Close
Menu

ਗੋਲਡ ਕੋਸਟ ’ਚ ਸ਼ਾਨਦਾਰ ਆਗਾਜ਼; ਕਲਾਕਾਰਾਂ ਨੇ ਪੇਸ਼ ਕੀਤਾ ‘ਸਮੁੰਦਰੀ’ ਨਜ਼ਾਰਾ

-- 05 April,2018

ਗੋਲਡ ਕੋਸਟ, ਆਸਟਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿੱਚ ਉਦਘਾਟਨ ਸਮਾਰੋਹ ਦੇ ਨਾਲ ਹੀ 21ਵੀਆਂ ਰਾਸ਼ਟਰਮੰਡਲ ਖੇਡਾਂ ਅੱਜ ਸ਼ੁਰੂ ਹੋ ਗਈਆਂ ਹਨ। 11 ਦਿਨ ਤੱਕ ਚੱਲਣ ਵਾਲੇ ਖੇਡ ਕੁੰਭ ਵਿੱਚ 71 ਦੇਸ਼ਾਂ ਦੇ 4500 ਅਥਲੀਟ 23 ਖੇਡਾਂ ਵਿੱਚ 275 ਤਗ਼ਮਿਆਂ ਲਈ ਜੱਦੋ-ਜਹਿਦ ਕਰਨਗੇ। ਬਰਤਾਨੀਆ ਦੇ ਪ੍ਰਿੰਸ ਚਾਰਲਸ ਨੇ ਬਰਤਾਨੀਆਂ ਦੀ ਮਹਾਰਾਣੀ ਵੱਲੋਂ ਇਨ੍ਹਾਂ ਖੇਡਾਂ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ। ਗੋਲਡ ਕੋਸਟ ਦੇ ਕੈਰਾਰਾ ਸਟੇਡੀਅਮ ਵਿੱਚ ਆਸਟਰੇਲੀਆ ਕਲਾਕਾਰਾਂ ਨੇ ਝਲਕੀਆਂ ਰਾਹੀਂ ਮੇਜ਼ਬਾਨ ਦੇਸ਼ ਦੇ ਇਤਿਹਾਸ ਅਤੇ ਸਭਿਆਚਾਰ ਬਾਰੇ ਦੁਨੀਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਰੰਗ-ਬਿਰੰਗੇ ਉਦਘਾਟਨ ਸਮਾਰੋਹ ਵਿੱਚ ਕਰੀਬ 4000 ਕਲਾਕਾਰਾਂ ਨੇ ਸਟੇਡੀਅਮ ਵਿੱਚ 35 ਹਜ਼ਾਰ ਦਰਸ਼ਕਾਂ ਨੂੰ ਕੀਲ ਲਿਆ। ਉਦਘਾਟਨ ਦੀ ਵਿਸ਼ੇਸ਼ਤਾ ਸਟੇਡੀਅਮ ਵਿਚਾਲੇ ਉਕੇਰਿਆ ਗਿਆ ਸਮੁੰਦਰ ਅਤੇ ਬੀਚ ਦਾ ਨਜ਼ਾਰਾ ਸੀ, ਜਿੱਥੇ ਥ੍ਰੀ ਡੀ ਰਾਹੀਂ ਸਮੁੰਦਰੀ ਜੀਵਨ ਨੂੰ ਕਾਫ਼ੀ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ਗਿਆ। ਰਾਸ਼ਟਰਮੰਡਲ ਖੇਡਾਂ ਦੇ ਉਦਘਾਟਨ ਸਮਾਰੋਹ ਨੂੰ ਆਖ਼ਰੀ ਸਮੇਂ ਤਕ ਗੁਪਤ ਰੱਖਿਆ ਸੀ, ਫਿਰ ਵੀ ਇਸ ਦੀ ਇੱਕ ਝਲਕ ਮੇਜ਼ਬਾਨ ਦੇਸ਼ ਦੇ ਟੀਵੀ ਚੈਨਲ ਨੇ ਲੀਕ ਕਰ ਦਿੱਤੀ ਸੀ। ਇਸ ਦੇ ਬਾਵਜੂਦ ਇਸ ਦੀ ਸ਼ਾਨਦਾਰ ਸ਼ੁਰੂਆਤ ਹੋਈ ਅਤੇ ਪੂਰਾ ਸਟੇਡੀਅਮ ਤਾੜੀਆਂ ਨਾਲ ਗੂੰਜ ਉੱਠਿਆ। ਇਸ ਦੌਰਾਨ ਬੀਚ ’ਤੇ ਗਾਇਕਾ ਰਿਕੀ ਲੀ ਕਾਲਟਰ ਨੇ ਆਪਣਾ ਗੀਤ ‘ਟੈਕਨੀਕਲਰ ਲਵ’ ਗਾਇਆ ਜਦਕਿ ਬੀਚ ’ਤੇ ਸਵੀਮਿੰਗ ਕਾਸਟਿਊਮਜ਼ ਵਿੱਚ ਬੈਠੇ ਕਲਾਕਾਰਾਂ ਨੇ ਸਰਫਿੰਗ ਬੋਰਡ ਹੱਥ ਵਿੱਚ ਫੜ ਕੇ ਬਿਹਤਰੀਨ ਡਾਂਸ ਕੀਤਾ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ, ਬਰਤਾਨੀਆ ਦੇ ਪ੍ਰਿੰਸ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ਅਤੇ ਗੋਲਡ ਕੋਸਟ ਰਾਸ਼ਟਰਮੰਡਲ ਖੇਡ ਪ੍ਰਬੰਧਕ ਕਮੇਟੀ ਪ੍ਰਧਾਨ ਪੀਟਰ ਬੀਐਟੀ ਮੰਚ ’ਤੇ ਪਹੁੰਚੇ। ਰਾਸ਼ਟਰਮੰਡਲ ਖੇਡਾਂ ਦੀ ਬੈਟਨ (ਮਸ਼ਾਲ) ਸਟੇਡੀਅਮ ਵਿੱਚ ਦਾਖ਼ਲ ਹੋਈ, ਜੋ 71 ਦੇਸ਼ਾਂ ਦਾ ਸਫ਼ਰ ਤੈਅ ਕਰਦਿਆਂ ਵਾਪਸ ਗੋਲਡ ਕੋਸਟ ਪਹੁੰਚੀ ਹੈ। ਇਸ ਮਗਰੋਂ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਦਾ ਮਾਰਚ ਪਾਸਟ ਸ਼ੁਰੂ ਹੋਇਆ। ਹਰ ਦੇਸ਼ ਦੇ ਦਲ ਦੇ ਅੱਗੇ ਇੱਕ ਨੌਜਵਾਨ ਅਥਲੀਟ ਹੱਥ ਵਿੱਚ ਸਰਫਿੰਗ ਬੋਰਡ ਫੜ ਕੇ ਚੱਲ ਰਿਹਾ ਸੀ, ਜਿਸ ’ਤੇ ਉਸ ਦੇਸ਼ ਦਾ ਨਾਮ ਲਿਖਿਆ ਹੋਇਆ ਸੀ। ਪਿਛਲੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਦਾ ਮੇਜ਼ਬਾਨ ਦੇਸ਼ ਸਕਾਟਲੈਂਡ ਰਵਾਇਤ ਅਨੁਸਾਰ ਸਭ ਤੋਂ ਪਹਿਲਾਂ ਸਟੇਡੀਅਮ ਵਿੱਚ ਦਾਖ਼ਲ ਹੋਇਆ। ਸਕਾਟਲੈਂਡ ਦਾ 400 ਮੀਟਰ ਦਾ ਅੜਿਕਾ ਦੌੜਾਕ ਐਲਿਦ ਡੋਐਲ ਆਪਣੇ ਦਲ ਦਾ ਝੰਡਾਬਰਦਾਰ ਸੀ। ਇਸ ਤੋਂ ਬਾਅਦ ਸਾਈਪ੍ਰਸ, ਇੰਗਲੈਂਡ, ਆਈਲ ਆਫ਼ ਮੈਨ, ਮਾਲਟਾ, ਉਤਰੀ ਆਇਰਲੈਂਡ, ਵੇਲਜ਼, ਬੋਤਸਵਾਨਾ, ਕੈਮਰੂਨ, ਘਾਨਾ, ਜਾਂਬੀਆ, ਕੀਨੀਆ, ਲੇਸੋਥੀ, ਮਲਾਵੀ, ਮਾਰੀਸ਼ਸ, ਮੋਜ਼ਾਂਬਿਕ, ਨਾਮੀਬੀਆ, ਨਾਈਜੀਰੀਆ, ਰਵਾਂਡਾ, ਸੇਸ਼ੇਲਜ਼, ਸੀਐਰਾ ਲਿਓਨ, ਦੱਖਣੀ ਅਫਰੀਕਾ, ਸਵਿਟਜ਼ਰਲੈਂਡ, ਯੁਗਾਂਡਾ, ਤਨਜਾਨੀਆ ਦੇ ਅਥਲੀਟ ਮਾਰਚ ਪਾਸਟ ਕਰਦੇ ਹੋਏ ਸਟੇਡੀਅਮ ਵਿੱਚ ਦਾਖ਼ਲ ਹੋਏ।

ਏਸ਼ੀਆਈ ਦੇਸ਼ਾਂ ਵਿੱਚ ਬੰਗਲਾਦੇਸ਼ ਦਾ ਦਲ ਸਭ ਤੋਂ ਪਹਿਲਾਂ ਨਿਕਲਿਆ। ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗ਼ਮਾ ਜੇਤੂ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਭਾਰਤੀ ਦਲ ਦੀ ਅਗਵਾਈ ਕੀਤੀ। ਭਾਰਤ ਨੇ ਖੇਡਾਂ ਵਿੱਚ 220 ਮੈਂਬਰੀ ਦਲ ਭੇਜਿਆ ਹੈ ਅਤੇ ਵੀਰਵਾਰ ਨੂੰ ਪਹਿਲੇ ਦਿਨ ਵਿਸ਼ਵ ਚੈਂਪੀਅਨ ਵੇਟਲਿਫਟਰ ਮੀਰਾਬਾਈ ਚਾਨੂ ਤਗ਼ਮੇ ਦੀ ਮਜ਼ਬੂਤ ਦਾਅਵੇਦਾਰ ਹੋਵੇਗੀ। ਮੁੱਕੇਬਾਜ਼ੀ ਵਿੱਚ ਮਨੋਜ ਕੁਮਾਰ (91 ਕਿਲੋ) ਹੀ ਰਿੰਗ ਵਿੱਚ ਉਤਰੇਗਾ।
ਭਾਰਤ ਦੇ ਪਿੱਛੇ ਮਲੇਸ਼ੀਆ ਅਤੇ ਪਾਕਿਸਤਾਨ ਦੇ ਛੋਟੇ ਦਲ ਸਨ। ਸਿੰਗਾਪੁਰ ਅਤੇ ਸ੍ਰੀਲੰਕਾ ਨੇ ਵੀ ਮਾਰਚ ਪਾਸਟ ਵਿੱਚ ਆਪਣੀ ਥਾਂ ਬਣਾਈ। ਜ਼ਿਆਦਾਤਰ ਦੇਸ਼ਾਂ ਦੇ ਖਿਡਾਰੀ ਆਪਣੇ ਦੇਸ਼ਾਂ ਦੀ ਰਵਾਇਤੀ ਪੁਸ਼ਾਕ ਵਿੱਚ ਸਨ। ਮਾਰਚ ਪਾਸਟ ਮਗਰੋਂ ਪੰਜ ਵਾਰ ਦੀ ਰਾਸ਼ਟਰਮੰਡਲ ਚਾਂਦੀ ਤਗ਼ਮਾ ਜੇਤੂ ਸੂਸੀ ਓ ਨੀਲ, ਕੁਈਨਜ਼ ਬੈਟਨ ਲੈ ਕੇ ਸਟੇਡੀਅਮ ਵਿੱਚ ਦਾਖ਼ਲ ਹੋਈ। ਆਸਟਰੇਲੀਆ ਵਿੱਚ 3800 ਲੋਕਾਂ ਨੇ ਬੈਟਨ ਸੰਭਾਲੀ ਸੀ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪੀਟਰ ਬੀਟੀ ਨੇ ਸਵਾਗਤੀ ਭਾਸ਼ਣ ਦਿੱਤਾ। ਵਿੱਚ-ਵਿੱਚ ਸਭਿਆਚਾਰਕ ਪ੍ਰੋਗਰਾਮ ਵੀ ਚੱਲਦੇ ਰਹੇ। ਪ੍ਰਿੰਸ ਚਾਰਲਸ ਨੇ ਖੇਡਾਂ ਦੇ ਸ਼ੁਰੂ ਹੋਣ ਦਾ ਜਿਵੇਂ ਹੀ ਐਲਾਨ ਕੀਤਾ, ਸਟੇਡੀਅਮ ਦੇ ਉਪਰ ਅਸਮਾਨ ਸਤਰੰਗੀ ਰੁਸ਼ਨਾਉਣ ਲੱਗ ਪਿਆ।

ਪ੍ਰਧਾਨ ਮੰਤਰੀ ਮੋਦੀ ਵੱਲੋਂ ਭਾਰਤੀ ਦਲ ਨੂੰ ਸ਼ੁੱਭ ਇੱਛਾਵਾਂ

ਨਵੀਂ ਦਿਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਲਈ ਅੱਜ ਭਾਰਤੀ ਦਲ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਪੂਰਾ ਦੇਸ਼ ਉਨ੍ਹਾਂ ਨਾਲ ਹੈ। ਮੋਦੀ ਨੇ ਟਵਿੱਟਰ ’ਤੇ ਲਿਖਿਆ, ‘‘ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 2018 ਵਿੱਚ ਭਾਰਤ ਦਾ ਪ੍ਰਤੀਨਿਧਤਵ ਕਰ ਰਹੇ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ। ਸਾਡੇ ਖਿਡਾਰੀਆਂ ਨੇ ਕਾਫ਼ੀ ਮਿਹਨਤ ਕੀਤੀ ਹੈ ਅਤੇ ਇਹ ਉਨ੍ਹਾਂ ਲਈ ਪ੍ਰਤਿਭਾ ਵਿਖਾਉਣ ਦਾ ਅਦਭੁੱਤ ਮੌਕਾ ਹੈ। ਹਰ ਭਾਰਤੀ ਸਾਡੇ ਦਲ ਦੀ ਹੌਸਲਾ ਅਫ਼ਜ਼ਾਈ ਕਰ ਰਿਹਾ ਹੈ।’’

ਪਹਿਲੇ ਦਿਨ ਭਾਰਤ ਦੀ ਟੇਕ ਮੀਰਾਬਾਈ ਚਾਨੂ ’ਤੇ

ਭਾਰਤ 21ਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਜਦੋਂ ਆਪਣੀ ਮੁਹਿੰਮ ਦਾ ਆਗਾਜ਼ ਕਰੇਗਾ ਤਾਂ ਸਾਰਿਆਂ ਦੀ ਟੇਕ ਵਿਸ਼ਵ ਚੈਂਪੀਅਨ ਵੇਟਲਿਫਟਰ ਮੀਰਾਬਾਈ ਚਾਨੂ ’ਤੇ ਹੋਵੇਗੀ, ਜੋ ਤਗ਼ਮੇ ਦੀ ਮਜ਼ਬੂਤ ਦਾਅਵੇਦਾਰ ਹੈ। ਇਸ ਤੋਂ ਇਲਾਵਾ ਬੈਡਮਿੰਟਨ ਖਿਡਾਰੀਆਂ ਅਤੇ ਮੁੱਕੇਬਾਜ਼ਾਂ ’ਤੇ ਵੀ ਨਜ਼ਰਾਂ ਹੋਣਗੀਆਂ। ਰਾਸ਼ਟਰਮੰਡਲ ਖੇਡਾਂ (2014) ਵਿੱਚ ਚਾਂਦੀ ਦਾ ਤਗ਼ਮਾ ਜਿੱਤ ਚੁੱਕੀ ਚਾਨੂ 48 ਕਿਲੋ ਵਜ਼ਨ ਵਰਗ ਵਿੱਚ ਤਗ਼ਮੇ ਦੀ ਮਜ਼ਬੂਤ ਦਾਅਵੇਦਾਰ ਹੈ। ਉਸ ਦਾ ਸਰਵੋਤਮ ਨਿੱਜੀ ਪ੍ਰਦਰਸ਼ਨ 194 ਕਿਲੋ ਹੈ, ਜੋ ਇਸ ਮੁਕਾਬਲੇ ਵਿੱਚ ਉਸ ਦੀ ਵਿਰੋਧੀ ਤੋਂ 10 ਕਿਲੋ ਵੱਧ ਹੈ।

ਨਾਰੀਅਲ ਨਾਲ ਕੀਤਾ ਡਿਸਕਸ ਥਰੋਅ ਦਾ ਅਭਿਆਸ
ਗੋਲਾ ਸੁੱਟਣ ਅਤੇ ਡਿਸਕਸ ਥਰੋਅ ਲਈ ਲੋੜੀਂਦਾ ਸਾਮਾਨ ਨਾ ਮਿਲਣ ਤੋਂ ਹਾਰ ਨਾ ਮੰਨਦਿਆਂ ਕੁੱਕ ਆਈਲੈਂਡ ਦੀ ਇੱਕ ਖਿਡਾਰਨ ਨੇ ਨਾਰੀਅਲ ਰਾਹੀਂ ਖੇਡਾਂ ਦੀ ਤਿਆਰੀ ਕੀਤੀ ਹੈ। ਕੁੱਕ ਆਈਲੈਂਡ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਟਾਪੂ ਰਾਰੋਟੋਂਗਾ ਦੀ ਇੱਕ ਪੁਲੀਸ ਅਧਿਕਾਰੀ ਤੇਰੀਪੀ ਤਾਪੋਕੀ ਨੇ ਇਹ ਹੱਲ ਕੱਢਿਆ। ਉਸ ਕੋਲ ਅਭਿਆਸ ਲਈ ਚੱਕਾ ਨਹੀਂ ਸੀ ਤਾਂ ਉਸ ਨੇ ਇਹ ਢੰਗ ਅਪਣਾਇਆ।

ਮੌਰੀਸ਼ਸ ਦੀ ਖਿਡਾਰਨ ਵੱਲੋਂ ਦਲ ਮੁਖੀ ’ਤੇ ਛੇੜਖਾਨੀ ਦਾ ਦੋਸ਼
ਰਾਸ਼ਟਰਮੰਡਲ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਹੋਰ ਵਿਵਾਦ ਪੈਦਾ ਹੋ ਗਿਆ, ਜਦੋਂ ਮੌਰੀਸ਼ਸ ਦੀ ਖਿਡਾਰਨ ਨੇ ਟੀਮ ਅਧਿਕਾਰੀ ’ਤੇ ਗ਼ਲਤ ਢੰਗ ਨਾਲ ਛੂਹਣ ਦਾ ਦੋਸ਼ ਲਾਇਆ। ਉਦਘਾਟਨ ਸਮਾਰੋਹ ਤੋਂ ਕੁੱਝ ਘੰਟੇ ਪਹਿਲਾਂ ਆਸਟਰੇਲਿਆਈ ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਿਕਾਇਤ ਮਗਰੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਰੀਸ਼ਸ ਮੀਡੀਆ ਨੇ ਕਿਹਾ ਕਿ ਦਲ ਮੁਖੀ ਕੇਸੀ ਤੀਰੂਵੇਂਗਾਦਮ ’ਤੇ ਦੋਸ਼ ਲੱਗੇ ਹਨ ਅਤੇ ਉਸ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। 

ਬਿਨਾਂ ਪੰਚ ਮਾਰੇ ਆਸਟਰੇਲੀਅਨ ਮੁੱਕੇਬਾਜ਼ ਨੇ ਜਿੱਤ ਲਿਆ ਪਹਿਲਾ ਤਗ਼ਮਾ 
ਆਸਟਰੇਲਿਆਈ ਮੁੱਕੇਬਾਜ਼ ਟੇਲਾਹ ਰਾਬਰਟਸਨ ਰਾਸ਼ਟਰਮੰਡਲ ਖੇਡਾਂ ਵਿੱਚ ਤਗ਼ਮਾ ਜਿੱਤਣ ਵਾਲੀ ਪਹਿਲੀ ਖਿਡਾਰਨ ਬਣ ਗਈ ਹੈ ਅਤੇ ਉਸ ਨੇ ਅਖਾੜੇ ਵਿੱਚ ਉਤਰੇ ਬਿਨਾਂ ਹੀ ਇਹ ਤਗ਼ਮਾ ਪੱਕਾ ਕੀਤਾ। ਮਹਿਲਾਵਾਂ ਦੇ 51 ਕਿਲੋ ਵਿੱਚ ਬਾਈ ਮਿਲਣ ਕਾਰਨ ਉਸ ਨੂੰ ਸਿੱਧੇ ਸੈਮੀ ਫਾਈਨਲ ਵਿੱਚ ਥਾਂ ਮਿਲ ਗਈ। ਇਸ 19 ਸਾਲਾ ਖਿਡਾਰਨ ਨੇ ਆਪਣੇ ਵਜ਼ਨ ਵਰਗ ਵਿੱਚ ਘੱਟ ਮੁੱਕੇਬਾਜ਼ ਹੋਣ ਕਾਰਨ ਤਗ਼ਮਾ ਪੱਕਾ ਕੀਤਾ ਹੈ। ਭਾਰਤੀ ਖਿਡਾਰੀਆਂ ਨੂੰ ਅਜਿਹਾ ਮੌਕਾ ਨਸੀਬ ਨਹੀਂ ਹੋਇਆ। ਇਨ੍ਹਾਂ ਵਿੱਚ ਸਟਾਰ ਐਮਸੀ ਮੇਰੀ ਕੌਮ (48 ਕਿਲੋ) ਵੀ ਸ਼ਾਮਲ ਹੈ ਜਿਸ ਨੇ ਅੱਠ ਅਪਰੈਲ ਨੂੰ ਆਪਣਾ ਕੁਆਰਟਰ ਫਾਈਨਲ ਮੁਕਾਬਲਾ ਖੇਡਣਾ ਹੈ। ਪਹਿਲੀ ਵਾਰ ਖੇਡਾਂ ਵਿੱਚ ਹਿੱਸਾ ਲੈ ਰਹੀ ਰਾਬਰਟਸਨ ਨੇ ਕਿਹਾ ਕਿ ਉਹ ਸਿਰਫ਼ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨ ਵਾਲੀ ਨਹੀਂ।

ਰਾਸ਼ਟਰਮੰਡਲ ਖੇਡਾਂ ਦਾ ਸੰਖੇਪ ਇਤਿਹਾਸ
ਆਸਟਰੇਲੀਆ ਵਿੱਚ ਰਾਸ਼ਟਰਮੰਡਲ ਖੇਡਾਂ ਅੱਜ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਖੇਡਾਂ ਦਾ ਇਤਿਹਾਸ ਓਲੰਪਿਕ ਖੇਡਾਂ ਮਗਰੋਂ ਫੀਫਾ ਵਿਸ਼ਵ ਕੱਪ ਜਿੰਨਾ ਹੀ ਪੁਰਾਣਾ ਹੈ। ਨਵੀਨ ਓਲੰਪਿਕ ਖੇਡਾਂ ਦਾ ਮੁੱਢ 1896 ਵਿੱਚ ਯੂਨਾਨ ਦੇ ਸ਼ਹਿਰ ਏਥਨਜ਼ ਵਿੱਚ ਬੱਝਿਆ ਸੀ, ਜਦੋਂਕਿ ਰਾਸ਼ਟਰਮੰਡਲ ਖੇਡਾਂ 1930 ਵਿੱਚ ਕੈਨੇਡਾ ਦੇ ਸ਼ਹਿਰ ਹੈਮਿਲਟਨ ਤੋਂ ਸ਼ੁਰੂ ਹੋਈਆਂ ਸਨ। ਪਹਿਲਾਂ ਇਨ੍ਹਾਂ ਖੇਡਾਂ ਦਾ ਨਾਮ ਬ੍ਰਿਟਿਸ਼ ਐਮਪਾਇਰ ਸੀ। 1954 ਵਿੱਚ ਇਸ ਦਾ ਨਾਮ ਬ੍ਰਿਟਿਸ਼ ਐਮਪਾਇਰ ਤੇ ਰਾਸ਼ਟਰਮੰਡ ਖੇਡਾਂ ਰੱਖਿਆ ਗਿਆ, ਫਿਰ ਬ੍ਰਿਟਿਸ਼ ਰਾਸ਼ਟਰਮੰਡਲ ਖੇਡਾਂ (1970) ਅਤੇ ਰਾਸ਼ਟਰਮੰਡਲ ਖੇਡਾਂ (1978) ਰੱਖਿਆ ਗਿਆ ਜੋ ਕਿ ਹੁਣ ਤੱਕ ਜਾਰੀ ਹੈ। ਇਸੇ ਸਾਲ 1930 ਵਿੱਚ ਊਰੁਗੋਏ ਦੀ ਧਰਤੀ ਤੋਂ ਫੀਫਾ ਵਿਸ਼ਵ ਕੱਪ ਦੀ ਸ਼ੁਰੂਆਤ ਹੋਈ ਸੀ। ਓਲੰਪਿਕ ਖੇਡਾਂ ਤੋਂ ਬਾਅਦ ਰਾਸ਼ਟਰਮੰਡਲ ਖੇਡਾਂ ਸਭ ਤੋਂ ਵੱਧ ਮੁਲਕਾਂ ਦੀ ਸ਼ਮੂਲੀਅਤ ਵਾਲੀਆਂ ਖੇਡਾਂ ਹਨ ਜਦੋਂ ਕਿ ਫੀਫਾ ਵਿਸ਼ਵ ਕੱਪ ਸਭ ਤੋਂ ਮਕਬੂਲ ਖੇਡਾਂ ਦਾ ਮਹਾਂਕੁੰਭ ਹੈ। ਹਾਲਾਂਕਿ ਰਾਸ਼ਟਰਮੰਡਲ ਨੂੰ ਗ਼ੁਲਾਮ ਮੁਲਕਾਂ ਦੀਆਂ ਖੇਡਾਂ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਵਿੱਚ ਬਰਤਾਨਵੀ ਹਕੂਮਤ ਅਧੀਨ ਰਹੇ ਮੁਲਕ ਹੀ ਖੇਡਦੇ ਹਨ। ਇਹ ਇਕ ਅਜਿਹਾ ਮੰਚ ਵੀ ਹੈ, ਜਿੱਥੇ ਹਰ ਮੁਲਕ ਦੇ ਖਿਡਾਰੀ ਨੂੰ ਆਪਣੇ ਦਮ-ਖ਼ਮ, ਕਾਬਲੀਅਤ ਅਤੇ ਖੇਡ ਮੁਹਾਰਤ ਨਾਲ ਆਪਣੇ ਮੁਲਕ ਦਾ ਝੰਡਾ ਬੁਲੰਦ ਕਰਨ ਦਾ ਮੌਕਾ ਮਿਲਦਾ ਹੈ। ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਤਗ਼ਮਿਆਂ ਵਿੱਚ ਚੌਥੇ ਸਥਾਨ ’ਤੇ ਹੈ। ਪਿਛਲੇ 20 ਮੁਕਾਬਲਿਆਂ ਵਿੱਚੋਂ ਭਾਰਤ ਨੇ 16 ਵਾਰ ਇਨ੍ਹਾਂ ਖੇਡਾਂ ਵਿੱਚ ਹਿੱਸਾ ਲਿਆ ਹੈ, ਜਦੋਂਕਿ ਵਾਰ ਚਾਰ ਇਨ੍ਹਾਂ ਵਿੱਚ ਹਿੱਸਾ ਨਹੀਂ ਲਿਆ। ਭਾਰਤ ਨੇ ਹੁਣ ਤੱਕ ਕੁੱਲ 155 ਸੋਨੇ, 155 ਚਾਂਦੀ ਤੇ 128 ਕਾਂਸੀ ਦੇ ਤਗ਼ਮਿਆਂ ਸਣੇ ਕੁੱਲ 438 ਤਮਗੇ ਜਿੱਤੇ ਹਨ। ਭਾਰਤ ਤੋਂ ਅੱਗੇ ਆਸਟਰੇਲੀਆ, ਇੰਗਲੈਂਡ ਤੇ ਕੈਨੇਡਾ ਦਾ ਨੰਬਰ ਆਉਂਦਾ ਹੈ। ਭਾਰਤ ਲਈ ਪਲੇਠਾ ਤਗ਼ਮਾ 1934 ਵਿੱਚ ਲੰਡਨ ਵਿਖੇ ਪਹਿਲਵਾਨ ਰਾਸ਼ਿਦ ਅਲਵਰ ਨੇ 74 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਦੇ ਤਮਗੇ ਦੇ ਰੂਪ ਵਿੱਚ ਜਿੱਤਿਆ ਸੀ। ਭਾਰਤ ਲਈ ਪਹਿਲਾ ਸੋਨ ਤਮਗਾ ਉਡਣਾ ਸਿੱਖ ਵਜੋਂ ਜਾਣੇ ਜਾਂਦੇ ਮਿਲਖਾ ਸਿੰਘ ਨੇ 1958 ਵਿੱਚ ਕਾਰਡਿਫ ਵਿਖੇ ਜਿੱਤਿਆ ਸੀ, ਜਿੱਥੇ ਇੱਕ ਹੋਰ ਭਾਰਤੀ ਪਹਿਲਵਾਨ ਲੀਲਾ ਰਾਮ ਨੇ ਵੀ ਸੋਨ ਤਗ਼ਮਾ ਜਿੱਤਿਆ ਸੀ। 2010 ਦੌਰਾਨ ਦਿੱਲੀ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੇ 38 ਸੋਨੇ, 27 ਚਾਂਦੀ ਤੇ 36 ਕਾਂਸੀ ਸਣੇ ਕੁੱਲ 101 ਤਗਮੇ ਜਿੱਤ ਕੇ ਪਹਿਲੀ ਵਾਰ ਦੂਜਾ ਸਥਾਨ ਹਾਸਲ ਕੀਤਾ ਸੀ।

Facebook Comment
Project by : XtremeStudioz