Close
Menu

ਝੋਨੇ ਦੀ ਬਿਜਾਈ ਦੌਰਾਨ ਮਿਲੇਗੀ ਨਿਯਮਿਤ ਬਿਜਲੀ ਸਪਲਾਈ: ਕਾਂਗੜ

-- 20 June,2018

ਚੰਡੀਗੜ੍ਹ, 20 ਜੂਨ
ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਹੈ ਕਿ ਝੋਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਯਮਿਤ ਤੌਰ ’ਤੇ ਬਿਜਲੀ ਦੀ ਸਪਲਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਕਿਸਾਨਾਂ ਦੀਆਂ ਰੋਜ਼ਾਨਾ ਜ਼ਰੂਰਤਾਂ ਅਤੇ ਅੱਠ ਘੰਟੇ ਨਿਰਵਿਘਨ ਊਰਜਾ ਸਪਲਾਈ ਯਕੀਨੀ ਬਣਾਉਣ ਲਈ ਤਿਆਰ ਹੈ। ਅੱਜ ਤੋਂ ਸੂਬੇ ਵਿੱਚ ਸ਼ੁਰੂ ਹੋਣ ਵਾਲੀ ਝੋਨੇ ਦੀ ਬਿਜਾਈ ਸਬੰਧੀ ਬਿਜਲੀ ਸਪਲਾਈ ਨੂੰ ਨਿਰਵਿਘਨ ਬਣਾਉਣ ਲਈ ਪਾਵਰਕੌਮ ਅਧਿਕਾਰੀਆਂ ਨਾਲ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਦੌਰਾਨ ਸ੍ਰੀ ਕਾਂਗੜ ਨੇ ਇਹ ਵਿਚਾਰ ਰੱਖੇ।
ਪਹਿਲਾਂ ਉਨ੍ਹਾਂ ਪੀਐਸਈਬੀ ਇੰਜੀਨੀਅਰ ਐਸੋਸੀਏਸ਼ਨ, ਪੀਐਸਈਬੀ ਐਂਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਪ੍ਰਤੀਨਿਧੀਆਂ ਦੀਆਂ ਮੰਗਾਂ ਸੁਣੀਆਂ। ਸ੍ਰੀ ਕਾਂਗੜ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਊਰਜਾ ਲੋਡ ਬਾਕੀ ਸਮੇਂ ਨਾਲੋਂ ਕਾਫ਼ੀ ਜ਼ਿਆਦਾ ਹੁੰਦਾ ਹੈ। ਝੋਨੇ ਦੇ ਬਿਜਾਈ ਸੀਜ਼ਨ ਲਈ ਊਰਜਾ ਮੰਗ ਦੇ ਵੇਰਵੇ ਦਿੰਦਿਆਂ ਸ੍ਰੀ ਕਾਂਗੜ ਨੇ ਕਿਹਾ ਕਿ ਇਸ ਸਾਲ ਊਰਜਾ ਦੀ ਮੰਗ ਨੂੰ ਪੂਰਾ ਕਰਨ ਲਈ ਕੇਂਦਰ ਤੋਂ 700 ਮੈਗਾਵਾਟ ਹਾਈਡਰੋ, 1510 ਮੈਗਾਵਾਟ ਥਰਮਲ ਤੇ 4567 ਮੈਗਾਵਾਟ ਦੀ ਮੰਗ ਸਮੇਤ ਤਲਵੰਡੀ ਸਾਬੋ, ਨਾਭਾ ਪਾਵਰ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟਾਂ ਤੋਂ 3187 ਮੈਗਾਵਾਟ, ਪੇਡਾ/ਕੋ-ਜੈਨਰੇਸ਼ਨ/ਬਾਇਓਮਾਸ ਤੋਂ 150 ਮੈਗਾਵਾਟ, 669 ਮੈਗਾਵਾਟ ਸੋਲਰ, 1990 ਮੈਗਾਵਾਟ ਬੈਕਿੰਗ ਵਿਵਸਥਾ ਅਤੇ ਹਿਮਾਚਲ ਤੋਂ 300 ਮੈਗਾਵਾਟ ਨਵਿਆਉਣਯੋਗ ਊਰਜਾ ਦਾ ਪ੍ਰਬੰਧ ਕੀਤਾ ਹੈ। ਗ੍ਰੀਨ ਪਾਵਰ ਤਹਿਤ ਨਵਿਆਉਣਯੋਗ ਊਰਜਾ ਕੰਮਾਂ ਨੂੰ ਪੂਰਾ ਕਰਨ ਲਈ ਨਵਿਆਉਣਯੋਗ ਊਰਜਾ ਦੀ ਖਰੀਦ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਪਾਵਰਕੌਮ ਯੂਨੀਅਨਾਂ ਨੇ ਬੰਦ ਕੀਤੇ ਥਰਮਲ ਪਲਾਂਟਾਂ ਨੂੰ ਸ਼ੁਰੂ ਕਰਨ, ਪਾਵਰਕੌਮ ਦੇ ਐਸ.ਡੀ.ਓ. ਦੇ ਗਰੇਡ ਨੂੰ ਲੈ ਕੇ ਅੰਤਰ, ਪਾਵਰਕੌਮ ਦੀਆਂ ਖਾਲੀ ਪੋਸਟਾਂ ਭਰਨ, ਠੇਕੇ ’ਤੇ ਰੱਖੇ ਕਰਮਚਾਰੀਆਂ ਦੀ ਡਿਊਟੀ ’ਤੇ ਹੋਣ ਵਾਲੀ ਮੌਤ ’ਤੇ ਪਰਿਵਾਰ ਨੂੰ ਵਿਭਾਗ ਵੱਲੋਂ ਲਾਭ ਦਿੱਤੇ ਜਾਣ ਆਦਿ ਮੁੱਦੇ ਉਠਾਏ। ਯੂਨੀਅਨ ਨੇ ਪਾਵਰਕੌਮ ਨਾਲ ਸਬੰਧਤ ਹੋਰ ਮੁੱਦਿਆਂ ਬਾਰੇ ਸ੍ਰੀ ਕਾਂਗੜ ਨੂੰ ਜਾਣੂ ਕਰਵਾਇਆ ਅਤੇ ਆਪਣੇ ਸੁਝਾਅ ਦਿੱਤੇ। ਸ੍ਰੀ ਕਾਂਗੜ ਨੇ ਯੂਨੀਅਨ ਦੇ ਸੁਝਾਅ ਸੁਣੇ ਅਤੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ।
ਥਰਮਲ ਪਲਾਂਟਾਂ ਨੂੰ ਸ਼ੁਰੂ ਕਰਨ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਰੱਖਣਗੇ। ਉਨ੍ਹਾਂ ਕਿਹਾ ਕਿ ਕੁਝ ਲੋਕ ਕਿਸਾਨਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਦੇ ਹੋਏ ਉਨ੍ਹਾਂ ਨੂੰ ਗੁਮਰਾਹ ਕਰ ਕੇ 16 ਘੰਟੇ ਬਿਜਲੀ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਖ਼ੁਦ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਜਾਣਦੇ ਹਨ ਕਿ ਝੋਨੇ ਦੀ ਫ਼ਸਲ ਲਈ ਅੱਠ ਘੰਟੇ ਬਿਜਲੀ ਬਹੁਤ ਹੁੰਦੀ ਹੈ।

ਨਹਿਰੀ ਪਾਣੀ ਦੀ ਤੋਟ ਨਹੀਂ ਆਉਣ ਦਿੱਤੀ ਜਾਵੇਗੀ: ਸਰਕਾਰੀਆ
ਚੰਡੀਗੜ੍ਹ: ਪੰਜਾਬ ਵਿੱਚ ਅੱਜ ਤੋਂ ਝੋਨੇ ਦੀ ਲੁਆਈ ਸ਼ੁਰੂ ਹੋਣ ਦੇ ਮੱਦੇਨਜ਼ਰ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਪੂਰੀ ਸਪਲਾਈ ਦਿੱਤੀ ਜਾਵੇ ਅਤੇ ਟੇਲਾਂ ’ਤੇ ਪਾਣੀ ਪੁੱਜਦਾ ਕਰਨ ਲਈ ਨਹਿਰੀ ਪਾਣੀ ਦੀ ਚੋਰੀ ਸਖ਼ਤੀ ਨਾਲ ਰੋਕੀ ਜਾਵੇ। ਸ੍ਰੀ ਸਰਕਾਰੀਆ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਲੁਆਈ ਸਮੇਂ ਨਹਿਰੀ ਪਾਣੀ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਹਿਰਾਂ ਦੀ ਸਮਰੱਥਾ ਮੁਤਾਬਕ ਪਾਣੀ ਦੀ ਪੂਰੀ ਸਪਲਾਈ ਦਿੱਤੀ ਜਾਵੇ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਦੇ ਕਿੱਤੇ ਨੂੰ ਆਰਥਿਕ ਤੌਰ ’ਤੇ ਮੁੜ ਲਾਹੇਵੰਦ ਬਣਾਉਣ ਲਈ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਅਤੇ ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨ ਦੀ ਅਪੀਲ ਕੀਤੀ।

Facebook Comment
Project by : XtremeStudioz