Close
Menu

ਜਾਧਵ ਦੇ ਪਰਿਵਾਰ ਲਈ 25 ਦਸੰਬਰ ਹੋਵੇਗਾ ‘ਵੱਡਾ ਦਿਨ’

-- 09 December,2017

ਇਸਲਾਮਾਬਾਦ, 9 ਦਸੰਬਰ
ਪਾਕਿਸਤਾਨ ਨੇ ਕੁਲਭੂਸ਼ਣ ਜਾਧਵ (47) ਨਾਲ ਮਾਂ ਅਵੰਤਿਕਾ ਅਤੇ ਪਤਨੀ ਦੀ 25 ਦਸੰਬਰ ਨੂੰ ਮੁਲਾਕਾਤ ਕਰਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਫ਼ੌਜੀ ਅਦਾਲਤ ਵੱਲੋਂ ਕਰੀਬ ਅੱਠ ਮਹੀਨੇ ਪਹਿਲਾਂ ਜਾਧਵ ਨੂੰ ਜਾਸੂਸੀ ਅਤੇ ਦਹਿਸ਼ਤਗਰਦੀ ਦੇ ਦੋਸ਼ਾਂ ਹੇਠ ਮੌਤ ਦੀ ਸਜ਼ਾ ਸੁਣਾਏ ਜਾਣ ਮਗਰੋਂ ਪਾਕਿਸਤਾਨ ਨੇ ਉਸ ਨੂੰ ਪਰਿਵਾਰਕ ਮੈਂਬਰਾਂ ਨਾਲ ਮਿਲਣ ਦੀ ਮਨਜ਼ੂਰੀ ਦਿੱਤੀ ਹੈ। ਭਾਰਤ, ਪਾਕਿਸਤਾਨ ’ਤੇ ਦਬਾਅ ਬਣਾਉਂਦਾ ਆ ਰਿਹਾ ਸੀ ਕਿ ਉਹ ਮਾਨਵੀ ਆਧਾਰ ’ਤੇ ਜਾਧਵ ਦੀ ਮਾਂ ਨੂੰ ਵੀ ਮਿਲਣ ਦੀ ਇਜਾਜ਼ਤ ਦੇਵੇ। ਇਸ ਤੋਂ ਪਹਿਲਾਂ 10 ਨਵੰਬਰ ਨੂੰ ਪਾਕਿਸਤਾਨ ਨੇ ਪਤਨੀ ਦੀ ਜਾਧਵ ਨਾਲ ਮੁਲਾਕਾਤ ਕਰਾਉਣ ’ਤੇ ਸਹਿਮਤੀ ਜਤਾਈ ਸੀ। ਜ਼ਿਕਰਯੋਗ ਹੈ ਕਿ ਮਈ ’ਚ ਕੌਮਾਂਤਰੀ ਨਿਆਂ ਅਦਾਲਤ ਨੇ ਭਾਰਤ ਦੀ ਅਪੀਲ ’ਤੇ ਕੁਲਭੂਸ਼ਣ ਜਾਧਵ ਦੀ ਸਜ਼ਾ-ਏ-ਮੌਤ ’ਤੇ ਰੋਕ ਲਾ ਦਿੱਤੀ ਸੀ। ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਜਾਧਵ ਦੀ ਮਾਂ ਅਤੇ ਪਤਨੀ ਨਾਲ ਮੁਲਾਕਾਤ ਕਰਾਉਣ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਫ਼ੈਸਲੇ ਬਾਰੇ ਭਾਰਤ ਨੂੰ ਸੁਨੇਹਾ ਦੇ ਦਿੱਤਾ ਗਿਆ ਹੈ। ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ਦੌਰਾਨ ਤਰਜਮਾਨ ਨੇ ਕਿਹਾ ਕਿ ਇਸਲਾਮਾਬਾਦ ’ਚ ਹੋਣ ਵਾਲੀ ਮੁਲਾਕਾਤ ਦੌਰਾਨ ਭਾਰਤੀ ਹਾਈ ਕਮਿਸ਼ਨ ਦੇ ਅਮਲੇ ਦਾ ਇਕ ਮੈਂਬਰ ਵੀ ਹਾਜ਼ਰ ਰਹੇਗਾ। ਫ਼ੈਸਲ ਨੇ ਕਿਹਾ ਕਿ ਮਹਿਮਾਨਾਂ (ਜਾਧਵ ਦੀ ਮਾਂ ਅਤੇ ਪਤਨੀ) ਨਾਲ ਭਾਰਤੀ ਹਾਈ ਕਮਿਸ਼ਨ ਦੇ ਇਕ ਸਫ਼ੀਰ ਨੂੰ ਵੀ ਨਾਲ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ।

Facebook Comment
Project by : XtremeStudioz