Close
Menu

ਜੇਤਲੀ ਵੱਲੋਂ ਕੇਜਰੀਵਾਲ ਖ਼ਿਲਾਫ਼ ਮਾਣਹਾਨੀ ਦਾ ਇੱਕ ਹੋਰ ਦਾਅਵਾ

-- 23 May,2017

ਨਵੀਂ ਦਿੱਲੀ,ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ 10 ਕਰੋੜ ਰੁਪਏ ਮਾਨਹਾਨੀ ਦਾ ਇੱਕ ਹੋਰ ਦਾਅਵਾ ਕੀਤਾ ਹੈ। ਕੇਜਰੀਵਾਲ ਦੇ ਵਕੀਲ ਵੱਲੋਂ ਅਦਾਲਤ ਵਿੱਚ ਅਰੁਣ ਜੇਤਲੀ ਖ਼ਿਲਾਫ਼ ਇਤਰਾਜ਼ਯੋਗ ਸ਼ਬਦ ਬੋਲਣ ’ਤੇ ਦਿੱਲੀ ਹਾਈ ਕੋਰਟ ਵਿੱਚ ਕੇਂਦਰੀ ਵਿੱਤ ਮੰਤਰੀ ਦੇ ਵਕੀਲਾਂ ਨੇ ਇਹ ਨਵਾਂ ਕੇਸ ਦਾਖਲ ਕੀਤਾ ਹੈ।  ਪਹਿਲਾਂ ਹੀ ਅਰਵਿੰਦ ਕੇਜਰੀਵਾਲ ਤੇ 5 ਹੋਰਨਾਂ ‘ਆਪ’ ਆਗੂਆਂ ਖ਼ਿਲਾਫ਼ ਇੱਜ਼ਤ-ਹੱਤਕ ਦਾ ਮਾਮਲਾ ਹਾਈ ਕੋਰਟ ਵਿੱਚ ਚੱਲ ਰਿਹਾ ਹੈ।
ਪਿਛਲੀ 15 ਤੇ 17 ਮਈ ਦੀ ਸੁਣਵਾਈ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਦੀ ਬਹਿਸ ਦੌਰਾਨ ਅਰਵਿੰਦ ਕੇਜਰੀਵਾਲ ਵੱਲੋਂ ਕੇਸ ਲੜ ਰਹੇ ਰਾਮ ਜੇਠਮਨਾਲੀ ਨੇ ਇਤਰਾਜ਼ਯੋਗ ਸ਼ਬਦ ਬੋਲਿਆ ਸੀ। ਸ੍ਰੀ ਜੇਤਲੀ ਦੇ ਵਕੀਲ ਮਾਨਿਕ ਡੋਗਰਾ ਨੇ ਕਿਹਾ ਕਿ ਕੇਜਰੀਵਾਲ ਖ਼ਿਲਾਫ਼ ਇੱਕ ਹੋਰ ਨਵਾਂ ਮਾਨਹਾਨੀ ਦਾ ਮੁਕੱਦਮਾ ਦਾਇਰ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਵੱਲੋਂ ਆਪਣੇ ਵਕੀਲ ਰਾਹੀਂ ਖੁੱਲ੍ਹੀ ਅਦਾਲਤ ਵਿੱਚ ਉਨ੍ਹਾਂ ਦੇ ਮੁਵਿੱਕਲ (ਸ੍ਰੀ ਜੇਤਲੀ) ਬਾਰੇ ਅਪਸ਼ਬਦ ਬੋਲੇ ਗਏ ਸਨ।
ਸ੍ਰੀ ਜੇਤਲੀ ਵੱਲੋਂ ਅਰਵਿੰਦ ਕੇਜਰੀਵਾਲ ਤੇ ਸਾਥੀ ਆਗੂਆਂ ਸੰਜੇ ਸਿੰਘ, ਰਾਘਵ ਚੱਢਾ, ਕੁਮਾਰ ਵਿਸ਼ਵਾਸ, ਆਸ਼ੂਤੋਸ਼ ਤੇ ਦੀਪਕ ਬਾਜਪਾਈ ’ਤੇ 10 ਕਰੋੜ ਦਾ ਮੁੱਕਦਮਾ ਦਿੱਲੀ ਹਾਈ ਕੋਰਟ ਵਿੱਚ ਪਾਇਆ ਗਿਆ। ‘ਆਪ’ ਦੇ ਇਨ੍ਹਾਂ ਆਗੂਆਂ ਨੇ ਦਿੱਲੀ ਜ਼ਿਲ੍ਹਾ ਕ੍ਰਿਕਟ ਕਲੱਬ (ਡੀਡੀਸੀਏ) ਵਿੱਚ ਬੇਨਿਯਮੀਆਂ ਸਬੰਧੀ 2000 ਤੋਂ 2003 ਤੱਕ ਤਤਕਾਲੀ ਡੀਡੀਸੀਏ ਮੁਖੀ ਰਹੇ ਅਰੁਣ ਜੇਲਤੀ ’ਤੇ ਗੰਭੀਰ ਦੋਸ਼ ਲਾਏ ਗਏ ਸਨ। ਜਦੋਂ ਕਿ ਕੇਂਦਰੀ ਵਿੱਤ ਮੰਤਰੀ ਤੇ ਰੱਖਿਆ ਮੰਤਰੀ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕੇਜਰੀਵਾਲ ਤੇ ਸਾਥੀਆਂ ਖ਼ਿਲਾਫ਼ ਮਾਮਲੇ ਦਾਇਰ ਕੀਤੇ ਸਨ ਕਿ ‘ਆਪ’ ਆਗੂਆਂ ਨੇ ਉਨ੍ਹਾਂ ਦੀ ਸਾਖ਼ ਨੂੰ ਢਾਹ ਲਾਈ ਹੈ।
ਇਸੇ ਦੌਰਾਨ ‘ਆਪ’ ਬੁਲਾਰੇ ਆਸ਼ੂਤੋਸ਼ ਨੇ ਕਿਹਾ ਕਿ ਇਹ ਅਦਾਲਤ ਦੇ ਅੰਦਰ ਦਾ ਮਾਮਲਾ ਹੈ ਤੇ ਬਾਹਰ ਕੋਈ ਟਿੱਪਣੀ ਕਰਨ ਦੀ ਥਾਂ ਅਦਾਲਤ ਵਿੱਚ ਹੀ ਇਸ ਦਾ ਜਵਾਬ ਦਿੱਤਾ ਜਾਵੇਗਾ।

Facebook Comment
Project by : XtremeStudioz