Close
Menu

ਜਾਗਦੇ ਰਹੋ

-- 06 August,2015

‘ਕਾਕਾ ਹੁਣ ਇਹ ਤੈਨੂੰ ਸਭ ਚੰਗਾ ਲਗ ਰਿਹੈ, ਪਰ ਇਕ ਦਿਨ ਤੂੰ ਜ਼ਰੂਰ ਪਛਤਾਏਂਗਾ, ਮੇਰੀ ਗੱਲ ਯਾਦ ਰੱਖੀਂ।’ 20 ਸਾਲ ਪਹਿਲਾਂ ਗੁਰਬਚਨ ਸਿੰਘ ਦੇ ਕਹੇ ਹੋਏ ਬੋਲ ਮੀਤਾ ਅੱਜ ਯਾਦ ਕਰ ਰਿਹਾ ਸੀ। ਹਾਲੇ ਉਹ ਡੋਡਿਆਂ ਦੀ ਫੱਕੀ ਲਾਉਣੀ ਨਵਾਂ-ਨਵਾਂ ਗਿੱਝਿਆ ਸੀ। ਐਵੇਂ ਭਕਾਈ ਮਾਰਦੈ, ਕਹਿ ਕੇ ਉਹ ਫੱਕੀ ਮਾਰ ਸਵਰਗਾਂ ਦੇ ਝੂਟੇ ਲੈਂਦਾ ਘੁੰਮਦਾ। ਰੋਡਿਆਂ ਦੇ ਹਰਮੇਲ ਨਾਲ ਉਸ ਪੱਕੀ ਯਾਰੀ ਪਾ ਲਈ ਸੀ। ਇਕੱਠੇ ਨਸ਼ੇ ਦਾ ਜੁਗਾੜ ਕਰਦੇ। ਸਭ ਤੋਂ ਵੱਧ ਫਿਕਰ ਉਨ੍ਹਾਂ ਨੂੰ ਨਸ਼ੇ ਦੇ ਖਤਮ ਹੋਣ ਦਾ ਰਹਿੰਦਾ। ਕਈ ਵਰ੍ਹੇ ਇਹ ਸਿਲਸਿਲਾ ਚਲਦਾ ਰਿਹਾ ਸੀ। ਪੜ੍ਹਾਈ ਵਿਚਾਲ਼ੇ ਛੱਡ ਭਾਵੇਂ ਕਿਸੇ ਕਿੱਤੇ ਨਹੀਂ ਸੀ ਲੱਗਿਆ ਪਰ ਪਿਓ ਦੇ ਚੰਗੇ ਅਸਰ-ਰਸੂਖ ਅਤੇ ਰਿਸ਼ਤੇਦਾਰੀ ਵਿਚ ਚੰਗੀ ਬਣੀ ਹੋਣ ਕਰਕੇ ਉਹ ਵਿਆਹਿਆ ਗਿਆ ਸੀ। ਘਰਵਾਲੀ ਬਾਰਾਂ ਜਮਾਤਾਂ ਪਾਸ ਸੀ। ਭਾਵੇਂ ਉਹ ਅੰਦਰੋਂ ਦੁਖੀ ਸੀ, ਪਰ ਚੰਗੇ ਘਰਾਣੇ ਦੀ ਹੋਣ ਕਰਕੇ ਕਦੇ ਭਾਫ ਨਹੀਂ ਸੀ ਕੱਢੀ। ਢਾਈ ਵਰ੍ਹਿਆਂ ਦੇ ਪੁੱਤਰ ਨੂੰ ਉਸ ਨੇ ਮਾਡਲ ਸਕੂਲ ‘ਚ ਦਾਖਲ ਕਰਵਾ ਦਿੱਤਾ ਸੀ। ਮੀਤੇ ਦੇ ਨਸ਼ੇ ਦਿਨੋਂ-ਦਿਨ ਵਧਦੇ ਜਾ ਰਹੇ ਸਨ। ਦਿਹਾੜੀ-ਦੱਪੇ ਨਾਲ ਤਾਂ ਮਸਾਂ ਉਸਦਾ ਨਸ਼ਾ-ਪੱਤਾ ਚਲਦਾ ਸੀ, ਪਰਿਵਾਰ ਲਈ ਉਹ ਕੀ ਕਰਨ ਜੋਗਾ ਸੀ। ਕੁਝ ਸਾਲਾਂ ਵਿਚ ਹੀ ਕਹਿੰਦਾ-ਕਹਾਉਂਦਾ ਗੱਭਰੂ ਮੀਤਾ ਹੱਡੀਆਂ ਦੀ ਮੁੱਠ ਬਣ ਗਿਆ।
ਨਸ਼ਾ ਖਤਮ ਹੋਣ ਦਾ ਡਰ ਤਾਂ ਉਸ ਨੂੰ ਪਹਿਲਾਂ ਹੀ ਸਤਾਉਂਦਾ ਰਹਿੰਦਾ ਸੀ, ਪਰ ਹੁਣ ਤਾਂ ਉਹੀ ਗੱਲ ਹੋ ਗਈ ਸੀ। ਦੂਰ-ਦੁਰਾਡੇ ਤੱਕ ਨਸ਼ਾ ਨਹੀਂ ਸੀ ਮਿਲ ਰਿਹਾ। ਦੂਰੋਂ-ਦੁਰਾਡਿਓਂ ਵੀ ਹਾਲ-ਦੁਹਾਈ ਦੀਆਂ ਖ਼ਬਰਾਂ ਆ ਰਹੀਆਂ ਸਨ। ਮੀਤੇ ਦਾ ਸਰੀਰ ਜਵਾਬ ਦੇ ਰਿਹਾ ਸੀ। ਦਿਨ ਤਾਂ ਬੀਤ ਗਿਆ ਸੀ, ਪਰ ਰਾਤ ਪਹਾੜ ਜਾਪਣ ਲੱਗ ਪਈ ਸੀ। ਰਾਤ ਵੇਲੇ ਉਹ ਪਾਣੀ ਬਿਨ ਮੱਛੀ ਵਾਂਗ ਤੜਫ ਰਿਹਾ ਸੀ। ਰਿਸ਼ਤੇਦਾਰ ਅਤੇ ਘਰਵਾਲੀ ਦੀ ਸਲਾਹ ਨਾਲ ਮੀਤੇ ਨੂੰ ਦੂਜੇ ਦਿਨ ਸਵੇਰੇ ਨਸ਼ਾ ਛੁਡਾਊ ਕੇਂਦਰ ਵਿਚ ਭਰਤੀ ਕਰਵਾਇਆ ਗਿਆ ਸੀ। ਇੱਥੇ ਉਸ ਨੇ ਵੀਹ ਦਿਨ ਰਹਿਣਾ ਸੀ। ਹਫਤਾ ਕੁ ਤਾਂ ਉਸ ਨੂੰ ਕੋਈ ਖਾਸ ਫਰਕ ਨਾ ਲੱਗਾ ਪਰ ਇਸ ਤੋਂ ਬਾਅਦ ਉਹ ਬਦਲਾਅ ਮਹਿਸੂਸ ਕਰਨ ਲੱਗਾ। ਕੇਂਦਰ ਵਿਚ ਚਲਦੀ ਨੈਤਿਕਤਾ ਦੀ ਕਲਾਸ ‘ਚ ਦੱਸੀਆਂ ਗੱਲਾਂ ਉਸ ਦੇ ਧੁਰ-ਅੰਦਰ ਨੂੰ ਛੂਹ ਗਈਆਂ ਸਨ। ਕਿੰਨੇ ਹੀ ਵਰ੍ਹੇ ਉਸ ਨੇ ਅਜਾਈਂ ਗੁਆ ਲਏ ਸਨ, ਰਾਤ ਮੰਜੇ ‘ਤੇ ਪਿਆ ਉਹ ਬੀਤੀ ਜ਼ਿੰਦਗੀ ਦਾ ਹਿਸਾਬ-ਕਿਤਾਬ ਲਾਉਂਦਾ। ਉਸ ਦੇ ਜਮਾਤੀ ਅੱਜ ਉੱਚੇ ਅਹੁਦਿਆਂ ‘ਤੇ ਬੈਠੇ ਮੌਜਾਂ ਮਾਣ ਰਹੇ ਹਨ। ਉਸਦਾ ਜਮਾਤੀ ਗੁਰਜੀਤ ਪੜ੍ਹਾਈ ‘ਚ ਉਸ ਤੋਂ ਪਿੱਛੇ ਸੀ, ਪਰ ਮਿਹਨਤੀ ਸੁਭਾਅ ਦਾ ਹੋਣ ਕਰਕੇ ਖੁਰਾਕ ਸਪਲਾਈ ਵਿਭਾਗ ਦਾ ਇੰਸਪੈਕਟਰ ਐ ਅੱਜਕਲ੍ਹ। ਬੱਚੇ ਚੰਗੇ ਸਕੂਲਾਂ ਵਿਚ ਪੜ੍ਹਾ ਰਿਹਾ, ਨਾਲੇ ਹੇਠਾਂ ਮਹਿੰਗੀ ਕਾਰ, ਚੰਗਾ ਠਾਠ-ਬਾਠ। …ਤੇ ਮੈਂ…? ਉਸਦਾ ਧਿਆਨ ਇਕਦਮ ਆਪਣੇ ਕਾਕੇ ਗੁਰਦੀਪ ਵੱਲ ਚਲਾ ਗਿਆ। ਘਰਵਾਲੀ ਨੇ ਸ਼ਹਿਰ ਦੇ ਸਕੂਲ ਤੋਂ ਹਟਾ ਕੇ ਪਿੰਡ ਵਾਲੇ ਸਕੂਲ ਪੜ੍ਹਨਾ ਲਾ ਦਿੱਤਾ ਸੀ। ਉਹ ਵੀ ਕੀ ਕਰਦੀ ਵਿਚਾਰੀ? ਸ਼ਹਿਰ ਵਾਲੇ ਸਕੂਲਾਂ ਦੀ ਝਾਲ ਮਾੜਾ-ਮੋਟਾ ਬੰਦਾ ਕਿੱਥੇ ਝੱਲ ਸਕਦਾ ਹੈ। ਮੈਂ ਵੀ ਮੁੜ ਪਿਛਾਂਹ ਨੀ ਤੱਕਿਆ, ਉਸ ਨੂੰ ਆਪਣੇ ਸਿਰ ‘ਤੇ ਮਣਾਂ-ਮੂੰਹੀਂ ਪਛਤਾਵੇ ਦਾ ਬੋਝ ਮਹਿਸੂਸ ਹੋਇਆ। ਆਪਣੇ-ਆਪ ਨਾਲ ਗੱਲਾਂ ਕਰਦੇ ਦਾ ਉਹਦਾ ਗਚ ਜਿਹਾ ਭਰ ਆਇਆ।
ਇਨ੍ਹਾਂ ਵੀਹ ਵਰ੍ਹਿਆਂ ਦੌਰਾਨ ਉਸ ਦਾ ਬਾਪੂ ਵੀ ਰੱਬ ਨੂੰ ਪਿਆਰਾ ਹੋ ਗਿਆ ਸੀ। ਆਪਣੀ ਇਕਲੌਤੀ ਔਲਾਦ ਦੀ ਕਮਾਈ ਨੂੰ ਤਰਸਦਾ ਜਹਾਨੋਂ ਤੁਰ ਗਿਆ ਸੀ। ਗਿਆਰਵੀਂ ਜਮਾਤ ਵਿਚ ਪੰਜਾਬੀ ਵਾਲੇ ਅਧਿਆਪਕ ਵਲੋਂ ਭਾਈ ਵੀਰ ਸਿੰਘ ਜੀ ਦੀ ਸਮੇਂ ਦੀ ਮਹੱਤਤਾ ਬਾਰੇ ਪੜ੍ਹਾਈ ਕਵਿਤਾ ਉਸ ਦੇ ਚੇਤਿਆਂ ‘ਚ ਤਾਜ਼ਾ ਹੋ ਗਈ:
ਹੋ! ਸੰਭਲ ਸੰਭਾਲ ਇਸ ‘ਸਮੇਂ’ ਨੂੰ ,
ਕਰ ਸਫਲ, ਉਡੰਦਾ ਜਾਂਵਦਾ
ਇਹ ਠਹਿਰਨ ਜਾਚ ਨਾ ਜਾਣਦਾ,
ਲੰਘ ਗਿਆ ਨਾ ਮੁੜਕੇ ਆਂਵਦਾ
ਸੱਚਮੁਚ ਹੀ ਸਮਾਂ ਆਪਣੀ ਚਾਲੇ ਚਲਦਾ ਰਹਿੰਦਾ ਹੈ, ਕਦੇ ਰੁਕਦਾ ਨਹੀਂ, ਉਸ ਨੂੰ ਅੰਦਰੋਂ ਮਹਿਸੂਸ ਹੋਇਆ। ਪਿੰਡਾਂ ਦੇ ਨਵੇਂ ਮੁੱਛ-ਫੁੱਟ ਗੱਭਰੂ ਨਸ਼ਿਆਂ ‘ਚ ਗਲਤਾਨ ਹੋ ਕੇ ਬਰਬਾਦ ਹੁੰਦੇ ਉਸ ਨੇ ਖੁਦ ਦੇਖੇ ਹਨ। ਖਾਂਦੇ-ਪੀਂਦੇ ਨਾਮੀ ਘਰਾਂ ਦੇ ਕਿੰਨੇ ਹੀ ਮੁੰਡੇ ਮੌਤ ਦੇ ਮੂੰਹ ਵਿਚ ਚਲੇ ਗਏ ਸਨ। ਇਨ੍ਹਾਂ ਨਸ਼ਿਆਂ ਦਾ ਝੰਬਿਆ ਬੰਦਾ ਕਿਸੇ ਪਾਸੇ ਜੋਗਾ ਨਹੀਂ ਰਹਿੰਦਾ। ਸੁਆਦ-ਸੁਆਦ ਵਿਚ ਚੰਗੇ-ਭਲੇ ਮੁੰਡੇ ਨਸ਼ੇੜੀ ਦਾ ਠੱਪਾ ਲੁਆ ਬੈਠਦੇ ਹਨ। ਨਸ਼ਾ ਛੁਡਾਊ ਕੇਂਦਰ ‘ਚ ਨੈਤਿਕਤਾ ਦੀ ਕਲਾਸ ਲੈਣ ਵਾਲੇ ਉਸਤਾਦ ਜੀ ਦੱਸਦੇ ਸਨ ਕਿ ਦੁਨੀਆ ਦੀਆਂ ਸਾਰੀਆਂ ਫੌਜਾਂ ਮਿਲ ਕੇ ਐਨਾ ਨੁਕਸਾਨ ਨਹੀਂ ਕਰ ਸਕਦੀਆਂ, ਜਿੰਨਾ ਨਸ਼ਿਆਂ ਨੇ ਕੀਤਾ ਹੈ। ਕਹਿੰਦੇ ਹਨ ਕਿ ਪੰਜਾਬੀਆਂ ਨੂੰ ਕੋਈ ਲੜ ਕੇ ਹਰਾ ਨਹੀਂ ਸਕਦਾ, ਸਾਹਮਣਿਓਂ ਵਾਰ ਕਰਕੇ ਕੋਈ ਮਾਰ ਨ੍ਹੀਂ ਸਕਦਾ। ਪਰ… ਨਸ਼ਿਆਂ ਮੂਹਰੇ ਇਹ ਹਾਰੇ ਹੋਏ ਜਾਪਦੇ ਹਨ।
ਅੱਜ ਸ਼ਾਮੀਂ ਉਹ ਘਰ ਪਹੁੰਚ ਗਿਆ ਸੀ। ਘਰ ਜਿਵੇਂ ਉਸ ਨੂੰ ਓਪਰਾ-ਓਪਰਾ ਲਗ ਰਿਹਾ ਸੀ। ਸਵੇਰੇ ਸੁਵੱਖਤੇ ਉੱਠਿਆ, ਸਿੱਧਾ ਬਾਪੂ ਦੇ ਕਮਰੇ ਵੱਲ ਨੂੰ ਇਹ ਸੋਚ ਕੇ ਹੋ ਤੁਰਿਆ ਕਿ ਉਹ ਬਾਪੂ ਨੂੰ ਉਠਾ ਕੇ ਗਰਮ-ਗਰਮ ਚਾਹ ਦਾ ਪਿਆਲਾ ਰਸੋਈ ‘ਚੋਂ ਲੈ ਕੇ ਆਏਗਾ, ਜਿਵੇਂ ਉਹ ਕਾਲਜ ‘ਚ ਪੜ੍ਹਦੇ ਵੇਲੇ ਕਰਿਆ ਕਰਦਾ ਸੀ। ਪਰ ਉਹ ਕਮਰੇ ਵਿਚ ਉਨ੍ਹੀਂ ਪੈਰੀਂ ਵਾਪਸ ਮੁੜ ਆਇਆ। ਉਸ ਨੂੰ ਬਾਅਦ ਵਿਚ ਖਿਆਲ ਆਇਆ ਕਿ ਬਾਪੂ ਤਾਂ ਕਦੋਂ ਦਾ ਅੱਲ੍ਹਾ ਦੇ ਘਰ ਜਾ ਬੈਠਾ ਹੈ। ਉਸ ਨੂੰ ਇੰਜ ਮਹਿਸੂਸ ਹੋਇਆ ਕਿ ਇਕ ਲੰਬੀ ਨੀਂਦ ਪਿੱਛੋਂ ਉਹ ਅੱਜ ਜਾਗਿਆ ਸੀ। ਉਹ ਪਿੰਡ ਵਾਲੀ ਗਲ਼ੀ ਹੋ ਤੁਰਿਆ ਆਪਣੇ ਸਾਥੀਆਂ ਨੂੰ ਹੋਕਾ ਦੇਣ ਲਈ, ‘ਜਾਗਦੇ ਰਹੋ’ ਦਾ ਹੋਕਾ…।

Facebook Comment
Project by : XtremeStudioz