Close
Menu

ਜਲੂਰ: ਦਲਿਤਾਂ ਵਿੱਚ ਪੰਚਾਇਤੀ ਜ਼ਮੀਨ ਲਈ ਟਕਰਾਅ, ਇੱਕ ਜ਼ਖ਼ਮੀ

-- 27 May,2017

ਲਹਿਰਾਗਾਗਾ, ਪਿਛਲੇ ਸਾਲ ਵਾਪਰੇ ਜਲੂਰ ਕਾਂਡ ਦੀ ਝਲਕ ਅੱਜ ਮੁੜ ਪਿੰਡ ਜਲੂਰ ਵਿੱਚ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਦਲਿਤ ਵਰਗ ਵਾਸਤੇ ਰਾਖਵੀਂ ਜ਼ਮੀਨ ਦੀ ਬੋਲੀ ਸਮੇਂ  ਪੁਲੀਸ ਅਤੇ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਦਲਿਤਾਂ ’ਚ ਆਪਸੀ ਟਕਰਾਅ ਹੋਣ ਕਰਕੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ, ਲਹਿਰਾਗਾਗਾ ਦਾਖ਼ਲ ਕਰਵਾਇਆ ਗਿਆ। ਜਲੂਰ ਵਿੱਚ ਤਣਾਅ ਦੀ ਸਥਿਤੀ ਹੈ। ਐਸਡੀਐਮ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਪੰਚਾਇਤੀ ਜ਼ਮੀਨ ਦੀ ਬੋਲੀ ਅਗਲੇ ਹੁਕਮਾਂ ਤੱਕ ਰੋਕ ਦਿੱਤੀ ਗਈ ਹੈ। ਉਪ ਪੁਲੀਸ ਕਪਤਾਨ ਅਜੈ ਪਾਲ ਸਿੰਘ ਨੇ ਦੱਸਿਆ ਕਿ ਪਿੰਡ ’ਚ ਚੌਵੀ ਘੰਟਿਆਂ ਲਈ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ।

ਥਾਣਾ ਸਦਰ ਦੀ ਪੁਲੀਸ ਨੇ ਹਸਪਤਾਲ ਵਿੱੱਚ ਜ਼ਖ਼ਮੀ ਗੁਰਨਾਮ ਸਿੰਘ ਦੇ ਬਿਆਨ ’ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਰਕਰ ਬਲਵੀਰ ਸਿੰਘ ਜਲੂਰ, ਗੁਰਦਾਸ ਸਿੰਘ, ਕਾਲਾ ਸਿੰਘ, ਨਿਰਮਲ ਸਿੰਘ ਅਤੇ ਬਿੰਦਰ ਸਿੰਘ ਵਿਰੁੱਧ ਧਾਰਾ 341, 323, 148 ਤੇ 149 ਅਧੀਨ ਕੇਸ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੁਲੀਸ ਨੇ ਪਿਛਲੇ ਸਾਲ ਦੀ ਘਟਨਾ ਕਾਰਨ ਲਹਿਰਾਗਾਗਾ, ਮੂਨਕ ਤੇ ਖਨੌਰੀ ਸਮੇਤ ਹੋਰ ਥਾਵਾਂ ਦੀ ਪੁਲੀਸ ਬੁਲਾ ਕੇ ਪਿੰਡ ਨੂੰ ਸੀਲ ਕੀਤਾ ਹੋਇਆ ਸੀ ਅਤੇ ਕਿਸੇ ਬਾਹਰੀ ਵਿਅਕਤੀ ਨੂੰ ਪਿੰਡ ਵਿੱਚ ਵੜਨ ਨਹੀਂ ਦਿੱਤਾ ਗਿਆ ਸੀ। ਬੀਡੀਪੀਓ ਲਹਿਰਾਗਾਗਾ ਗੁਰਨੇਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤੀ ਜ਼ਮੀਨ ਨੂੰ ਬੋਲੀ ’ਤੇ ਦੇਣ ਲਈ ਜਨਰਲ ਕੋਟੇ ਦੀ ਬੋਲੀ ਕਿਸੇ ਹੋਰ ਥਾਂ ਅਤੇ ਦਲਿਤਾਂ ਲਈ ਰਾਖਵੀਂ 17.5 ਕਿਲੇ ਦੀ ਬੋਲੀ ਪਿੰਡ ਦੀ ਦਲਿਤ ਧਰਮਸ਼ਾਲਾ ਵਿੱਚ ਪੁਲੀਸ ਦੀ ਹਾਜ਼ਰੀ ਵਿੱਚ ਰੱਖੀ ਗਈ ਸੀ। ਬੋਲੀ ਸ਼ੁਰੂ ਕਰਨ ਤੋਂ ਪਹਿਲਾਂ ਸਕਿਉਰਿਟੀ ਭਰਵਾਈ ਜਾ ਰਹੀ ਸੀ। ਨੌਂ ਦਲਿਤਾਂ ਨੇ ਪੈਸੇ ਭਰ ਦਿੱਤੇ ਪਰ ਜਦੋਂ ਪਾਲ ਸਿੰਘ ਨਾਮੀ ਵਿਅਕਤੀ ਨੇ ਪੈਸੇ ਭਰਨੇ ਚਾਹੇ ਤਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਨੇ ਇਤਰਾਜ਼ ਕਰਦਿਆਂ ਨਾਅਰੇਬਾਜ਼ੀ ਕੀਤੀ ਕਿ ਪਾਲ ਸਿੰਘ ਪਿਛਲੇ ਸਾਲ ਸ਼ਹੀਦ ਹੋਈ ਮਾਤਾ ਗੁਰਦੇਵ ਕੌਰ ਦੇ ਕਤਲ ਕੇਸ ਵਿੱਚ 302 ਦਾ ਮੁਲਜ਼ਮ ਹੈ ਅਤੇ ਭਗੌੜਾ ਹੈ। ਇਸ ਮਗਰੋਂ ਰੌਲਾ ਪੈਣ ’ਤੇ ਦੋਵਾਂ ਧਿਰਾਂ ਵਿੱਚ ਘੁਸੰਨ ਮੁੱਕੀ ਅਤੇ ਲਾਠੀਆਂ ਚੱਲੀਆਂ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੁਕੇਸ਼ ਮਲੌਦ ਅਤੇ ਬਲਵਿੰਦਰ ਜਲੂਰ ਨੇ ਕਿਹਾ ਕਿ ਪੁਲੀਸ ਨੇ ਭਗੌੜੇ ਮੁਲਜ਼ਮ ਨੂੰ  ਗ੍ਰਿਫ਼ਤਾਰ ਨਹੀਂ ਕੀਤਾ ਅਤੇ ਉਸ ਨੂੰ ਇਕੱਠ ’ਚ ਆਉਣ ਤੋਂ ਨਹੀਂ ਰੋਕਿਆ ਜਿਸ ਕਰਕੇ ਹੀ ਟਕਰਾਅ ਹੋਇਆ।
ਕਿਸਾਨ ਬਚਾਓ ਕਮੇਟੀ ਦੇ ਹਰਜੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੇ ਵੀ ਪੁਲੀਸ ਨਾਲ ਬਹਿਸ ਕੀਤੀ ਕਿ ਪੁਲੀਸ ਦੀ ਕਥਿਤ ਅਣਗਹਿਲੀ ਕਰਕੇ ਪਿੰਡ ਦੀ ਦਲਿਤ ਸਰਪੰਚ ਅਤੇ ਤਿੰਨ ਪੰਚਾਂ ਦੀ ਮਾਰ-ਕੁਟਾਈ ਹੋਈ ਜਦਕਿ ਪੁਲੀਸ ਤਮਾਸ਼ਬੀਨ ਬਣੀ ਰਹੀ। ਉਨ੍ਹਾਂ ਕਿਹਾ ਕਿ ਪੁਲੀਸ ਨੇ ਸਾਰੀ ਘਟਨਾ ਦੀ  ਵੀਡੀਓਗ੍ਰਾਫੀ ਕੀਤੀ ਹੈ ਜਿਸਨੂੰ ਵੇਖਕੇ ਉੱਚ ਅਧਿਕਾਰੀ ਕਾਰਵਾਈ ਕਰਨ।

ਪੁਲੀਸ ਨੇ ਢਿੱਲ ਮੱਠ ਦੇ ਦੋਸ਼ ਨਕਾਰੇ
ਉਪ ਪੁਲੀਸ ਕਪਤਾਨ ਅਜੈਪਾਲ ਸਿੰਘ ਨੇ ਢਿੱਲ ਮੱਠ ਦੇ ਦੋਸ਼ ਰੱਦ ਕਰਦਿਆਂ ਕਿਹਾ ਕਿ ਪੁਲੀਸ ਪੂਰੀ ਤਰ੍ਹਾਂ ਚੌਕਸ ਸੀ ਅਤੇ ਦਲਿਤ ਧਰਮਸ਼ਾਲਾ ਵਿੱਚ ਬਾਹਰਲਾ ਵਿਅਕਤੀ ਨਹੀਂ ਵੜਨ ਦਿੱਤਾ ਗਿਆ ਪਰ ਪਿੰਡ ’ਚ  ਦਲਿਤਾਂ ਦੇ ਦੋ ਵਰਗ ਹੋਣ ਕਾਰਨ ਉਹ ਬੋਲੀ ਦੇਣ ਵਾਲੇ ਨੂੰ ਜਬਰੀ ਨਹੀਂ ਰੋਕ ਸਕਦੇ ਸਨ।

Facebook Comment
Project by : XtremeStudioz