Close
Menu

ਚੀਫ਼ ਜਸਟਿਸ ਮਿਸ਼ਰਾ ਖ਼ਿਲਾਫ਼ ਮਹਾਂਦੋਸ਼ ਦਾ ਨੋਟਿਸ

-- 21 April,2018

ਨੋਟਿਸ ’ਤੇ ਸੱਤ ਪਾਰਟੀਆਂ ਦੇ 64 ਐਮਪੀਜ਼ ਦੇ ਦਸਤਖ਼ਤ

ਨਵੀਂ ਦਿੱਲੀ, ਸੱਤ ਵਿਰੋਧੀ ਪਾਰਟੀਆਂ ਨੇ ਅੱਜ ਬੇਮਿਸਾਲ ਕਦਮ ਚੁੱਕਦਿਆਂ ਦੇਸ਼ ਦੇ ਚੀਫ਼ ਜਸਟਿਸ (ਸੀਜੇਆਈ) ਦੀਪਕ ਮਿਸ਼ਰਾ ਨੂੰ ਅਹੁਦੇ ਤੋਂ ਹਟਾਉਣ ਲਈ ਉਨ੍ਹਾਂ ਖ਼ਿਲਾਫ਼ ਮਹਾਂਦੋਸ਼ ਦਾ ਨੋਟਿਸ ਦਿੱਤਾ ਹੈ। ਇਸ ਵਿੱਚ ਜਸਟਿਸ ਮਿਸ਼ਰਾ ਉਤੇ ‘ਮਾੜੇ ਵਤੀਰੇ’ ਅਤੇ ਅਖ਼ਤਿਆਰਾਂ ਦੀ ‘ਦੁਰਵਰਤੋਂ’ ਦਾ ਦੋਸ਼ ਲਾਇਆ ਗਿਆ ਹੈ।
ਵਿਰੋਧੀ ਆਗੂਆਂ ਨੇ ਮਹਾਂਦੋਸ਼ ’ਚ ਕੁੱਲ ਪੰਜ ਇਲਾਜ਼ਮ ਲਾਉਂਦਿਆਂ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ, ਜੋ ਰਾਜ ਸਭਾ ਦੇ ਚੇਅਰਮੈਨ ਵੀ ਹਨ, ਨੂੰ ਮਿਲ ਕੇ ਇਹ ਨੋਟਿਸ ਸੌਂਪਿਆ। ਇਸ ਉਤੇ 64 ਮੌਜੂਦਾ ਤੇ ਸੱਤ ਹਾਲ ਹੀ ਵਿੱਚ ਰਿਟਾਇਰ ਹੋਏ ਸਾਬਕਾ ਐਮਪੀਜ਼ ਦੇ ਦਸਤਖ਼ਤ ਹਨ।
ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਦੇ ਚੀਫ਼ ਜਸਟਿਸ ਖ਼ਿਲਾਫ਼ ਮਹਾਂਦੋਸ਼ ਦੇ ਮੁਕੱਦਮੇ ਦਾ ਨੋਟਿਸ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਹਾਈ ਕੋਰਟਾਂ ਦੇ ਜੱਜਾਂ ਖ਼ਿਲਾਫ਼ ਹੀ ਸੰਸਦ ਵਿੱਚ ਮਹਾਂਦੋਸ਼ ਦੇ ਮਾਮਲੇ ਆਏ ਹਨ। ਗ਼ੌਰਤਲਬ ਹੈ ਕਿ ਬੀਤੇ ਦਿਨ ਹੀ ਸੁਪਰੀਮ ਕੋਰਟ ਨੇ ਵਿਸ਼ੇਸ਼ ਜੱਜ ਬੀ.ਐਚ. ਲੋਯਾ ਦੀ ਮੌਤ ਦੀ ਨਿਰਪੱਖ ਜਾਂਚ ਦੀ ਮੰਗ ਕਰਦੀਆਂ ਵੱਖ-ਵੱਖ ਪਟੀਸ਼ਨਾਂ ਨੂੰ ਖ਼ਾਰਜ ਕੀਤਾ ਸੀ, ਜਿਸ ਤੋਂ ਇਕ ਦਿਨ ਬਾਅਦ ਇਹ ਨੋਟਿਸ ਆਇਆ ਹੈ। ਜੱਜ ਸ੍ਰੀ ਲੋਯਾ ਉਦੋਂ ਅਹਿਮ ਸੋਹਰਾਬੂਦੀਨ ਸ਼ੇਖ ਮੁਕਾਬਲਾ ਕੇਸ ਦੀ ਜਾਂਚ ਕਰ ਰਹੇ ਸਨ, ਜਦੋਂ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ ਸੀ। ਨੋਟਿਸ ਦੇਣ ਵਾਲੇ ਵਫ਼ਦ ਵਿੱਚ ਸ਼ਾਮਲ ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਕਿਹਾ, ‘‘ਸਾਡੀ ਤਮੰਨਾ ਸੀ ਕਿ ਇਹ ਦਿਨ ਕਦੇ ਨਾ ਆਵੇ।’’ ਉਨ੍ਹਾਂ ਕਿਹਾ ਕਿ ਇਹ ਕਾਰਵਾਈ ਨਿਆਂ ਪਾਲਿਕਾ ਦੀ ਆਜ਼ਾਦੀ ਦੀ ਰਾਖੀ ਲਈ ‘ਬਹੁਤ ਭਰੇ ਮਨ ਨਾਲ’ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਨੋਟਿਸ ਮਨਜ਼ੂਰ ਹੋ ਜਾਂਦਾ ਹੈ ਤਾਂ ‘ਰਵਾਇਤ ਮੁਤਾਬਕ ਸੀਜੇਆਈ ਨੂੰ ਅਦਾਲਤੀ ਕੰਮ-ਕਾਜ ਤੋਂ ਲਾਂਭੇ ਹਟਣਾ’ ਪਵੇਗਾ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ, ‘‘ਸਾਨੂੰ ਉਮੀਦ ਹੈ ਕਿ ਨੋਟਿਸ ’ਤੇ (ਰਾਜ ਸਭਾ ਦੇ) ਚੇਅਰਮੈਨ ਹਾਂਦਰੂ ਕਦਮ ਚੁੱਕਣਗੇ।’’ ਨੋਟਿਸ ’ਤੇ ਦਸਤਖ਼ਤ ਕਰਨ ਵਾਲੇ ਐਮਪੀਜ਼ ਵਿੱਚ ਐਨਸੀਪੀ, ਸੀਪੀਐਮ, ਸੀਪੀਆਈ, ਬਸਪਾ, ਸਪਾ ਅਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਐਮਪੀਜ਼ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਸੰਸਦ ਵਿੱਚ ਮੀਟੰਗ ਕਰ ਕੇ ਨੋਟਿਸ ਨੂੰ ਅੰਤਿਮ ਰੂਪ ਦਿੱਤਾ। ਦੂਜੇ ਪਾਸੇ ਤ੍ਰਿਣਮੂਲ ਕਾਂਗਰਸ ਤੇ ਰਾਸ਼ਟਰੀ ਜਨਤਾ ਦਲ ਸਣੇ ਕੁਝ ਹੋਰ ਪਾਰਟੀਆਂ ਮਤੇ ਦੀ ਹਮਾਇਤ ਤੋਂ ਪਿੱਛੇ ਹਟ ਗਈਆਂ। ਸ੍ਰੀ ਸਿੱਬਲ ਨੇ ਦੱਸਿਆ ਕਿ ਮਹਾਂਦੋਸ਼ ਵਿੱਚ ‘ਮਾੜੇ ਵਤੀਰੇ’ ਦੇ ਪੰਜ ਇਲਜ਼ਾਮਾਂ ਵਿੱਚ ਪ੍ਰਸਾਦ ਐਜੂਕੇਸ਼ਨ ਟਰੱਸਟ ਕੇਸ ’ਚ ‘ਗ਼ੈਰਕਾਨੂੰਨੀ ਰਿਸ਼ਵਤ ਦੀ ਅਦਾਇਗੀ ਦੀ ਸਾਜ਼ਿਸ਼’ ਅਤੇ ਇਸੇ ਕੇਸ ਵਿੱਚ ਹਾਈ ਕੋਰਟ ਦੇ ਰਿਟਾਇਰਡ ਜੱਜ ਖ਼ਿਲਾਫ਼ ਕਾਰਵਾਈ ਦੀ ਇਜਾਜ਼ਤ ਨਾ ਦੇਣਾ ਤੇ ਹੋਰ ‘ਗੰਭੀਰ ਦੋਸ਼’ ਸ਼ਾਮਲ ਹਨ।

Facebook Comment
Project by : XtremeStudioz