Close
Menu

ਝਾਰਖੰਡ ’ਚ ਪਰਿਵਾਰ ਦੇ ਛੇ ਜੀਅ ਮ੍ਰਿਤ ਮਿਲੇ

-- 17 July,2018

ਹਜ਼ਾਰੀਬਾਗ(ਝਾਰਖੰਡ), 17 ਜੁਲਾਈ
ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ਦੇ ਬੋਡਮ ਬਾਜ਼ਾਰ ਖੇਤਰ ਵਿੱਚ ਇਕੋ ਪਰਿਵਾਰ ਦੇ ਛੇ ਜੀਅ ਮ੍ਰਿਤ ਹਾਲਤ ਵਿੱਚ ਮਿਲੇ ਹਨ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੀੜਤ ਪਰਿਵਾਰ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ ਤੇ ਉਨ੍ਹਾਂ ਸਿਰ 50 ਲੱਖ ਦਾ ਕਰਜ਼ਾ ਸੀ। ਯਾਦ ਰਹੇ ਕਿ ਅਜੇ ਕੁਝ ਹਫ਼ਤੇ ਪਹਿਲਾਂ ਉੱਤਰੀ ਦਿੱਲੀ ਦੇ ਬੁਰਾੜੀ ਵਿੱਚ ਇਕ ਘਰ ’ਚੋਂ 11 ਜਣਿਆਂ ਦੀਆਂ ਲਾਸ਼ਾਂ ਭੇਤਭਰੀ ਹਾਲਤ ’ਚ ਮਿਲੀਆਂ ਸਨ।
ਉੱਤਰੀ ਛੋਟਾਨਾਗਪੁਰ ਰੇਂਜ ਦੇ ਡੀਆਈਜੀ ਪੰਕਜ ਕੰਬੋਜ ਨੇ ਦੱਸਿਆ ਕਿ ਇਕ ਦੂਜੇ ਨਾਲ ਜੁੜੇ ਦੋ ਫਲੈਟਾਂ ’ਚੋਂ ਤਿੰਨ ਜਣਿਆਂ ਦੀ ਰੱਸਿਆਂ ਨਾਲ ਲਟਕਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ ਜਦੋਂਕਿ ਦੋ ਬੱਚਿਆਂ (ਕੁੜੀ ਤੇ ਮੁੰਡਾ) ਦੀਆਂ ਲਾਸ਼ਾਂ ਇਕ ਫਲੈਟ ਦੇ ਫ਼ਰਸ਼ ’ਤੇ ਖ਼ੂਨ ਨਾਲ ਲਥਪਥ ਮਿਲੀਆਂ ਹਨ। ਛੇਵਾਂ ਵਿਅਕਤੀ, ਜਿਸ ਦੇ ਚਾਰ ਮੰਜ਼ਿਲਾ ਇਮਾਰਤ ਤੋਂ ਛਾਲ ਮਾਰੇ ਜਾਣ ਦਾ ਖ਼ਦਸ਼ਾ ਹੈ, ਦੀ ਲਾਸ਼ ਕੰਪਲੈਕਸ ਦੇ ਮੁੱਖ ਦਾਖ਼ਲੇ ਤੋਂ ਮਿਲੀ ਹੈ।
ਡੀਆਈਜੀ ਮੁਤਾਬਕ ਮੌਕੇ ਤੋਂ ਛੇ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਏ ਹਨ, ਜੋ ਕਿਸੇ ਇਕ ਵਿਅਕਤੀ ਵੱਲੋਂ ਲਿਖੇ ਗਏ ਹਨ, ਪਰ ਹੇਠਾਂ ਹਰੇਕ ਵਿਅਕਤੀ ਨੇ ਸਹੀ ਪਾਈ ਹੈ। ਖ਼ੁਦਕੁਸ਼ੀ ਨੋਟ ਵਿੱਚ ਇਸ ਸਿਰੇ ਦੇ ਕਦਮ ਲਈ ‘ਵਿੱਤੀ ਸੰਕਟ’ ਦਾ ਹਵਾਲਾ ਦਿੱਤਾ ਗਿਆ ਹੈ। ਡੀਆਈਜੀ ਨੇ ਕਿਹਾ, ‘ਮੌਕਾ ਵੇਖਿਆਂ ਜਾਪਦਾ ਹੈ ਕਿ ਪਰਿਵਾਰ ਦੇ ਬਾਲਗ ਮੈਂਬਰਾਂ ਨੇ ਵਾਰੋ ਵਾਰੀ ਖੁ਼ਦਕੁਸ਼ੀ ਕੀਤੀ ਜਦੋਂਕਿ ਬੱਚਿਆਂ ਨੂੰ ਬੇਹੋਸ਼ ਕਰਨ ਮਗਰੋਂ ਉਨ੍ਹਾਂ ਦਾ ਗਲਾ ਰੇਤਿਆ ਗਿਆ ਹੈ।’
ਐਸਪੀ ਮਯੂਰ ਪਟੇਲ ਕਨੱਈਆ ਲਾਲ ਨੇ ਕਿਹਾ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਮਗਰੋਂ ਹੀ ਲੱਗੇਗਾ। ਪੀੜਤਾਂ ਦੀ ਪਛਾਣ ਮਹਾਵੀਰ ਪ੍ਰਸਾਦ ਮਹੇਸ਼ਵਰੀ (70), ਉਸ ਦੀ ਪਤਨੀ ਕਿਰਨ ਮਹੇਸ਼ਵਰੀ (65), ਪੁੱਤ ਨਰੇਸ਼ ਮਹੇਸ਼ਵਰੀ (40), ਨੂੰਹ ਪ੍ਰੀਤੀ ਮਹੇਸ਼ਵਰੀ (38) ਅਤੇ ਉਨ੍ਹਾਂ ਦੇ ਬੱਚਿਆਂ ਅਮਨ (10) ਤੇ ਅਨਥ (8) ਵਜੋਂ ਹੋਈ ਹੈ। ਪੁਲੀਸ ਨੇ ਮੌਕੇ ਤੋਂ ਦੋ ਸਾਈਨ ਕੀਤੇ ਚੈੱਕ, ਬੇਹੋਸ਼ ਕਰਨ ਲਈ ਵਰਤੀ ਜਾਂਦੀ ਦਵਾਈ ਦੀ ਬੋਤਲ, ਰੂੰ ਤੇ ਬਲੇਡ ਬਰਾਮਦ ਕੀਤੇ ਹਨ। ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ।   

Facebook Comment
Project by : XtremeStudioz