Close
Menu

ਜਗਤਾਰ ਸਿੰਘ ਜੌਹਲ ਦੇ ਮਾਮਲੇ ‘ਚ ਬਰਤਾਨਵੀ ਸਰਕਾਰ ਨੇ ਭਾਰਤ ਨੂੰ ਦਿੱਤੀ ਚਿਤਾਵਨੀ

-- 22 November,2017

ਲੰਡਨ— ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ (30) ‘ਤੇ ਪੰਜਾਬ ਪੁਲਸ ਵੱਲੋਂ ਤਸ਼ੱਦਦ ਕੀਤੇ ਜਾਣ ਦਾ ਮਾਮਲਾ ਬਰਤਾਨਵੀ ਸੰਸਦ ਵਿੱਚ ਗੂੰਜਿਆ ਤੇ ਉਥੋਂ ਦੀ ਸਰਕਾਰ ਨੇ ਭਾਰਤ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕਿਸੇ ਵੀ ਬਰਤਾਨਵੀ ਨਾਗਰਿਕ ‘ਤੇ ਤਸ਼ੱਦਦ ਕੀਤਾ ਗਿਆ ਤਾਂ ਉਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਕੌਟਲੈਂਡ ਦੇ ਡਨਬਾਰਟਨ ਨਾਲ ਸੰਬੰਧਤ ਜੱਗੀ ਜੌਹਲ ਇਸ ਸਮੇਂ ਜੇਲ੍ਹ ਵਿੱਚ ਹੈ। ਉਸ ਨੂੰ ਪੰਜਾਬ ਵਿੱਚ ਹੋਏ ਸਿਆਸੀ ਕਤਲਾਂ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਸਕੌਟਿਸ਼ ਨੈਸ਼ਨਲ ਪਾਰਟੀ ਦੇ ਸੰਸਦ ਮੈਂਬਰ ਮਾਰਟਿਨ ਡੀ. ਹਿਊਗਜ਼ ਨੇ ਬਰਤਾਨਵੀ ਵਿਦੇਸ਼ ਮੰਤਰਾਲੇ ਨੂੰ ਪੁੱਛਿਆ ਕਿ ਜੱਗੀ ‘ਤੇ ਹੋ ਰਹੇ ਕਥਿਤ ਤਸ਼ੱਦਦ ਦੀਆਂ ਰਿਪੋਰਟਾਂ ਸਬੰਧੀ ਮੰਤਰਾਲੇ ਵੱਲੋਂ ਕੀ ਕੀਤਾ ਜਾ ਰਿਹਾ ਹੈ। ਇਸ ਦੇ ਜਵਾਬ ਵਿੱਚ ਵਿਦੇਸ਼ ਰਾਜ ਮੰਤਰੀ ਰੋਰੀ ਸਟੀਵਰਟ ਨੇ ਕਿਹਾ ਕਿ ਤਸ਼ੱਦਦ ਸਬੰਧੀ ਕਿਸੇ ਵੀ ਦੋਸ਼ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਵੇਗਾ, ਜਿਵੇਂ ਭਾਰਤ ਸਰਕਾਰ ਲਵੇਗੀ। ਉਨ੍ਹਾਂ ਕਿਹਾ ਕਿ ਅਜਿਹਾ ਸਲੂਕ ਪੂਰੀ ਤਰ੍ਹਾਂ ਗ਼ੈਰਜਮਹੂਰੀ ਹੈ ਤੇ ਇਸ ਦੀ ਬਾਰੀਕੀ ਨਾਲ ਜਾਂਚ ਹੋਵੇਗੀ, ਜੇ ਕਿਸੇ ਵੀ ਬਰਤਾਨਵੀ    ਨਾਗਰਿਕ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਤਾਂ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੰਤਰੀ ਨੇ ਦੱਸਿਆ ਕਿ ਬਰਤਾਨੀਆ ਦੇ ਡਿਪਟੀ ਹਾਈ ਕਮਿਸ਼ਨਰ ਨੇ ਜੌਹਲ ਨਾਲ ਮੁਲਾਕਾਤ ਦਾ ਰਾਹ ਪੱਧਰਾ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਪੀ.ਐੱਮ. ਥੈਰੇਸਾ ਮੇਅ ਨੇ ਵੀ ਜੱਗੀ ਜੌਹਲ ਖਿਲਾਫ ਹੋ ਰਹੇ ਤਸ਼ੱਦਦ ਸੰਬੰਧੀ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜ਼ਰੂਰਤ ਪਈ ਤਾਂ ਬ੍ਰਿਟੇਨ ਵੀ ਬਣਦੀ ਕਾਰਵਾਈ ਕਰੇਗਾ।

Facebook Comment
Project by : XtremeStudioz