Close
Menu

ਗੋਡਸੇ ਦੇਸ਼ਭਗਤ ਹੈ ਤੇ ਰਹੇਗਾ: ਪ੍ਰੱਗਿਆ

-- 17 May,2019

ਮਾਲਵਾ (ਮੱਧ ਪ੍ਰਦੇਸ਼)/ਨਵੀਂ ਦਿੱਲੀ, 17 ਮਈ
ਭੋਪਾਲ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਤੇ ਮਾਲੇਗਾਓਂ ਧਮਾਕਿਆਂ ਦੀ ਮੁਲਜ਼ਮ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੇ ਅੱਜ ਕਿਹਾ ਕਿ ਨੱਥੂ ਰਾਮ ਗੋਡਸੇ ਦੇਸ਼ਭਗਤ ਸੀ, ਹਨ ਤੇ ਰਹਿਣਗੇ। ਹਾਲਾਂਕਿ ਭਾਜਪਾ ਨੇ ਇਸ ਬਿਆਨ ਨਾਲ ਅਸਹਿਮਤੀ ਜ਼ਾਹਿਰ ਕਰਦਿਆਂ ਕਿਹਾ ਕਿ ਪ੍ਰੱਗਿਆ ਨੂੰ ਇਸ ਬਿਆਨ ਲਈ ਜਨਤਕ ਤੌਰ ’ਤੇ ਮੁਆਫੀ ਮੰਗਣੀ ਚਾਹੀਦੀ ਹੈ। ਇਸ ਦੌਰਾਨ ਚੋਣ ਕਮਿਸ਼ਨ ਨੇ ਪ੍ਰੱਗਿਆ ਦੇ ਬਿਆਨ ਦਾ ਨੋਟਿਸ ਲੈਂਦਿਆਂ ਮੱਧ ਪ੍ਰਦੇਸ਼ ਦੇ ਚੋਣ ਅਧਿਕਾਰੀ ਤੋਂ ‘ਤੱਥਾਂ ਸਮੇਤ ਰਿਪੋਰਟ’ ਮੰਗ ਲਈ ਹੈ।
ਦੇਵਾਸ ਲੋਕ ਸਭਾ ਸੀਟ ’ਤੇ 19 ਮਈ ਨੂੰ ਪੈਣ ਵਾਲੀਆਂ ਵੋਟਾਂ ਲਈ ਪਾਰਟੀ ਉਮੀਦਵਾਰ ਮਹਿੰਦਰ ਸੋਲੰਕੀ ਦੇ ਹੱਕ ’ਚ ਆਗਰ ਮਾਲਵਾ ’ਚ ਕੱਢੇ ਗਏ ਰੋਡ ਸ਼ੋਅ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਪ੍ਰੱਗਿਆ ਨੇ ਕਿਹਾ, ‘ਨੱਥੂ ਰਾਮ ਗੋਡਸੇ ਦੇਸ਼ ਭਗਤ ਸੀ, ਹਨ ਤੇ ਰਹਿਣਗੇ। ਗੋਡਸੇ ਨੂੰ ਅਤਿਵਾਦੀ ਕਹਿਣ ਵਾਲੇ ਪਹਿਲਾਂ ਆਪਣੀ ਪੀੜ੍ਹੀ ਥੱਲੇ ਉਹ ਸੋਟਾ ਫੇਰ ਕੇ ਦੇਖਣ। ਇਸ ਵਾਰ ਦੀਆਂ ਚੋਣਾਂ ’ਚ ਅਜਿਹਾ ਬੋਲਣ ਵਾਲਿਆਂ ਨੂੰ ਜਵਾਬ ਦੇ ਦਿੱਤਾ ਜਾਵੇਗਾ।’ ਫਿਲਮ ਅਦਾਕਾਰ ਤੇ ਸਿਆਸੀ ਆਗੂ ਕਮਲ ਹਾਸਨ ਵੱਲੋਂ ਬੀਤੇ ਦਿਨੀਂ ਦਿੱਤੇ ਬਿਆਨ ’ਤੇ ਪ੍ਰਤੀਕਿਰਿਆ ਦੇ ਰਹੇ ਸਨ।
ਦੂਜੇ ਪਾਸੇ ਭਾਜਪਾ ਨੇ ਸਪੱਸ਼ਟ ਕੀਤਾ ਕਿ ਉਹ ਸਾਧਵੀ ਪ੍ਰੱਗਿਆ ਦੇ ਨੱਥੂ ਰਾਮ ਗੋਡਸੇ ਨੂੰ ਦੇਸ਼ ਭਗਤ ਦੱਸਣ ਬਾਰੇ ਬਿਆਨ ਨਾਲ ਸਹਿਮਤ ਨਹੀਂ ਹੈ ਅਤੇ ਉਨ੍ਹਾਂ ਨੂੰ ਜਨਤਕ ਤੌਰ ’ਤੇ ਇਸ ਬਿਆਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਭਾਜਪਾ ਦੇ ਬੁਲਾਰੇ ਜੀਵੀਐੱਲ ਨਰਸਿਮਹਾ ਰਾਓ ਨੇ ਕਿਹਾ ਕਿ ਭਾਜਪਾ ਪ੍ਰੱਗਿਆ ਠਾਕੁਰ ਦੇ ਬਿਆਨ ਨਾਲ ਸਹਿਮਤ ਨਹੀਂ ਹੈ ਤੇ ਇਸ ਦੀ ਨਿੰਦਾ ਕਰਦੀ ਹੈ। ਪਾਰਟੀ ਉਨ੍ਹਾਂ ਤੋਂ ਇਸ ਲਈ ਸਪੱਸ਼ਟੀਕਰਨ ਮੰਗੇਗੀ।

Facebook Comment
Project by : XtremeStudioz