥ ਭਾਈਰੂਪਾ ਅਤੇ ਕਿਸਾਨ ਆਗੂ ਬਲਦੇਵ ਭਾਈਰੂਪਾ ਨੇ ਇੱਥੇ ਸਾਂਝੀ ਪ੍ਰੈਸ ਕਾਨਫਰੰਸ ਕਰ ਕੇ ਸ਼੍ਰੋਮਣੀ ਕਮੇਟੀ ਨੂੰ ਚੇਤਾਵਨੀ ਦਿੱਤੀ ਕਿ ਉਹ ਲੰਗਰ ਕਮੇਟੀ ਦੀ ਜ਼ਮੀਨ ਵਿੱਚ ਦਾਖਲ ਹੋਣ ਦੀ ਗਲਤੀ ਨਾ ਕਰੇ। ਆਗੂਆਂ ਨੇ ਕਿਹਾ ਕਿ ਇਹ ਭਾਈਰੂਪਾ ਪਿੰਡ ਦਾ ਮਾਮਲਾ ਹੈ ਜਿਸ ਵਿੱਚ ਕਾਂਗਰਸ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਲੰਗਰ ਕਮੇਟੀ ਦੀ ਜ਼ਮੀਨ ਖਾਤਰ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ।
ਮੌੜ ਕਲਾਂ ਦੀ ਪ੍ਰਬੰਧਕੀ ਕਮੇਟੀ ਵੀ ਸਖ਼ਤੀ ਦੇ ਰੌਂਅ ’ਚ
ਇਸੇ ਦੌਰਾਨ ਮੌੜ ਕਲਾਂ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਅਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਨੇ ਜਾਰੀ ਬਿਆਨ ਵਿੱਚ ਆਖਿਆ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਧੱਕਾ ਨਹੀਂ ਕਰਨ ਦੇਣਗੇ। ਆਗੂਆਂ ਨੇ ਦੱਸਿਆ ਕਿ ਮੌੜ ਕਲਾਂ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਰਜਿਸਟਰਡ ਹੈ ਜੋ ਪ੍ਰਬੰਧ ਚਲਾ ਰਹੀ ਹੈ। ਸਾਲ 2006 ਤੋਂ ਪਹਿਲਾਂ ਗ੍ਰੰਥੀ ਨੇ ਰਿਕਾਰਡ ਵਿੱਚ ਕਥਿਤ ਗੜਬੜ ਕਰ ਦਿੱਤੀ ਸੀ ਜਿਸ ਕਰਕੇ 29 ਅਪਰੈਲ 2006 ਨੂੰ ਡਿਪਟੀ ਕਮਿਸ਼ਨਰ ਨੇ ਗੁਰੂ ਘਰ ਦਾ ਪ੍ਰਬੰਧ ਲੋਕਲ ਪ੍ਰਬੰਧਕੀ ਕਮੇਟੀ ਹਵਾਲੇ ਕਰ ਦਿੱਤਾ ਸੀ। ਹੁਣ ਇਸ ਗੁਰੂ ਘਰ ਦੀ 130 ਏਕੜ ਜ਼ਮੀਨ ਦਾ ਕੇਸ ਕਮਿਸ਼ਨਰ ਫ਼ਰੀਦਕੋਟ ਅਤੇ ਹਾਈ ਕੋਰਟ ਵਿੱਚ ਚੱਲ ਰਿਹਾ ਹੈ।

Facebook Comment
Project by : XtremeStudioz