Close
Menu

ਗੱਤਕਾ ਨੂੰ ਪੇਟੈਂਟ ਕਰਾਉਣ ਸਬੰਧੀ ਦਸਤਾਵੇਜ਼ਾਂ ਨਾਲ ਕੀਤੀ ਛੇੜਛਾੜ : ਗਰੇਵਾਲ

-- 23 March,2019

ਚੰਡੀਗੜ੍ਹ 23 ਮਾਰਚ : ਸਿੱਖ ਸ਼ਸ਼ਤਰ ਵਿੱਦਿਆ ਅਤੇ ਗੱਤਕਾ ਨੂੰ ਟਰੇਡਮਾਰਕ ਕਾਨੂੰਨ ਤਹਿਤ ਪੇਟੈਂਟ ਕਰਵਾਉਣ ਵਿਰੁੱਧ ਦੇਸ਼-ਵਿਦੇਸ਼ ਵਿੱਚ ਵਸਦੇ ਸਮੁੱਚੇ ਸਿੱਖਾਂ ਅਤੇ ਗੱਤਕਾ ਜਥੇਬੰਦੀਆਂ ਪੂਰਨ ਰੋਹ ਵਿੱਚ ਹਨ। ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਸਬੰਧਤ ਵਿਅਕਤੀ ਨੂੰ ਤਲਬ ਕਰਨ ਅਤੇ ਇਸ ਪੇਟੈਂਟ ਨੂੰ ਤੁਰੰਤ ਰੱਦ ਕਰਵਾਉਣ ਦੀ ਸ਼ਿਕਾਇਤ ਸਿੱਖਾਂ ਦੀ ਸੁਪਰੀਮ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਕੋਲ ਵੀ ਪਹੁੰਚ ਚੁੱਕੀ ਹੈ ਪਰ ਇਸੇ ਦੌਰਾਨ ਪੇਟੈਂਟ ਕਰਵਾਉਣ ਵਾਲੇ ਕੰਪਨੀ ਅਤੇ ਉਸ ਦੇ ਮਾਲਕ ਵੱਲੋਂ ਦਿੱਲੀ ਵਿੱਚ 20 ਕਰੋੜ ਰੁਪਏ ਖਰਚਕੇ ਗੱਤਕੇ ਦੀ ਵਰਲਡ ਲੀਗ ਕਰਾਉਣ, ਜਾਅਲੀ ਬੁਕਿੰਗ ਰਸੀਦਾਂ ਛਾਪਣ ਅਤੇ ਕੰਪਨੀਆਂ ਸਥਾਪਤ ਕਰਨ ਨੂੰ ਲੈ ਕੇ ਕਾਫੀ ਨਵੇਂ ਰਾਜ ਸਾਹਮਣੇ ਆਏ ਹਨ।

            ਅੱਜ ਇੱਥੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਇਹ ਖੁਲਾਸੇ ਕਰਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦੱਸਿਆ ਕਿ ਦਿੱਲੀ ਦੇ ਜਿਸ ਸ਼ਖਸ, ਹਰਪ੍ਰੀਤ ਸਿੰਘ ਖਾਲਸਾ, ਨੇ ਟਰੇਡਮਾਰਕ ਕਾਨੂੰਨ ਤਹਿਤ ਗੱਤਕਾ ਅਤੇ ਸਿੱਖ ਯੁੱਧ ਕਲਾ ਨੂੰ ਪੇਟੈਂਟ ਕਰਵਾਇਆ ਹੈ ਉਸ ਵੱਲੋਂ 22 ਮਾਰਚ ਤੋਂ 28 ਮਾਰਚ ਤੱਕ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਜਨਤਕ ਤੌਰ ‘ਤੇ ਐਲਾਨੀ ਵਰਲਡ ਗੱਤਕਾ ਲੀਗ ਕਰਵਾਉਣਾ ਵੀ ਇੱਕ ਕੋਰਾ ਝੂਠ ਸਾਬਤ ਹੋਇਆ ਹੈ। ਇੰਨ੍ਹਾ ਹੀ ਨਹੀਂ ਇਸ ਵਿਅਕਤੀ ਨੇ ਆਪਣੀਆਂ ਤਿੰਨ ਵੈੱਬਸਾਈਟਾਂ ਉਤੇ ਵਰਲਡ ਗੱਤਕਾ ਲੀਗ ਉੱਪਰ ਖਰਚੇ ਜਾਣ ਵਾਲੇ 20 ਕਰੋੜ ਰੁਪਏ ਦਾ ਤਜ਼ਵੀਜ਼ਤ ਵੇਰਵਾ ਵੀ ਪੇਸ਼ ਕੀਤਾ ਹੈ ਪਰ ਅਸਲ ਵਿੱਚ ਇਸ ਲੀਗ ਦੇ ਨਾਮ ‘ਤੇ ਗੱਤਕਾ ਖਿਡਾਰੀਆਂ ਨਾਲ ਧੋਖਾ ਹੋਇਆ ਹੈ ਕਿਉਂਕਿ ਜੇਤੂ ਟੀਮਾਂ ਲਈ ਇੱਕ ਕਰੋੜ ਰੁਪਏ, ਦੂਜੇ ਸਥਾਨ ਲਈ 75 ਲੱਖ ਰੁਪਏ ਅਤੇ ਤੀਜੇ ਸਥਾਨ ‘ਤੇ ਆਉਣ ਟੀਮ ਨੂੰ 50 ਲੱਖ ਰੁਪਏ ਨਗਦ ਇਨਾਮ ਦੇਣ ਦਾ ਜਨਤਕ ਐਲਾਨ ਵੀ ਵੈਬਸਾਈਟ ਅਤੇ ਹੋਰ ਸ਼ੋਸ਼ਲ ਮੀਡੀਆ ਉਪਰ ਕੀਤਾ ਹੋਇਆ ਸੀ।

            ਹੁਣ ਇਸ ਵਿਅਕਤੀ ਵੱਲੋਂ ਇਹ ਵਰਲਡ ਗੱਤਕਾ ਲੀਗ 6 ਅਪ੍ਰੈਲ ਤੋਂ ਕਰਾਉਣ ਦਾ ਸ਼ੋਸ਼ਾ ਛੱਡਿਆ ਗਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਇਸ ਲੀਗ ਦਾ ਉਦਘਾਟਨ ਵੀ ਪ੍ਰਧਾਨ ਮੰਤਰੀ ਵੱਲੋਂ ਹੀ ਕੀਤਾ ਜਾਵੇਗਾ ਪਰ ਲੱਗਾ ਹੈ ਕਿ ਪ੍ਰਧਾਨ ਮੰਤਰੀ ਦਫਤਰ ਨੇ ਅਜਿਹੇ ਕਿਸੇ ਵੀ ਸਮਾਗਮ ਲਈ ਕੋਈ ਤਰੀਕ ਨਹੀਂ ਦਿੱਤੀ। ਇਸ ਤੋਂ ਇਲਾਵਾ ਇਸੇ ਸ਼ਖਸ਼ ਵੱਲੋਂ ਆਪਣੇ ਇੱਕ ਈ-ਪੇਪਰ ਸਾਡਾ ਹੱਕ ਸਮੇਤ ਵੈਬਸਾਈਟਾਂ ਅਤੇ ਸ਼ੋਸ਼ਲ ਮੀਡੀਆ ਉਪਰ ਸਾਈ ਦੀ ਸਹਾਇਤਾ ਨਾਲ 40 ਗੱਤਕਾ ਕੋਚਾਂ ਦੀਆਂ ਅਸਾਮੀਆਂ ਭਰਨ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ ਜਿੰਨਾਂ ਨੂੰ ਆਪਣੀ ਕੰਪਨੀ ਵੱਲੋਂ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਮੇਤ ਮਹਿੰਗਾਈ ਭੱਤਾ, ਸਫ਼ਰ ਭੱਤਾ ਆਦਿ ਦੇਣ ਅਤੇ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਸਾਈ ਵੱਲੋਂ ਦੇਣ ਦਾ ਭਰੋਸਾ ਗੱਤਕਾ ਖਿਡਾਰੀਆਂ ਨੂੰ ਦਿੱਤਾ ਜਾ ਰਿਹਾ ਹੈ ਪਰ ਜਦੋਂ ਇਸ ਸਬੰਧੀ ਸਾਈ ਦੇ ਅਘਕਾਰੀਆਂ ਨਾਲ ਗੱਲ ਕੀਤੀ ਤਾਂ ਉਨਾਂ ਗੱਤਕੇ ਲਈ ਅਜਿਹੀ ਕੋਈ ਵੀ ਅਸਾਮੀ ਦੀ ਰਚਨਾ ਹੋਣ ਜਾਂ ਭਰਤੀ ਕਰਨ ਤੋਂ ਕੋਰੀ ਨਾਂਹ ਕੀਤੀ ਹੈ ਅਤੇ ਸ਼ਿਕਾਇਤ ਮਿਲਣ ‘ਤੇ ਸਾਈ ਦੇ ਨਾਮ ‘ਤੇ ਧਾਂਧਲੀ ਕਰਨ ਵਾਲੇ ਖਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।

            ਉਨ੍ਹਾਂ ਖੁਲਾਸਾ ਕੀਤਾ ਕਿ ਇਸ ਵਿਅਕਤੀ ਵੱਲੋਂ ਦੇਸ਼-ਵਿਦੇਸ਼ ਵਿੱਚੋਂ ਚੰਦਾ ਇਕੱਠਾ ਕਰਨ ਦੇ ਨਾਂਅ ਹੇਠਾਂ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਦੇ ਨਾਵਾਂ ਵਾਲੀਆਂ ਦੋ ਜਾਅਲੀ ਰਸੀਦਾਂ ਛਪਵਾਈਆਂ ਗਈਆਂ ਜਿਨ੍ਹਾਂ ਵਿੱਚੋਂ ਇੱਕ ਰਸੀਦ ਇੱਕ ਕਰੋੜ 75 ਲੱਖ ਰੁਪਏ ਅਤੇ ਦੂਜੀ ਰਸੀਦ 25 ਲੱਖ ਰੁਪਏ ਦੀ ਜ਼ਮਾਨਤ ਜ਼ਮਾਂ ਕਰਵਾਉਣ ਬਾਰੇ ਹੈ ਜਦਕਿ ਸਾਈ ਵੱਲੋਂ ਅਜਿਹੀਆਂ ਰਸੀਦਾਂ ਜਾਰੀ ਕਰਨ ਤੋਂ ਸਪੱਸ਼ਟ ਇਨਕਾਰ ਕੀਤਾ ਗਿਆ ਹੈ। ਪਤਾ ਕਰਨ ‘ਤੇ ਸਾਈ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਟੇਡੀਅਮ ਦੀ ਬੁਕਿੰਗ ਲਈ ਉਨ੍ਹਾਂ ਰਸੀਦਾਂ ਹੀ ਨਹੀਂ ਛਪਵਾਈਆਂ ਕਿਉਂਕਿ ਸਟੇਡੀਅਮ ਦੀ ਬੁਕਿੰਗ ਤਾਂ ਆਨਲਾਈਨ ਹੀ ਹੁੰਦੀ ਹੈ। ਉਨ੍ਹਾਂ ਮਾਰਚ ਮਹੀਨੇ ਜਵਾਹਰ ਲਾਲ ਨਹਿਰੂ ਸਟੇਡੀਅਮ ਕਿਸੇ ਗੱਤਕਾ ਟੂਰਨਾਮੈਂਟ ਲਈ ਬੁੱਕ ਹੋਣ ਤੋਂ ਵੀ ਕੋਰੀ ਨਾਂਹ ਕੀਤੀ ਅਤੇ ਰਸੀਦਾਂ ਨੂੰ ਵੀ ਜਾਅਲੀ ਕਰਾਰ ਦਿੱਤਾ ਹੈ। ਸਾਈ ਦੇ ਉੱਚ ਅਧਿਕਾਰੀਆਂ ਨੇ ਲਿਖਤੀ ਸ਼ਿਕਾਇਤ ਮਿਲਣ ‘ਤੇ ਫ਼ਰਜ਼ੀ ਰਸੀਦਾਂ ਤਿਆਰ ਕਰਕੇ ਸਾਈ ਦੇ ਨਾਮ ਦਾ ਦੁਰਉਪਯੋਗ ਕਰਨ ਵਾਲੇ ਦੋਸ਼ੀਆਂ ਖਿਲਾਫ ਪੁਲੀਸ ਕੋਲ ਸ਼ਿਕਾਇਤ ਦਰਜ ਕਰਾਉਣ ਦਾ ਭਰੋਸਾ ਦਿੱਤਾ ਹੈ।

            ਗੱਤਕਾ ਪ੍ਰਮੋਟਰ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਟਰੇਡਮਾਰਕ ਅਥਾਰਟੀ ਤੋਂ ਆਰਟੀਆਈ ਰਾਹੀਂ ਗੱਤਕਾ ਅਤੇ ਸਿੱਖ ਯੁੱਧ ਕਲਾ ਨੂੰ ਪੇਟੈਂਟ ਕਰਵਾਉਣ ਸਬੰਧੀ ਅਰਜੀਕਾਰ ਵੱਲੋਂ ਦਾਖਲ ਕੀਤੇ ਸਾਰੇ ਦਸਤਾਵੇਜ਼ ਮੰਗੇ ਹਨ ਤਾਂ ਜੋ ਗੁਰੂ ਸਾਹਿਬਾਨ ਵੱਲੋਂ ਸਿੱਖਾਂ ਨੂੰ ਬਖਸ਼ੀ ਇਸ ਦਾਤ ਅਤੇ ਪੁਰਾਤਨ ਯੁੱਧ ਵਿੱਦਿਆ ਨੂੰ ਕਿਸੇ ਇੱਕ ਵਿਅਕਤੀ ਵੱਲੋਂ ਆਪਣੇ ਨਾਂਅ ਹੇਠ ਮਾਲਕੀਅਤ ਦਰਜ ਕਰਾਉਣ ਸਬੰਧੀ ਦਿੱਤੇ ਸਬੂਤਾਂ ਅਤੇ ਦਸਤਾਵੇਜ਼ਾਂ ਦੀ ਪੜਚੋਲ ਕੀਤੀ ਜਾ ਸਕੇ।

            ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਪਾਇਆ ਹੈ ਕਿ ਇਸ ਵਿਅਕਤੀ ਨੇ ਆਪਣੀਆਂ ਤਿੰਨ ਵੈੱਬਸਾਈਟਾਂ ਉਤੇ ਪੇਟੈਂਟ ਕਰਵਾਉਣ ਸਬੰਧੀ ਪਾਏ ਦਸਤਾਵੇਜ਼ਾਂ ਵਿੱਚ ਵੀ ਛੇੜਛਾੜ ਕੀਤੀ ਹੋਈ ਹੈ ਅਤੇ ਟਰੇਡਮਾਰਕ ਅਥਾਰਟੀ ਵੱਲੋਂ ਜਾਰੀ ਸਰਕਾਰੀ ਦਸਤਾਵੇਜ਼ਾਂ ਵਿੱਚ ਦਿੱਤੇ ਸੰਪਰਕ ਨੰਬਰ ਅਤੇ ਈਮੇਲ ਬਦਲਕੇ ਕੋਈ ਹੋਰ ਨਿੱਜੀ ਈਮੇਲ ਅਤੇ ਨੰਬਰ ਲਿਖੇ ਹੋਏ ਹਨ ਜੋ ਕਿ ਸਰਕਾਰੀ ਦਸਤਾਵੇਜਾਂ ਨਾਲ ਛੇੜਛਾੜ ਕਰਨ ਦਾ ਸਪੱਸ਼ਟ ਫ਼ਰਦ ਜ਼ੁਰਮ ਆਇਦ ਹੁੰਦਾ ਹੈ।

            ਗਰੇਵਾਲ ਨੇ ਇਹ ਵੀ ਦੱਸਿਆ ਕਿ ਪਿਛਲੇ ਦਿਨੀਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਵੱਲੋਂ ਦਿੱਲੀ ਦੇ ਇਸ ਸ਼ਖਸ ਵੱਲੋਂ ਗੱਤਕੇ ਨੂੰ ਪੇਟੈਂਟ ਕਰਾਉਣ ਸਬੰਧੀ ਕੀਤੇ ਖੁਲਾਸਿਆਂ ਪਿੱਛੋਂ ਇਸ ਵਿਅਕਤੀ ਨੇ ਆਪਣੀਆਂ ਤਿੰਨੋਂ ਵੈੱਬਸਾਈਟਾਂ ਬੰਦ ਕਰ ਦਿੱਤੀਆਂ ਹਨ ਪਰ ਉਨ੍ਹਾਂ ਨੇ ਇਨ੍ਹਾਂ ਵੈੱਬਸਾਈਟਾਂ ਦਾ ਸਾਰਾ ਰਿਕਾਰਡ ਸੰਭਾਲ ਲਿਆ ਹੈ ਅਤੇ ਉਨਾਂ ਦਸਤਾਵੇਜ਼ਾਂ ਦੀ ਇੱਕ ਨਕਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਸੌਂਪ ਦਿੱਤੀ ਹੈ।

            ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਨੇ ਪੰਜ ਵੱਖ-ਵੱਖ ਨਾਂਅ ਟਰੇਡਮਾਰਕ ਕਾਨੂੰਨ ਤਹਿਤ ਪੇਟੈਂਟ ਕਰਵਾਉਣ ਲਈ ਅਰਜੀਆਂ ਲਾਈਆਂ ਸਨ ਜਿੰਨ੍ਹਾਂ ਵਿੱਚ ਗੱਤਕਾ ਅਤੇ ਸਿੱਖ ਸ਼ਸ਼ਤਰ ਕਲਾ ਸਮੇਤ ਇੰਡੀਅਨ ਗੱਤਕਾ ਫੈਡਰੇਸ਼ਨ, ਵਰਲਡ ਗੱਤਕਾ ਲੀਗ ਅਤੇ ਸੁਪਰ ਗੱਤਕਾ ਕਾਨਫੈੱਡਰੇਸ਼ਨ ਸ਼ਾਮਲ ਹਨ। ਗਰੇਵਾਲ ਨੇ ਦੱਸਿਆ ਕਿ ਜਿਉਂ ਹੀ ਉਨ੍ਹਾਂ ਦੀ ਗੱਤਕਾ ਜਥੇਬੰਦੀ ਨੂੰ ਇਹ ਪੇਟੈਂਟ ਕਰਵਾਉਣ ਦੀ ਸੂਹ ਮਿਲੀ ਤਾਂ ਉਨ੍ਹਾਂ ਭਾਰਤੀ ਟਰੇਡਮਾਰਕ ਅਥਾਰਿਟੀ ਕੋਲ ਆਪਣਾ ਲਿਖਤੀ ਰੋਸ ਜ਼ਾਹਰ ਕਰਵਾਇਆ ਜਿਸ ਪਿੱਛੋਂ ਪਤਾ ਲੱਗਾ ਹੈ ਕਿ ਇਨ੍ਹਾਂ ਵਿੱਚੋਂ ਕੁੱਝ ਨਾਵਾਂ ਉੱਤੇ ਟ੍ਰੇਡਮਾਰਕ ਅਥਾਰਟੀ ਨੇ ਫਿਲਹਾਲ ਰੋਕ ਲਾ ਦਿੱਤੀ ਹੈ।

            ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਵੱਲੋਂ ਭਾਰਤੀ ਕੰਪਨੀ ਕਾਨੂੰਨ ਤਹਿਤ ਤਿੰਨ ਕੰਪਨੀਆਂ ਵੀ ਰਜ਼ਿਸਟਰਡ ਕਰਵਾਈਆਂ ਗਈਆਂ ਹਨ ਜਿਨ੍ਹਾਂ ਵਿੱਚ ‘ਵਰਲਡ ਲੀਗ ਇੰਡੀਆ ਗੱਤਕਾ ਫੈਡਰੇਸ਼ਨ’, ‘ਕਿੱਕ ਸ਼ੂਜ਼ ਪ੍ਰਾਈਵੇਟ ਲਿਮਟਿਡ’ ਅਤੇ ‘ਸਾਡਾ ਹੱਕ ਮੀਡੀਆ ਪ੍ਰਾਈਵੇਟ ਲਿਮਟਿਡ’ ਸ਼ਾਮਲ ਹਨ। ਦਿੱਲੀ ਸਥਿਤ ਇਹ ‘ਵਰਲਡ ਲੀਗ ਇੰਡੀਆ ਗੱਤਕਾ ਫੈਡਰੇਸ਼ਨ’ ਨਾਮੀ ਕੰਪਨੀ ਸਾਢੇ ਪੰਜ ਮਹੀਨੇ ਪਹਿਲਾਂ ਹੀ ਅਕਤੂਬਰ 2018 ਨੂੰ ਰਜ਼ਿਸਟਰਡ ਹੋਈ ਹੈ ਜਿਸ ਦਾ ਪੂੰਜੀ ਨਿਵੇਸ਼ ਅਤੇ ਖਰਚਾ ਜ਼ੀਰੋ ਪੈਸਾ ਹੈ ਅਤੇ ਕੰਪਨੀ ਵੱਲੋਂ ਖੇਡ ਅਤੇ ਹੋਰ ਮਨਪਰਚਾਵੇ ਦੀਆਂ ਗਤੀਵਿਧੀਆਂ ਕਰਨਾ ਆਪਣਾ ਉਦੇਸ਼ ਲਿਖਿਆ ਗਿਆ ਹੈ। ਦੋ ਡਾਇਰੈਕਟਰਾਂ ਦੀ ਭਾਈਵਾਲੀ ਵਾਲੀ ਇਸ ਕੰਪਨੀ ਵੱਲੋਂ ਹੀ ਦਿੱਲੀ ਵਿੱਚ 20 ਕਰੋੜ ਰੁਪਏ ਖਰਚਕੇ ਵਰਲਡ ਗੱਤਕਾ ਲੀਗ ਕਰਵਾਈ ਜਾਣੀ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਜ਼ੀਰੋ ਪੂੰਜੀ ਨਿਵੇਸ਼ ਵਾਲੀ ਇਹ ਕੰਪਨੀ ਪੰਜ ਮਹੀਨਿਆਂ ਦੇ ਅੰਦਰ ਹੀ 20 ਕਰੋੜ ਰੁਪਏ ਦਾ ਖਰਚਾ ਕਿੱਥੋਂ ਅਤੇ ਕਿਸ ਤਰੀਕੇ ਨਾਲ ਕਰ ਰਹੀ ਸੀ, ਇਹ ਵੱਖਰੀ ਪੜਤਾਲ ਦਾ ਵਿਸ਼ਾ ਹੈ। ਇਸ ਸਬੰਧੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਵੱਲੋਂ ਆਮਦਨ ਕਰ ਵਿਭਾਗ ਅਤੇ ਹੋਰ ਸਬੰਧਤ ਭਾਰਤੀ ਅਥਾਰਿਟੀਆਂ ਨੂੰ ਮੁਕੰਮਲ ਪੜਤਾਲ ਕਰਨ ਲਈ ਲਿਖਿਆ ਜਾ ਰਿਹਾ ਹੈ। ਇਸ ਕੰਪਨੀ ਵੱਲੋਂ ਹਾਲੇ ਤੱਕ ਨਾ ਤਾਂ ਕੋਈ ਸਲਾਨਾ ਜਨਰਲ ਇਜਲਾਸ ਸੱਦਿਆ ਗਿਆ ਹੈ ਅਤੇ ਨਾ ਹੀ ਆਮਦਨ ਕਰ ਸਬੰਧੀ ਕੋਈ ਰਿਟਰਨ ਫਾਈਲ ਕੀਤੇ ਦਾ ਪਤਾ ਲੱਗਾ ਹੈ।

            ਚਮੜੇ ਦੇ ਜੁੱਤੇ, ਬੈਗ ਅਤੇ ਹੋਰ ਸਮਾਨ ਬਣਾਉਣ ਦੇ ਸਿਰਲੇਖ ਹੇਠ ਦਸੰਬਰ 2018 ਨੂੰ ਦੋ ਡਾਇਰੈਕਟਰਾਂ ਦੀ ਮਾਲਕੀ ਹੇਠ ਰਜ਼ਿਸਟਰਡ ਹੋਈ ‘ਕਿੱਕ ਸ਼ੂਜ਼ ਪ੍ਰਾਈਵੇਟ ਲਿਮਟਿਡ’ ਨਾਂਅ ਵਾਲੀ ਕੰਪਨੀ ਵੱਲੋਂ 6 ਲੱਖ ਰੁਪਏ ਦੀ ਪੂੰਜੀ ਹੋਣਾ ਦਰਸਾਇਆ ਗਿਆ ਹੈ। ਸੱਤ ਲੱਖ ਦੀ ਪੂੰਜੀ ਵਾਲੀ ‘ਸਾਡਾ ਹੱਕ ਮੀਡੀਆ ਪ੍ਰਾਈਵੇਟ ਲਿਮਟਿਡ’ ਨਾਮੀ ਕੰਪਨੀ ਤਿੰਨ ਸਾਲ ਪੁਰਾਣੀ ਰਜ਼ਿਸਟਰਡ ਹੈ ਜਿਸ ਵੱਲੋਂ ਪ੍ਰਕਾਸ਼ਨ, ਪਿੰਟਿੰਗ ਅਤੇ ਮੀਡੀਆ ਨਾਲ ਸਬੰਧਤ ਕਾਰਜ ਕਰਨੇ ਦਰਸਾਏ ਹੋਏ ਹਨ ਪਰ ਇਸ ਕੰਪਨੀ ਦੇ ਇੱਕ ਡਾਇਰੈਕਟਰ ਰਣਜੀਤ ਸਿੰਘ ਵੱਲੋਂ ਵਿਅਕਤੀਗਤ ਪਛਾਣ (ਕੇ.ਵਾਈ.ਸੀ) ਸਬੰਧੀ ਫਾਰਮ ਦਾਖਲ ਨਾ ਕਰਨ ਕਰਕੇ ਉਸਦਾ ਡਾਇਰੈਕਟਰ ਪਛਾਣ ਨੰਬਰ (ਡੀ.ਆਈ.ਐਨ.) ਨੂੰ ਕੰਪਨੀ ਰਜਿਸਟਰਾਰ ਵੱਲੋਂ ਡੀਐਕਟੀਵੇਟ ਕੀਤੇ ਹੋਣ ਦਾ ਪਤਾ ਲੱਗਾ ਹੈ।

            ਗਰੇਵਾਲ ਨੇ ਕਿਹਾ ਕਿ ਉਕਤ ਸਖਸ਼ ਸਬੰਧੀ ਹੋਰ ਵੀ ਖੁਫ਼ੀਆ ਪੜਤਾਲ ਚੱਲ ਰਹੀ ਹੈ ਅਤੇ ਅਗਲੇ ਦਿਨਾਂ ਵਿੱਚ ਹੋਰ ਪੁਖਤਾ ਸਬੂਤ ਸਾਹਮਣੇ ਆਉਣ ‘ਤੇ ਸੰਗਤਾਂ ਦੇ ਰੂਬਰੂ ਰੱਖਿਆ ਜਾਵੇਗਾ।

            ਿੲਸ ਮੌਕੇ ਹੋਰਨਾ ਤੋਂ ਇਲਾਵਾ ਬਲਜਿੰਦਰ ਸਿੰਘ ਸਨਟਾਵਰ ਬਲੌਗੀ, ਭੁਪਿੰਦਰ ਸਿੰਘ ਬਲੌਗੀ, ਮਨਸਾਹਿਬ ਸਿੰਘ ਫਤਹਿਗੜ੍ਹ ਸਾਹਿਬ, ਜਸਕਰਨ ਸਿੰਘ ਪੰਧੇਰ ਤੇ ਹਰਸ਼ਵੀਰ ਸਿੰਘ ਗਰੇਵਾਲ ਵੀ ਹਾਜ਼ਰ ਸਨ।

Facebook Comment
Project by : XtremeStudioz