Close
Menu

ਚੂਹਿਆਂ ਨੂੰ ਮੁਕਾਉਣ ਤੁਰੀ ਬਿੱਲੀ

-- 16 April,2016

ਇੱਕ ਬੁੱਢੀ ਚਾਰ-ਪੰਜ ਮਹੀਨੇ ਬਾਅਦ ਆਪਣੇ ਘਰ ਆਈ। ਜਦੋਂ ਉਸ ਨੇ ਕੱਚੇ ਕੋਠੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਹੈਰਾਨ ਰਹਿ ਗਈ। ਅਸਲ ’ਚ ਬੁੱਢੀ ਕੱਚੇ ਕੋਠੇ ਨੂੰ ਲਿੱਪ-ਪੋਚ ਕੇ ਗਈ ਸੀ ਪਰ ਬਾਅਦ ’ਚ ਚੂਹਿਆਂ ਨੇ ਖੁੱਡਾਂ ਪੁੱਟ-ਪੁੱਟ ਕੋਠੇ ਦਾ ਬੁਰਾ ਹਾਲ ਕਰ ਦਿੱਤਾ ਸੀ। ਥਾਂ-ਥਾਂ ਲੱਗੇ ਮਿੱਟੀ ਦੇ ਢੇਰ ਦੇਖ ਬੁੱਢੀ ਦੀਆਂ ਅੱਖਾਂ ਭਰ ਆਈਆਂ। ਬੁੱਢੀ ਦੇ ਕੱਚੇ ਕੋਠੇ ’ਚ ਚੂਹੇ ਬਹੁਤ ਜ਼ਿਆਦਾ ਸਨ। ਮੂੰਹ ਨ੍ਹੇਰਾ ਹੋਣ ’ਤੇ ਉਹ ਇੰਜ ਫਿਰਨ ਲੱਗਦੇ ਸਨ ਜਿਵੇਂ ਵਿਆਹ ’ਚ ਮੇਲ ਫਿਰਦਾ ਹੁੰਦਾ ਪਰ ਪਹਿਲਾਂ ਕਦੇ ਉਨ੍ਹਾਂ ਨੇ ਐਨਾ ਨੁਕਸਾਨ ਨਹੀਂ ਸੀ ਕੀਤਾ ਕਿ ਬੁੱਢੀ ਉਨ੍ਹਾਂ ਨੂੰ ਫੜਨ ਜਾਂ ਮਾਰਨ ਬਾਰੇ ਸੋਚਦੀ। ਇਹੀ ਕਾਰਨ ਸੀ ਕਿ ਉਹ ਥੋੜ੍ਹਿਆਂ ਤੋਂ ਬਹੁਤੇ ਹੋ ਗਏ ਸਨ ਪਰ ਕੋਠੇ ਦੀ ਭੈੜੀ ਹਾਲਤ ਦੇਖ ਬੁੱਢੀ ਦੇ ਮਨ ਵਿੱਚ ਚੂਹਿਆਂ ਪ੍ਰਤੀ ਐਨਾ ਗੁੱਸਾ ਪੈਦਾ ਹੋ ਗਿਆ ਕਿ ਉਸ ਨੇ ਚੂਹਿਆਂ ਨੂੰ ਜ਼ਹਿਰ ਵਾਲੀ ਦਵਾਈ ਪਾ ਕੇ ਸੁੱਖ ਦਾ ਸਾਹ ਲਿਆ।
ਰਾਤ ਲੰਘ ਜਾਣ ਮਗਰੋਂ ਕੋਠੇ ਵਿੱਚ ਚੂਹੇ ਇੰਜ ਮਰੇ ਪਏ ਸਨ ਜਿਵੇਂ ਵਾੜੇ ਅੰਦਰ ਭੇਡਾਂ ਸੁੱਤੀਆਂ ਪਈਆਂ ਹੋਣ ਪਰ ਚੂਹੀ ਦਾ ਇੱਕ ਬੱਚਾ ਬਚ ਗਿਆ ਜਿਹੜਾ ਕਿ ਰਾਤ ਸਮੇਂ ਗੁਆਂਢੀਆਂ ਦੀ ਰਸੋਈ ’ਚ ਤਾੜਿਆ ਰਹਿ ਗਿਆ ਸੀ। ਅਗਲੇ ਦਿਨ ਦੀ ਦੁਪਹਿਰ ਸਮੇਂ ਜਦੋਂ ਉਹ ਆਪਣੇ ਘਰ ਕੋਠੇ ’ਚ ਆਇਆ ਤਾਂ ਉਸ ਦਾ ਭਾਈਚਾਰਾ ਲੰਮੀਆਂ ਤਾਣੀ ਪਿਆ ਸੀ। ਉਹ ਹਰੇਕ ਕੋਲ ਗਿਆ ਤੇ ਬੂਥੀ ਨਾਲ ਸੁੰਘਣ ਤੋਂ ਇਲਾਵਾ ਉਹਨੇ ਉਨ੍ਹਾਂ ਦੇ ਨਹੁੰਦਰਾਂ ਵੀ ਮਾਰੀਆਂ, ਪਰ ਕਿਸੇ ਨੇ ‘ਚੂੰ’ ਨਾ ਕੀਤੀ। ਭਾਵੇਂ ਹਾਲੇ ਉਹ ਨਿਆਣਾ ਸੀ ਪਰ ਫਿਰ ਵੀ ਉਹ ਸਾਰੀ ਗੱਲ ਜਾਣ ਗਿਆ। ਉਹਦੀਆਂ ਅੱਖਾਂ ਭਰ ਆਈਆਂ ਤੇ ਉਹ ਇੱਕ ਭੜੋਲੀ ਉਹਲੇ ਬੈਠ ਰੋਣ ਲੱਗ ਪਿਆ। ਉਸ ਦੀਆਂ ਦਰਦ ਨਾਲ ਭਰੀਆਂ ਚੀਕਾਂ ਸੁਣ ਲਾਗਲੇ ਘਰੋਂ ਬਿੱਲੀ ਦਾ ਇੱਕ ਬੱਚਾ ਦੁੜੰਗੇ ਲਾਉਂਦਾ ਆਇਆ ਤੇ ਸਾਰੀ ਗੱਲ ਸੁਣਨ ਮਗਰੋਂ ਉਸ ਨੂੰ ਹੌਂਸਲਾ ਦਿੰਦਾ ਹੋਇਆ ਆਪਣੇ ਟਿਕਾਣੇ ’ਚ ਲੈ ਗਿਆ।
ਦਿਨ ਬੀਤੇ। ਚੂਹੀ ਦਾ ਬੱਚਾ ਹੁਸ਼ਿਆਰ ਹੋ ਗਿਆ ਅਤੇ ਬਲੂੰਗੜੇ ਨਾਲ ਘੁਲ-ਮਿਲ ਵਾਪਰੇ ਮਾੜੇ ਦਿਨ ਵੀ ਭੁੱਲ-ਭੁਲਾ ਗਿਆ। ਉਂਜ, ਉਹ ਸ਼ਰਾਰਤੀ ਸੁਭਾਅ ਦਾ ਨਿੱਕਲਿਆ। ਉਸ ਨੇ ਕਈ ਸ਼ਰਾਰਤਾਂ ਆਪਣੇ ਆੜੀ ਤੇ ਨਵੀਂ ਜ਼ਿੰਦਗੀ ਦੇਣ ਵਾਲੇ ਬਲੂੰਗੜੇ ਨਾਲ ਵੀ ਕੀਤੀਆਂ। ਚੂਹੀ ਦਾ ਬੱਚਾ ਸ਼ਰਾਰਤਾਂ ਕਰਦਾ, ਰਾਤ ਨੂੰ ਭਾਂਡੇ ਰੇੜ੍ਹਨ ਲੱਗ ਜਾਂਦਾ। ਖੜਕਾ ਸੁਣ ਘਰ ਦੇ ਜਾਗ ਪੈਂਦੇ। ਬੇਧਿਆਨੀ ’ਚ ਫਿਰਦੇ ਬਲੂੰਗੜੇ ਨੂੰ ਉਦੋਂ ਹੀ ਪਤਾ ਲੱਗਦਾ ਜਦੋਂ ਜੁੱਤੀ ਜਾਂ ਸੋਟੀ ਉਸ ਦੀ ਢੂਹੀ ’ਤੇ ਆ ਵੱਜਦੀ। ਚੂਹੀ ਦਾ ਬੱਚਾ ਆਪ ਤਾਂ ਲੁਕ ਜਾਂਦਾ ਪਰ ਬਲੂੰਗੜੇ ਦੇ ਮਾਰ ਪਵਾ ਦਿੰਦਾ।
ਇੱਕ ਰਾਤ ਸਮੇਂ ਘਰ ਦਾ ਪਰਿਵਾਰ ਸੁੱਤਾ ਪਿਆ ਸੀ। ਬਲੂੰਗੜੇ ਦੀ ਨਿਗ੍ਹਾ ਦੁੱਧ ਵਾਲੀ ਕਾੜ੍ਹਨੀ ਵੱਲ ਗਈ ਜਿਹੜੀ ਨੰਗੀ ਰਹਿ ਗਈ ਸੀ। ਇਹ ਦੇਖ ਬਲੂੰਗੜਾ ਐਨਾ ਖ਼ੁਸ਼ ਹੋਇਆ ਕਿ ਨਾ ਚਾਹੁੰਦੇ ਹੋਏ ਵੀ ਉਸ ਦੇ ਮੂੰਹੋਂ  ‘ਮਿਆਊਂ-ਮਿਆਊਂ’ ਨਿੱਕਲ ਗਈ। ਮਿਆਊਂ-ਮਿਆਊਂ ਦਾ ਭਾਵ ਸ਼ਾਇਦ ਇਹੋ ਸੀ, ‘‘ਹੂੰ! ਅੱਜ ਆਊ ਨਜ਼ਾਰਾ…ਦੁੱਧ ਤਾਂ ਚੱਟਾਂਗਾ ਹੀ, ਨਾਲ ਮਲਾਈ ਵੀ ਖਾਵਾਂਗਾ।’’ ਬਲੂੰਗੜੇ ਨੇ ਬੁੱਲ੍ਹਾਂ ’ਤੇ ਜੀਭ ਫੇਰੀ। ਇਸ ਤੋਂ ਪਹਿਲਾਂ ਕਿ ਬਲੂੰਗੜਾ ਦੁੱਧ ਚੱਟਣ ਲੱਗਦਾ, ਉਹਨੂੰ ਚੂਹੀ ਦਾ ਬੱਚਾ ਯਾਦ ਆ ਗਿਆ ਜਿਹੜਾ ਕੰਧਾਂ-ਅਲਮਾਰੀਆਂ ’ਤੇ ਉੱਛਲਦਾ-ਭੱਜਦਾ ਫਿਰ ਰਿਹਾ ਸੀ।
‘‘ਓ ਮੇਰੇ ਵੀਰਾ, ਜੇ ਤੂੰ ਥੋੜ੍ਹਾ ਚਿਰ ਚੁੱਪ ਕਰ ਜਾਵੇਂ ਤਾਂ ਮੈਂ ਕਾੜ੍ਹਨੀ ਵਾਲਾ ਦੁੱਧ ਅਰਾਮ ਨਾਲ ਚੱਟ ਸਕਦਾਂ’’, ਬਲੂੰਗੜੇ ਨੇ ਤਰਲਾ ਪਾਇਆ।
‘‘ਠੀਕ ਐ…ਮੈਂ ਕਾਂਸੀ ਦੀ ਥਾਲੀ ਪਿੱਛੇ ਬਹਿੰਨਾਂ। ਤੂੰ ਮਨ ਦੀ ਮੁਰਾਦ ਪੂਰੀ ਕਰ’’, ਚੂਹੀ ਦੇ ਬੱਚੇ ਨੇ ਇਹ  ਆਖ ਆਪਣੀ ਬੂਥੀ ਕਾਂਸੀ ਦੀ ਥਾਲੀ ਓਹਲੇ ਕਰ ਲਈ। ਬਲੂੰਗੜੇ ਨੇ ਹਾਲੇ ਕਾੜ੍ਹਨੀ ਵਾਲਾ ਦੁੱਧ ਚੱਟਣਾ ਸ਼ੁਰੂ ਹੀ ਕੀਤਾ ਸੀ ਕਿ ਚੂਹੀ ਦੇ ਬੱਚੇ ਨੇ ਕਾਂਸੀ ਦੀ ਥਾਲੀ ਕੰਸ ਤੋਂ ਹੇਠਾਂ ਵੱਲ ਰੇੜ ਦਿੱਤੀ। ਖੜਕਾ ਐਨਾ ਹੋਇਆ ਕਿ ਇੱਕ ਨੌਜਵਾਨ ਝੱਟ ਉੱਠ ਬੈਠਾ। ਉਹਨੇ ਸਿਰਹਾਣੇ ਪਈ ਬੈਟਰੀ ਜਗਾ ਦੇਖਿਆ ਕਿ ਦੁੱਧ ਨਾਲ ਲਿੱਬੜੇ ਮੂੰਹ ਵਾਲਾ ਬਲੂੰਗੜਾ ਭਾਂਡਿਆਂ ਵਾਲੇ ਟੋਕਰੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰ ਰਿਹਾ ਸੀ।
‘‘ਅੱਛਾ ਬੱਚੂ!… ਤੂੰ ਐਂ’’, ਗੁੱਸੇ ਨਾਲ ਦੰਦ ਕਰੀਚਦੇ ਨੌਜਵਾਨ ਨੇ ਸਿਰਹਾਣੇ ਪਈ ਡਾਂਗ ਬਲੂੰਗੜੇ ਵੱਲ ਵਗਾਹ ਕੇ ਮਾਰੀ। ਡਾਂਗ ਬਲੂੰਗੜੇ ਦੀਆਂ ਪਿਛਲੀਆਂ ਲੱਤਾਂ ’ਤੇ ਜਾ ਵੱਜੀ। ਬਲੂੰਗੜਾ ਜਿੰਨੀ ਉੁੱਚੀ ਚੀਕ ਸਕਦਾ ਸੀ, ਚੀਕਿਆ ਤੇ ਦਰਵਾਜ਼ੇ ਹੇਠਲੀ ਵਿਰਲ ਰਾਹੀਂ ਬਾਹਰ ਨਿੱਕਲ ਗਿਆ। ਬਲੂੰਗੜੇ ਨੇ ਕੰਧ ਟੱਪ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੇ ਸਰੀਰ ਨੇ ਸਾਥ ਨਾ ਦਿੱਤਾ। ਅਸਲ ’ਚ ਡਾਂਗ ਉਹਦੀਆਂ ਪਿਛਲੀਆਂ ਲੱਤਾਂ ’ਤੇ ਵੱਜੀ ਸੀ ਤੇ ਉਹ ਟੁੱਟ ਗਈਆਂ ਸਨ। ਲੱਤਾਂ ਨੂੰ ਘਸੀਟਦਾ ਬਲੂੰਗੜਾ ਕਿਵੇਂ ਨਾ ਕਿਵੇਂ ਚੁੱਲ੍ਹੇ ਚੌਂਕੇ ਵਿਚਲੇ ਹਾਰੇ ’ਤੇ ਚੜ੍ਹ ਗਿਆ। ਉਹ ਐਨੀ ਉੱਚੀ ਅਵਾਜ਼ ’ਚ ਰੋਣ ਲੱਗਿਆ ਕਿ ਲਾਗਲੇ ਘਰ ਫਿਰਦੀ ਉਹਦੀ ਮਾਂ ਬਿੱਲੀ ਭੱਜੀ-ਭੱਜੀ ਆਈ ਤੇ ਉਸ ਨੂੰ ਸੰਭਾਲਣ ਲੱਗੀ। ਬਲੂੰਗੜੇ ਦੀ ਹਾਲਤ ਮਾੜੀ ਹੋਣ ਕਾਰਨ ਆਪਣੀ ਮਾਂ ਬਿੱਲੀ ਦੇ ਆਖਣ ’ਤੇ ਵੀ ਉਹ ਹਾਰੇ ਤੋਂ ਕੰਧ ਤਕ ਨਾ ਪੁੱਜ ਸਕਿਆ। ਮਾਂ ਬਿੱਲੀ ਨੇ ਉਸ ਨੂੰ ਮੂੰਹ ’ਚ ਫੜ੍ਹ ਚੁੱਕ ਲਿਜਾਣ ਦੀ ਕੋਸ਼ਿਸ਼ ਵੀ ਕੀਤੀ ਪਰ ਗੱਲ ਨਾ ਬਣੀ। ਹੁਬਕੀਂ-ਹੁਬਕੀਂ ਰੋਂਦੇ ਤੇ ਦਰਦ ਨਾਲ ਕਰਾਹੁੰਦੇ ਬਲੂੰਗੜੇ ਨੇ ਆਪਣੀ ਮਾਂ ਬਿੱਲੀ ਨੂੰ ਦੱਸਿਆ ਕਿ ਉਸ ਨੇ ਚੂਹੀ ਦੇ ਬੱਚੇ ਨੂੰ  ਦੋਸਤ ਬਣਾ ਉਸ ਦੀ ਮਦਦ ਕੀਤੀ ਜਿਸ ਦੇ ਸਿਰ ’ਤੇ ਮਾਂ-ਬਾਪ ਦਾ ਸਾਇਆ ਨਹੀਂ ਸੀ ਰਿਹਾ। ਹਟਕੋਰੇ ਲੈਂਦੇ ਬਲੂੰਗੜੇ ਨੇ ਦੱਸਿਆ ਕਿ ਮੈਂ ਉਸ ਨੂੰ ਭਰਾ ਸਮਝਦਾ ਰਿਹਾ ਪਰ ਉਸ ਨੇ ਅੱਜ ਮੇਰੇ ਨਾਲ ਜਾਣ-ਬੁੱਝ ਕੇ ਵਿਸ਼ਵਾਸ-ਘਾਤ ਕੀਤਾ ਤੇ ਮੇਰੀ ਆਹ ਹਾਲਤ ਉਸ ਦੀ ਗ਼ੱਦਾਰੀ ਕਾਰਨ ਹੋਈ। ਬੁਰੀ ਤਰ੍ਹਾਂ ਜ਼ਖ਼ਮੀ ਬਲੂੰਗੜੇ ਨੇ ਬਿੱਲੀ ਨੂੰ ਚੂਹੀ ਦੇ ਬੱਚੇ ਨੂੰ ਸਬਕ ਸਿਖਾਉਣ ਦੀ ਗੱਲ ਆਖੀ ਤੇ ਅੱਖਾਂ ਮੀਚ ਗਿਆ।
ਚੂਹੀ ਦੇ ਬੱਚੇ ਵੱਲੋਂ ਕੀਤੀ ਘਟੀਆ ਹਰਕਤ ਬਾਰੇ ਸੁਣ ਬਿੱਲੀ ਆਪੇ ਤੋਂ ਬਾਹਰ ਹੋ ਗਈ ਅਤੇ ਤੁਰ ਪਈ ਚੂਹੀ ਦੇ ਬੱਚੇ ਦਾ ਮਲੀਆ-ਮੇਟ ਕਰਨ। ਉਹ ਕਹਿ ਰਹੀ ਸੀ, ‘‘ਚੂਹੀ ਦਾ ਬੱਚਾ ਤਾਂ ਕੀ, ਮੈਂ ਇਨ੍ਹਾਂ ਗੁਣ-ਭਲਾਊ ਚੂਹਿਆਂ ਦੀ ਨਸਲ ਹੀ ਮੁਕਾ ਦਿਆਂਗੀ।’’
ਬੱਚਿਓ! ਬਿੱਲੀ ਨੇ ਚੂਹੀ ਦੇ ਬੱਚੇ ਨੂੰ ਖ਼ਤਮ ਕੀਤਾ ਜਾਂ ਨਹੀਂ, ਇਹ ਤਾਂ ਪਤਾ ਨਹੀਂ, ਪਰ ਉਹ ਚੂਹਾ ਜਾਤੀ ਨੂੰ ਖ਼ਤਮ ਕਰਨ ਲਈ ਅੱਜ ਵੀ ਯਤਨਸ਼ੀਲ ਹੈ।

Facebook Comment
Project by : XtremeStudioz