Close
Menu

ਜਾਪਾਨ ਦੇ ਓਸਾਕਾ ਸ਼ਹਿਰ ਵਿੱਚ ਭੂਚਾਲ ਕਾਰਨ ਤਿੰਨ ਮੌਤਾਂ

-- 20 June,2018

ਟੋਕੀਓ, ਜਾਪਾਨ ਦੇ ਸ਼ਹਿਰ ਓਸਾਕਾ ’ਚ ਅੱਜ ਆਏ ਸ਼ਕਤੀਸ਼ਾਲੀ ਭੂਚਾਲ ਕਾਰਨ ਨੌਂ ਸਾਲਾ ਬੱਚੀ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 200 ਤੋਂ ਵੱਧ ਵਿਅਕਤੀਆਂ ਜ਼ਖ਼ਮੀ ਹੋ ਗਏ। ਟੈਲੀਵਿਜ਼ਨ ’ਤੇ ਪ੍ਰਸਾਰਿਤ ਤਸਵੀਰਾਂ ’ਚ ਮਕਾਨ ਹਿੱਲਦੇ ਹੋਏ ਅਤੇ ਫਟ ਰਹੀਆਂ ਪਾਣੀ ਦੀਆਂ ਪਾਈਪਾਂ ’ਚੋਂ ਫੁਹਾਰੇ ਨਿਕਲਦੇ ਹੋਏ ਦਿਖਾਈ ਦੇ ਰਹੇ ਹਨ। ਹਾਲਾਂਕਿ ਇਸ ਭੂਚਾਲ ਨਾਲ ਜ਼ਿਆਦਾ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਪਰ ਵੱਡੀ ਗਿਣਤੀ ’ਚ ਮੁਸਾਫ਼ਰ ਫਸ ਗਏ ਹਨ ਤੇ ਬਿਜਲੀ ਗੁੱਲ ਹੋ ਗਈ ਹੈ।
ਸਥਾਨਕ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਰਿਕਟਰ ਪੈਮਾਨੇ ’ਤੇ ਇਸ ਭੂਚਾਲ ਦੀਤੀਬਰਤਾ 5.3 ਸੀ ਤੇ ਓਸਾਕਾ ਦੇ ਉੱਤਰੀ ਸ਼ਹਿਰ ਤਾਕਾਤਸੁਕੀ ’ਚ ਨੌਂ ਸਾਲਾ ਬੱਚੀ ਦੀ ਮੌਤ ਹੋ ਗਈ ਹੈ। ਸਥਾਨਕ ਅਧਿਕਾਰੀਆਂ ਅਨੁਸਾਰ ਭੂਚਾਲ ਦੌਰਾਨ ਕੰਧ ਡਿੱਗਣ ਕਾਰਨ ਇੱਕ 80 ਸਾਲਾ ਵਿਅਕਤੀ ਤੇ ਇਕ ਘਰ ਅੰਦਰ ਪੁਸਤਕਾਂ ਵਾਲੀ ਅਲਮਾਰੀ ਹੇਠਾਂ ਆਉਣ ਕਾਰਨ 84 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਅੱਗ ਤੇ ਆਫਤਾਂ ਨਾਲ ਨਜਿੱਠਣ ਵਾਲੀ ਏਜੰਸੀ ਨੇ ਦੱਸਿਆ ਕਿ 200 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ।
ਪ੍ਰਧਾਨ ਮੰਤਰੀ ਸ਼ਿੰਜੋ ਐਬੇ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਪਹਿਲ ਲੋਕਾਂ ਦੀ ਜ਼ਿੰਦਗੀ ਬਚਾਉਣਾ ਹੈ ਤੇ ਇਸ ਲਈ ਉਹ ਮਿਲ ਕੇ ਕੰਮ ਕਰ ਰਹੇ ਹਨ। ਸਰਕਾਰ ਦੇ ਬੁਲਾਰੇ ਯੋਸ਼ੀਹਿਦੇ ਸੁਗਾ ਨੇ ਆਉਂਦੇ ਦਿਨਾਂ ’ਚ ਭੂਚਾਲ ਦੇ ਹੋਰ ਝਟਕਿਆਂ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਗਲੇ ਦੋ ਤੋਂ ਤਿੰਨ ਦਿਨ ਤੱਕ ਭੂਚਾਲ ਦੇ ਸ਼ਕਤੀਸ਼ਾਲੀ ਝਟਕੇ ਮਹਿਸੂਸ ਕੀਤੇ ਜਾ ਸਕਦੇ ਹਨ।
ਭੂਚਾਲ ਅੱਜ ਸਵੇਰੇ ਅੱਠ ਵਜੇ ਦੇ ਕਰੀਬ ਆਇਆ। ਸਵੇਰੇ ਇਸ ਮਸਰੂਫ਼ ਸਮੇਂ ’ਚ ਆਏ ਭੂਚਾਲ ਦੌਰਾਨ ਵੱਡੀ ਗਿਣਤੀ ’ਚ ਲੋਕ ਰੇਲਵੇ ਪਲੇਟਫਾਰਮਾਂ ’ਤੇ ਮੌਜੂਦ ਸਨ। ਭੂਚਾਲ ਮਗਰੋਂ ਵੱਡੀ ਗਿਣਤੀ ’ਚ ਟਰੇਨਾਂ ਰੱਦ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚ ਬੁਲੇਟ ਟਰੇਨ ‘ਸ਼ਿੰਕਾਨੇਸਨ’ ਵੀ ਸ਼ਾਮਲ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਭੂਚਾਲ ਕਾਰਨ ਕਿਸੇ ਵੀ ਪਰਮਾਣੂ ਊਰਜਾ ਯੂਨਿਟ ਨੂੰ ਪ੍ਰੇਸ਼ਾਨੀ ਨਹੀਂ ਹੋਈ ਹੈ।

Facebook Comment
Project by : XtremeStudioz