Close
Menu

ਗੁੰਡਾ ਟੈਕਸ: ਦੋ ਹਫ਼ਤੇ ਮਗਰੋਂ ਪੁਲੀਸ ਦੀ ਜਾਗ ਖੁੱਲ੍ਹੀ

-- 19 February,2018

ਬਠਿੰਡਾ, ਬਠਿੰਡਾ ਪੁਲੀਸ ਦੀ ਆਖਰ ਦੋ ਹਫਤੇ ਮਗਰੋਂ ਜਾਗ ਖੁੱਲ੍ਹੀ ਹੈ ਜਦਕਿ ਰਿਫਾਈਨਰੀ ਦੇ ‘ਗੁੰਡਾ ਟੈਕਸ’ ਨੇ ਟਰਾਂਸਪੋਰਟਰਾਂ ਦੇ ਨੱਕ ’ਚ ਦਮ ਕੀਤਾ ਹੋਇਆ ਹੈ।  ਗੌਰਤਲਬ ਹੈ ਕਿ ‘ਪੰਜਾਬੀ ਟ੍ਰਿਬਿਊਨ’ ਵਲੋਂ ‘ਗੁੰਡਾ ਟੈਕਸ’ ਦੇ ਮਾਮਲੇ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਸੀ ਜਿਸ ਮਗਰੋਂ ਕੈਪਟਨ ਸਰਕਾਰ ਨੇ ਡੀਜੀਪੀ ਨੂੰ ਮਾਮਲੇ ਦੀ ਪੜਤਾਲ ਵਾਸਤੇ ਹੁਕਮ ਜਾਰੀ ਕੀਤੇ ਸਨ। ਮੁੱਖ ਮੰਤਰੀ ਦੇ ਹੁਕਮਾਂ ਮਗਰੋਂ ਅੱਜ ਪੁਲੀਸ ਦੀ ਨਕਲੋ ਹਰਕਤ ਰਿਫਾਈਨਰੀ ਲਾਗੇ ਵੇਖਣ ਨੂੰ ਮਿਲੀ। ਹੁਣ ਐਸ.ਐਸ.ਪੀ. ਬਠਿੰਡਾ ਨੇ ਰਿਫਾਈਨਰੀ ਪੁਲੀਸ ਚੌਕੀ ਦੇ ਇੰਚਾਰਜ ਦਾ ਤਬਾਦਲਾ ਕਰ ਦਿੱਤਾ ਹੈ ਅਤੇ ਨਵਾਂ ਚੌਕੀ ਇੰਚਾਰਜ ਕ੍ਰਿਸ਼ਨ ਸਿੰਘ ਨੂੰ ਲਗਾ ਦਿੱਤਾ ਗਿਆ ਹੈ। ਰਿਫਾਈਨਰੀ ਰੋਡ ’ਤੇ ਪੁਲੀਸ ਪੈਟਰੋਲਿੰਗ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਜਿਸ ਲਈ ਦੋ ਮੋਟਰਸਾਈਕਲ ਰਿਫਾਈਨਰੀ ਪੁਲੀਸ ਚੌਕੀ ਨੂੰ ਦੇ ਦਿੱਤੇ ਗਏ ਹਨ। ਜ਼ਿਲ੍ਹਾ ਪੁਲੀਸ ਨੇ ਰਿਫਾਈਨਰੀ ਚੌਕੀ ਨੂੰ ਇੱਕ ਗੱਡੀ ਦੇਣ ਫੈਸਲਾ ਕੀਤਾ ਹੈ ਜੋ ਇੱਕ ਦੋ ਦਿਨਾਂ ਤੱਕ ਚੌਕੀ ਪੁੱਜਣ ਦੀ ਸੰਭਾਵਨਾ ਹੈ। ਪਤਾ ਲੱਗਾ ਹੈ ਕਿ ਪੁਲੀਸ ਚੌਕੀ ਨੂੰ ਕਰੀਬ ਅੱਧੀ ਦਰਜਨ ਪੁਲੀਸ ਮੁਲਾਜ਼ਮ ਹੋਰ ਦੇ ਦਿੱਤੇ ਗਏ ਹਨ। ਡੀ.ਐਸ.ਪੀ. ਤਲਵੰਡੀ ਸਾਬੋ ਬਰਿੰਦਰ ਸਿੰਘ ਨੇ ਅੱਜ ਰਿਫਾਈਨਰੀ ਦੇ ਇਲਾਕੇ ਵਿਚ ਦੌਰਾ ਵੀ ਕੀਤਾ ਹੈ ਅਤੇ ਉਸ ਮਗਰੋਂ ਰਿਫਾਈਨਰੀ ਪ੍ਰਬੰਧਕਾਂ ਨਾਲ ਗੱਲਬਾਤ ਵੀ ਕੀਤੀ ਹੈ। ਇਸ ਦੌਰਾਨ, ਐਸ.ਐਸ.ਪੀ. ਵਲੋਂ ਟਰਾਂਸਪੋਰਟਰ ਗੌਰਵ ਗਰਗ ਦੀ ਸ਼ਿਕਾਇਤ ਦੀ ਪੜਤਾਲ ਐਸ.ਐਚ.ਓ. ਰਾਮਾਂ ਨੂੰ ਕਰਨ ਵਾਸਤੇ ਆਖਿਆ ਹੈ ਜਿਨ੍ਹਾਂ ਨੇ ਗੌਰਵ ਗਰਗ ਦੇ ਬਿਆਨ ਕਲਮਬੰਦ ਕਰ ਲਏ ਹਨ। ਸ੍ਰੀ ਗਰਗ ਦਾ ਕਹਿਣਾ ਸੀ ਕਿ ਉਹ ਖੋਹੀ ਗਈ ਨਗਦੀ ਰਕਮ ਦੇ ਸਬੂਤ ਪੁਲੀਸ ਨੂੰ ਦੇ ਦੇਣਗੇ। ਉਨ੍ਹਾਂ ਦੱਸਿਆ ਕਿ ‘ਗੁੰਡਾ ਟੈਕਸ’ ਕਰ ਕੇ ਉਨ੍ਹਾਂ ਦਾ ਕੰਮ 17 ਦਿਨ ਪਛੜ ਗਿਆ ਹੈ ਕਿਉਂਕਿ ਉਨ੍ਹਾਂ ਨੇ ਰਿਫਾਈਨਰੀ ’ਚੋਂ ਪਹਿਲੀ ਫਰਵਰੀ ਤੋਂ ਸਕਰੈਪ ਲਿਜਾਣਾ ਸ਼ੁਰੂ ਕਰਨਾ ਸੀ। ਪੈਟਰੋ ਕੈਮੀਕਲ ਯੂਨਿਟ ਦੀ ਉਸਾਰੀ ‘ਚ ਲੱਗੇ ਕੁਝ ਠੇਕੇਦਾਰਾਂ ਦਾ ਕਹਿਣਾ ਸੀ ਕਿ ਪੁਲੀਸ ਨੇ ਅੱਜ ਸਿਰਫ਼ ਅੱਖਾਂ ਪੂੰਝੀਆਂ ਹਨ ਅਤੇ ਹਕੀਕਤ ਵਿਚ ਕੁਝ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।
ਡੀ.ਐਸ.ਪੀ ਤਲਵੰਡੀ ਸਾਬੋ ਬਰਿੰਦਰ ਸਿੰਘ ਦਾ ਕਹਿਣਾ ਸੀ ਕਿ ਅੱਜ ਉਨ੍ਹਾਂ ਰਿਫਾਈਨਰੀ ਇਲਾਕੇ ਦੇ ਗੇੜਾ ਲਾਇਆ ਸੀ ਪ੍ਰੰਤੂ ਕਿਧਰੇ ਵੀ ਕੋਈ ਗ਼ੈਰਕਨੂੰਨੀ ਗਤੀਵਿਧੀ ਨਜ਼ਰ ਨਹੀਂ ਆਈ ਅਤੇ ਰਿਫਾਈਨਰੀ ਪ੍ਰਬੰਧਕਾਂ ਨੇ ਵੀ ਤਸੱਲੀ ਜ਼ਾਹਿਰ ਕੀਤੀ ਹੈ। ਰਿਫਾਈਨਰੀ ਚੌਕੀ ਦੀ ਨਫ਼ਰੀ ਵਧਾ ਦਿੱਤੀ ਗਈ ਹੈ ਅਤੇ ਰਿਫਾਈਨਰੀ ਰੋਡ ਤੇ ਦਿਨ  ਰਾਤ ਦੀ ਗਸ਼ਤ ਚਾਲੂ ਕੀਤੀ ਜਾ ਰਹੀ ਹੈ।

ਗੁੰਡਾ ਟੈਕਸ’ ਵਸੂਲਣ ਵਾਲੇ ਬਖ਼ਸ਼ੇ ਨਹੀਂ ਜਾਣਗੇ: ਮਨਪ੍ਰੀਤ ਬਾਦਲ
ਬਠਿੰਡਾ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਅੱਜ ਇੱਥੇ ਆਖਿਆ ਕਿ ਰਿਫਾਈਨਰੀ ਸਾਹਮਣੇ ‘ਗੁੰਡਾ ਟੈਕਸ’ ਦੀ ਵਸੂਲੀ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ।  ਵਿੱਤ ਮੰਤਰੀ ਨੇ ਮੰਨਿਆ ਕਿ ਕੁਝ ਅਨਸਰਾਂ ਵੱਲੋਂ ‘ਗੁੰਡਾ ਟੈਕਸ’ ਵਸੂਲ ਕੇ ਸਰਕਾਰ ਦੇ ਅਕਸ ਨੂੰ ਢਾਹ ਲਾਈ ਜਾ ਰਹੀ ਹੈ ਜਿਸ ਦਾ ਅਸਰ ਨਿਵੇਸ਼ ’ਤੇ ਵੀ ਪੈ ਰਿਹਾ ਹੈ। ਉਨ੍ਹਾਂ ਖੁਦ ਕੈਬਨਿਟ ਮੀਟਿੰਗ ਵਿਚ ‘ਗੁੰਡਾ ਟੈਕਸ’ ਦਾ ਮਾਮਲਾ ਚੁੱਕਿਆ ਸੀ ਤਾਂ ਜੋ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਮਨਪ੍ਰੀਤ ਬਾਦਲ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ‘ਗੁੰਡਾ ਟੈਕਸ’ ਦਾ ਨਾਮਕਰਨ ਹੋਇਆ ਸੀ।

Facebook Comment
Project by : XtremeStudioz