Close
Menu

ਜੇ ਸੇਰੇਨਾ ਹਾਰੇ ਤਾਂ ਕਈ ਦਾਅਵੇਦਾਰ ਪੈਦਾ ਹੋਣਗੇ: ਸਾਨੀਆ

-- 14 February,2018

ਨਵੀਂ ਦਿੱਲੀ, 14 ਫਰਵਰੀ
ਭਾਰਤੀ ਸਟਾਰ ਸਾਨੀਆ ਮਿਰਜ਼ਾ ਨੇ ਸੇਰੇਨਾ ਵਿਲੀਅਮਜ਼ ਨੂੰ ਟੈਨਿਸ ਇਤਿਹਾਸ ਦੀ ਮਹਾਨ ਖਿਡਾਰਨ ਦੱਸਦਿਆਂ ਕਿਹਾ ਕਿ ਜੇਕਰ ਉਹ ਹਾਰਦੀ ਹੈ ਤਾਂ ਕਈ ਦਾਅਵੇਦਾਰਾਂ ਨੂੰ ਖੇਡਣ ਦਾ ਮੌਕਾ ਮਿਲੇਗਾ। ਉਨ੍ਹਾਂ ਫੈਡ ਕੱਪ ਵਿੱਚ ਭਾਰਤੀ ਨੌਜਵਾਨ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਵੀ ਸ਼ਲਾਘਾ ਕੀਤੀ। ਟੈਨਿਸ ਖਿਡਾਰਨ ਨੇ ਕਿਹਾ, ‘‘ਸੇਰੇਨਾ ਤੋਂ ਇਲਾਵਾ ਮਹਿਲਾ ਟੈਨਿਸ ਵਿੱਚ ਕਦੇ ਵੀ ਇੱਕ ਖਿਡਾਰੀ ਦਾ ਦਬਦਬਾ ਨਹੀਂ ਰਿਹਾ। ਉਨ੍ਹਾਂ ਤੋਂ ਇਲਾਵਾ ਹਰ ਕੋਈ ਬਰਾਬਰ ਦਾ ਦਾਅਵੇਦਾਰ ਹੁੰਦਾ ਹੈ। ਜਦੋਂ ਵੀ ਸੇਰੇਨਾ ਹਾਰਦੀ ਹੈ ਤਾਂ ਟੂਰਨਾਮੈਂਟ ਜਿੱਤਣ ਦੇ ਕਈ ਦਾਅਵੇਦਾਰ ਹੁੰਦੇ ਹਨ।’’ ਉਨ੍ਹਾਂ ਕਿਹਾ ਕਿ ਜੇ ਸੇਰੇਨਾ ਟੂਰਨਾਮੈਂਟ ਵਿੱਚ ਵਾਪਸੀ ਕਰਦੀ ਹੈ ਤਾਂ ਉਹ ਟੈਨਿਸ ਇਤਿਹਾਸ ਦੀ ਸਭ ਤੋਂ ਮਹਾਨ ਖਿਡਾਰਨ ਹੈ।
ਸਾਨੀਆ ਨੇ ਕਿਹਾ ਕਿ ਫੈੱਡ ਕੱਪ ਵਿੱਚ ਅੰਕਿਤਾ ਰੈਣਾ ਦਾ ਪ੍ਰਦਰਸ਼ਨ ਸ਼ਾਨਦਾਰ ਸੀ ਪਰ ਟੀਮ ਨੂੰ ਅਗਲੇ ਗੇੜ ਵਿੱਚ ਪਹੁੰਚਣਾ ਚਾਹੀਦਾ ਸੀ। ਭਾਰਤੀ ਟੀਮ ਪਿਛਲੇ ਹਫ਼ਤੇ ਰੇਲਿਗੇਸ਼ਨ ਪਲੇਆਫ਼ ਵਿੱਚ ਚੀਨੀ ਤਾਇਵਾਨ ਨੂੰ 2-0 ਨਾਲ ਹਰਾ ਕੇ ਏਸ਼ੀਆ ਓਸ਼ੀਆਨਾ ਗਰੁੱਪ ਇੱਕ ਵਿੱਚ ਥਾਂ ਬਣਾਈਂ ਰੱਖਣ ਵਿੱਚ ਸਫਲ ਰਹੀ। ਇਸ ਤੋਂ ਪਹਿਲਾਂ ਮੁਕਾਬਲੇ ਵਿੱਚ ਭਾਰਤ ਨੂੰ ਚੀਨ ਅਤੇ ਕਜ਼ਾਖ਼ਸਤਾਨ ਤੋਂ ਹਾਰ ਝੱਲਣੀ ਪਈ ਸੀ। ਸਾਨੀਆ ਨੇ ਅੱਜ ਕਿਹਾ, ‘‘ਅਸੀਂ ਹਮੇਸ਼ਾ ਖ਼ਾਲੀ ਹੱਥ ਵਾਪਸ ਪਰਤੇ ਹਾਂ। ਨੌਜਵਾਨ ਪ੍ਰਤਿਭਾ ਵਿੱਚ ਜ਼ਬਰਦਸਤ ਪ੍ਰਗਤੀ ਤੋਂ ਬਾਅਦ ਵੀ ਅਸੀਂ ਅਗਲੇ ਪੱਧਰ ’ਤੇ ਨਹੀਂਂ ਪਹੁੰਚ ਪਾ ਰਹੇ।’’ ਉਨ੍ਹਾਂ ਕਿਹਾ ਕਿ ਇਹ ਦੇਖਣਾ ਕਾਫੀ ਉਤਸ਼ਾਹ ਵਾਲਾ ਹੈ ਕਿ ਅੰਕਿਤਾ ਨੇ ਦੋ ਵਾਰ ਦਰਜਾਬੰਦੀ ਵਿੱਚ ਸੀਨੀਅਰ ਸੌ ਵਿੱਚ ਸ਼ਾਮਲ ਖਿਡਾਰੀਆਂ ਨੂੰ ਸ਼ਿਕਸਤ ਦਿੱਤੀ ਹੈ। ਟੀਮ ਭਾਵੇਂ ਮੈਚ ਹਾਰ ਗਈ ਹੋਵੇ ਪਰ ਤੁਹਾਨੂੰ ਉਸ ਵਿੱਚੋਂ ਹਰ ਹਾਂ ਪੱਖੀ ਪਹਿਲੂ ਨੂੰ ਦੇਖਣਾ ਚਾਹੀਦਾ ਹੈ।’’ ਜਦੋਂ ਪੁੱਛਿਆ ਗਿਆ ਕਿ ਭਵਿੱਖ ਦੀ ਸਾਨੀਆ ਬਣਨ ਦੀ ਸਮਰੱਥਾ ਕਿਸ ਵਿੱਚ ਹੈ ਤਾਂ ਉਨ੍ਹਾਂ ਕਿਹਾ ਕਿ ਸਾਨੀਆ ਤੋਂ ਬਿਹਤਰ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। 

Facebook Comment
Project by : XtremeStudioz