Close
Menu

ਚਹੇਤੇ ਪੂੰਜੀਪਤੀਆਂ ਦਾ ਘਰ ਭਰਨ ਲਈ ਨਵਾਂ ਸੌਦਾ ਕੀਤਾ: ਰਾਹੁਲ

-- 19 October,2018

ਨਵੀਂ ਦਿੱਲੀ, 19 ਅਕਤੂਬਰ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਰਾਫਾਲ ਜਹਾਜ਼ਾਂ ਦੇ ਸੌਦੇ ਦੇ ਮੁੱਦੇ ’ਤੇ ਮੁੜ ਮੋਦੀ ਸਰਕਾਰ ਉਪਰ ਹੱਲਾ ਬੋਲਦਿਆਂ ਦੋਸ਼ ਲਾਇਆ ਕਿ ਇਸ ਨੇ ਆਪਣੇ ਕੁਝ ਚਹੇਤੇ ਸਨਅਤਕਾਰਾਂ ਨੂੰ ਲਾਭ ਪਹੁੰਚਾਉਣ ਲਈ ਸੌਦੇ ਦੀ ਘੜ ਭੰਨ ਕੀਤੀ ਸੀ ਜਿਸ ਕਰ ਕੇ ਦੁਨੀਆਂ ਭਰ ’ਚ ਭਾਰਤ ਦੀ ਸਾਖ਼ ਨੂੰ ਝਟਕਾ ਵੱਜਿਆ ਹੈ।
ਆਪਣੇ ਫੇਸਬੁਕ ਪੋਸਟ ਵਿਚ ਸ੍ਰੀ ਗਾਂਧੀ ਨੇ ਕਿਹਾ ਕਿ ਯੂਪੀਏ ਸ਼ਾਸਨ ਵੇਲੇ ਜੋ ਗੱਲਬਾਤ ਚੱਲ ਰਹੀ ਸੀ ਉਸ ਮੁਤਾਬਕ ਭਾਰਤ ਨੂੰ ਤਕਨਾਲੋਜੀ ਦਾ ਤਬਾਦਲਾ ਕੀਤਾ ਜਾਣਾ ਸੀ ਤੇ ਇਹ ਸ਼ਰਮ ਦੀ ਗੱਲ ਹੈ ਕਿ ਨਵੀਂ ਤਕਨਾਲੋਜੀ ਨਾ ਆ ਸਕਣ ਕਰ ਕੇ ਭਾਰਤੀ ਪਾਇਲਟਾਂ ਨੂੰ ਪੁਰਾਣੇ ਜੈਗੂਆਰ ਜਹਾਜ਼ ਉਡਾਉਂਦੇ ਰਹਿਣਾ ਪਵੇਗਾ ਤੇ ਉਨ੍ਹਾਂ ਦੀ ਜਾਨ ਜੋਖ਼ਮ ’ਚ ਰਹੇਗੀ। ਉਨ੍ਹਾਂ ਕਿਹਾ ‘‘ 2014 ਤੋਂ ਬਾਅਦ ਯੂਪੀਏ ਸਰਕਾਰ ਵੇਲੇ ਜਿਹੜੇ ਸੌਦੇ ਲਈ ਗੱਲਬਾਤ ਕੀਤੀ ਗਈ ਸੀ ਉਸ ਨੂੰ ਅੰਤਮ ਰੂਪ ਦੇਣ ਦੀ ਬਜਾਇ ਮੌਜੂਦਾ ਸਰਕਾਰ ਨੇ ਕੁਝ ਚਹੇਤੇ ਪੁੂੰਜੀਪਤੀਆਂ ਦਾ ਘਰ ਭਰਨ ਲਈ ਨਵੇਂ ਸਿਰਿਓਂ ਗੱਲਬਾਤ ਕੀਤੀ।’’
ਇਸ ਦੌਰਾਨ, ਸਰਕਾਰ ਨੇ ਆਖਿਆ ਕਿ ਫਰਾਂਸ ਤੋਂ 36 ਰਾਫ਼ਾਲ ਲੜਾਕੂ ਜਹਾਜ਼ਾਂ ਦੀ ਖਰੀਦ ਬਾਰੇ ਛਿੜੇ ਵਿਵਾਦ ਤੋਂ ਦੋਵੇਂ ਰਣਨੀਤਕ ਭਿਆਲ ਦੇਸ਼ਾਂ ਦੇ ਸਬੰਧਾਂ ’ਤੇ ਕੋਈ ਅਸਰ ਨਹੀਂ ਪਵੇਗਾ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ ‘‘ ਫਰਾਂਸ ਨਾਲ ਸਾਡੇ ਮਜ਼ਬੂਤ ਸਬੰਧ ਜਾਰੀ ਰਹਿਣਗੇ। ਇਹ ਸਾਡਾ ਰਣਨੀਤਕ ਭਿਆਲ ਹੈ।’’

Facebook Comment
Project by : XtremeStudioz