Close
Menu

ਚੀਨ ਦੇ ਕਰਜ਼ਿਆਂ ਦੇ ਭੁਗਤਾਨ ਲਈ ਪਾਕਿ ਕੌਮਾਂਤਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਨਾ ਕਰੇ: ਅਮਰੀਕਾ

-- 14 December,2018

ਵਾਸ਼ਿੰਗਟਨ, 14 ਦਸੰਬਰ
ਅਮਰੀਕਾ ਇਹ ਗੱਲ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਪਾਕਿਸਤਾਨ ਇਸ ਨੂੰ ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ।
ਟਰੰਪ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵਿੱਤ ਦੀ ਕਮੀ ਨਾਲ ਜੂਝ ਰਹੇ ਪਾਕਿਸਤਾਨ ਨੇ ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਅੱਠ ਬਿਲੀਅਨ ਅਮਰੀਕੀ ਡਾਲਰਾਂ ਦੀ ਮੰਗ ਕੀਤੀ ਹੈ ਤਾਂ ਕਿ ਇਹ ਆਪਣੇ ਭੁਗਤਾਨ ਸਬੰਧੀ ਸੰਕਟ ਨਾਲ ਨਜਿੱਠ ਸਕੇ ਜੋ ਕਿ ਮੁਲਕ ਦੀ ਅਰਥਵਿਵਸਥਾ ਲਈ ਖਤਰਾ ਬਣਿਆ ਹੋਇਆ ਹੈ। ਇਸ ਸਬੰਧੀ ਅੰਤਰਰਾਸ਼ਟਰੀ ਮੁਦਰਾ ਕੋਸ਼ ਅਤੇ ਪਾਕਿਸਤਾਨ ਵਿਚਾਲੇ ਹੋਈ ਮੀਟਿੰਗ ਬੇਸਿੱਟਾ ਰਹੀ ਹੈ। ਅਮਰੀਕਾ ਦਾ ਮੰਨਣਾ ਹੈ ਕਿ ਪਾਕਿਸਤਾਨ ਦੇ ਵਿੱਤੀ ਸੰਕਟ ਦਾ ਕਾਰਨ ਚੀਨ ਤੋਂ ਲਿਆ ਗਿਆ ਵੱਡਾ ਕਰਜ਼ਾ ਹੈ। ਡੇਵਿਡ ਮਾਲਪਾਸ ਨੇ ਬੁੱਧਵਾਰ ਨੂੰ ਸੰਸਦ ਦੀ ਇੱਕ ਸੁਣਵਾਈ ਦੌਰਾਨ ਦੱਸਿਆ,‘ਅਸੀਂ ਅੰਤਰਰਾਸ਼ਟਰੀ ਮੁਦਰਾ ਕੋਸ਼ ਨਾਲ ਕੰਮ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਇਹ ਗੱਲ ਸੁਨਿਸ਼ਚਿਤ ਕਰਨ ਲਈ ਕਿਹਾ ਹੈ ਕਿ ਪਾਕਿਸਤਾਨ ਇਸ ਨੂੰ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ।’ ਦੱਸਣਯੋਗ ਹੈ ਕਿ ਅਮਰੀਕੀ ਸੰਸਦ ਮੈਂਬਰਾਂ ਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਪੈਸਿਆਂ ਦੀ ਵਰਤੋਂ ਚੀਨੀ ਕਰਜ਼ਾ ਚੁਕਾਉਣ ਲਈ ਕੀਤੀ ਜਾ ਸਕਦੀ ਹੈ। ਸ੍ਰੀ ਮਾਲਪਾਸ ਨੇ ਕਿਹਾ ਕਿ ਅਮਰੀਕਾ ਵੀ ਇਹ ਗੱਲ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਪਾਕਿਸਤਾਨ ਆਪਣੇ ਆਰਥਿਕ ਪ੍ਰੋਗਰਾਮ ਵਿਚ ਤਬਦੀਲੀ ਲਿਆਵੇ।

Facebook Comment
Project by : XtremeStudioz