Close
Menu

ਗੋਲੀ ਲੱਗਣ ਕਾਰਨ ਜ਼ਖ਼ਮੀ ਹੋਈ ਜੱਜ ਦੀ ਪਤਨੀ ਦੀ ਮੌਤ

-- 15 October,2018

ਗੁਰੂਗ੍ਰਾਮ,  ਗੁਰੂਗ੍ਰਾਮ ਦੇ ਭੀੜ ਭਰੇ ਇਲਾਕੇ ਵਿੱਚ ਸੁਰੱਖਿਆ ਗਾਰਡ ਵੱਲੋਂ ਚਲਾਈ ਗੋਲੀ ਨਾਲ ਜ਼ਖ਼ਮੀ ਹੋਈ ਜੱਜ ਦੀ ਪਤਨੀ ਦੀ ਅੱਜ ਮੌਤ ਹੋ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਵਧੀਕ ਸੈਸ਼ਨ ਜੱਜ ਕ੍ਰਿਸ਼ਨ ਕਾਂਤ ਦੀ ਪਤਨੀ ਰਿਤੂ (45) ਤੇ ਉਨ੍ਹਾਂ ਦਾ ਪੁੱਤ ਧਰੁਵ (18) ਖਰੀਦਦਾਰੀ ਲਈ ਬੀਤੇ ਦਿਨ ਬਾਜ਼ਾਰ ਗਏ ਸੀ ਜਿੱਥੇ ਉਨ੍ਹਾਂ ਨੂੰ ਮਹੀਪਾਲ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਹਾਲਤ ’ਚ ਹਸਪਤਾਲ ਦਾਖਲ ਕਰਵਾਇਆ ਗਿਆ। ਗੁਰੂਗ੍ਰਾਮ ਸਿਵਲ ਹਸਪਤਾਲ ਦੇ ਖੇਤਰੀ ਮੈਡੀਕਲ ਅਫਸਰ ਪਵਨ ਚੌਧਰੀ ਨੇ ਰਿਤੂ ਦੀ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਤੇ ਉਨ੍ਹਾਂ ਦੇ ਪੁੱਤਰ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ।
ਮਹੀਪਾਲ ਨੂੰ ਅੱਜ ਬਾਅਦ ਦਪੁਹਿਰ ਗੁਰੂਗ੍ਰਾਮ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਚਾਰ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪੁਲੀਸ ਅਨੁਸਾਰ ਇਹ ਘਟਨਾ ਬੀਤੇ ਦਿਨ ਬਾਅਦ ਦੁਪਹਿਰ 3.30 ਵਜੇ ਵਾਪਰੀ। ਇਸ ਘਟਨਾ ’ਚ ਰਿਤੂ ਦੇ ਸੀਨੇ ਅਤੇ ਧਰੁਵ ਦੇ ਸਿਰ ’ਚ ਗੋਲੀ ਵੱਜੀ ਸੀ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਕਿ ਮੁਲਜ਼ਮ ਹਰਿਆਣਾ ਪੁਲੀਸ ’ਚ ਹੈੱਡ ਕਾਂਸਟੇਬਲ ਹੈ ਅਤੇ ਪਿਛਲੇ ਦੋ ਸਾਲਾਂ ਤੋਂ ਜੱਜ ਦੇ ਨਿੱਜੀ ਸੁਰੱਖਿਆ ਕਰਮੀ ਵਜੋਂ ਤਾਇਨਾਤ ਸੀ। ਪੁਲੀਸ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਘਰ ਜਾਣ ਲਈ ਛੁੱਟੀ ਮੰਗ ਰਿਹਾ ਸੀ, ਪਰ ਉਸ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਹੋ ਸਕਦਾ ਹੈ ਕਿ ਇਸੇ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੋਵੇ।

Facebook Comment
Project by : XtremeStudioz