Close
Menu

ਟਰੰਪ ਨੂੰ ਮਿਲਣ ਵ੍ਹਾਈਟ ਹਾਊਸ ਪਹੁੰਚੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ

-- 22 May,2018

ਵਾਸ਼ਿੰਗਟਨ — ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਆਪਣੇ ਅਮਰੀਕੀ ਹਮਰੁਤਬਾ ਡੋਨਾਲਡ ਟਰੰਪ ਨੂੰ ਮਿਲਣ ਲਈ ਮੰਗਲਵਾਰ ਨੂੰ ਵ੍ਹਾਈਟ ਹਾਊਸ ਪਹੁੰਚੇ। ਦੋਹਾਂ ਨੇਤਾਵਾਂ ਵਿਚਾਲੇ ਹੋਣ ਵਾਲੀ ਇਸ ਬੈਠਕ ‘ਚ ਟਰੰਪ ਅਤੇ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਓਨ ਵਿਚਾਲੇ ਪ੍ਰਸਤਾਵਿਤ ਮੁਲਾਕਾਤਾ ਦੀ ਦਿਸ਼ਾ ਤੈਅ ਹੋ ਸਕਦੀ ਹੈ। ਉੱਤਰ ਕੋਰੀਆ ਦੀ ਚਿਤਾਵਨੀ ਨੂੰ ਲੈ ਕੇ 12 ਜੂਨ ਨੂੰ ਸਿੰਗਾਪੁਰ ‘ਚ ਹੋਣ ਵਾਲੀ ਇਸ ਮੁਲਾਕਾਤ ‘ਤੇ ਸੰਕਟ ਦੇ ਬਦਲ ਛਾਏ ਹੋਏ ਹਨ।
ਉੱਤਰ ਕੋਰੀਆ ਨੇ ਕੁਝ ਦਿਨ ਪਹਿਲਾਂ ਚਿਤਾਵਨੀ ਦਿੱਤੀ ਸੀ ਕਿ ਅਮਰੀਕਾ ਜੇਕਰ ਪ੍ਰਮਾਣੂ ਹਥਿਆਰਾਂ ਨੂੰ ਤਬਾਹ ਕਰਨ ਲਈ ਇਕ ਪਾਸੜ ਦਬਾਅ ਬਣਾਉਂਦਾ ਹੈ ਤਾਂ ਉਹ ਮੁਲਾਕਾਤ ਨੂੰ ਰੱਦ ਕਰ ਦੇਣਗੇ। ਇਸ ਤੋਂ ਬਾਅਦ ਟਰੰਪ ਨੇ ਵੀ ਆਗਾਹ ਕੀਤਾ ਸੀ ਕਿ ਪ੍ਰਮਾਣੂ ਸਮਝੌਤਾ ਨਾ ਕਰਨ ‘ਤੇ ਕਿਮ ਨੂੰ ਖਮਿਆਜ਼ਾ ਭੁਗਤਣਾ ਹੋਵੇਗਾ। ਟਰੰਪ ਨੇ ਇਹ ਪ੍ਰਸਤਾਵ ਵੀ ਦਿੱਤਾ ਸੀ ਕਿ ਪ੍ਰਮਾਣੂ ਸਮਝੌਤਾ ਹੋਣ ‘ਤੇ ਕਿਮ ਕਾਫੀ ਖੁਸ਼ ਹੋਣਗੇ। ਅਮਰੀਕਾ ਉਨ੍ਹਾਂ ਨੂੰ ਸੁਰੱਖਿਆ ਦੀ ਪੂਰੀ ਗਾਰੰਟੀ ਦੇਣਗੇ ਅਤੇ ਉਹ ਸੱਤਾ ‘ਚ ਬਣੇ ਰਹਿਣਗੇ।
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਭਵਨ ਦੇ ਇਕ ਅਧਿਕਾਰੀ ਮੁਤਾਬਕ, ਟਰੰਪ ਵਾਲ ਬੈਠਕ ‘ਚ ਮੂਨ ਇਸ ਬਾਰੇ ‘ਚ ਚਰਚਾ ਕਰਨਗੇ ਕਿ ਉੱਤਰ ਕੋਰੀਆ ਦੇ ਨੇਤਾ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਅਤੇ ਕੀ ਨਹੀਂ। ਬੀਤੀ 27 ਅਪ੍ਰੈਲ ਨੂੰ ਮੂਨ ਅਤੇ ਕਿਮ ਵਿਚਾਲੇ ਇਤਿਹਾਸਕ ਮੁਲਾਕਾਤ ਅਤੇ ਗੱਲਬਾਤ ਹੋਈ ਸੀ। ਇਸ ‘ਚ ਦੋਹਾਂ ਨੇਤਾਵਾਂ ਵਿਚਾਲੇ ਕੋਰੀਆਈ ਪ੍ਰਾਇਦੀਪ ਨੂੰ ਪ੍ਰਮਾਣੂ ਮੁਕਤ ਕਰਨ ‘ਤੇ ਸਹਿਮਤੀ ਬਣੀ ਸੀ।
ਅਮਰੀਕਾ ਨੇ ਉੱਤਰ ਕੋਰੀਆ ਨਾਲ ਪ੍ਰਸਤਾਵਿਤ ਮੁਲਾਕਾਤ ਤੋਂ ਪਹਿਲਾਂ ਜਾਪਾਨ ਕੋਲ ਆਪਣਾ ਜੰਗੀ ਬੇੜਾ ਯੂ. ਐੱਸ. ਐੱਸ. ਮਿਲੀਅਸ ਤੈਨਾਤ ਕਰ ਦਿੱਤਾ ਹੈ। ਇਹ ਜੰਗੀ ਬੇੜਾ ਮੰਗਲਵਾਰ ਨੂੰ ਜਾਪਾਨ ਪਹੁੰਚਿਆ। ਇਹ ਉੱਤਰ ਕੋਰੀਆ ਵੱਲੋਂ ਆਉਣ ਵਾਲੀ ਕਿਸੇ ਵੀ ਬੈਲੇਸਟਿਕ ਮਿਜ਼ਾਈਲ ਤੋਂ ਰੱਖਿਆ ਕਰ ਸਕਦਾ ਹੈ। ਅਮਰੀਕਾ ਦੇ ਇਸ ਕਦਮ ਨੂੰ ਉੱਤਰ ਕੋਰੀਆ ‘ਤੇ ਦਬਾਅ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ।

Facebook Comment
Project by : XtremeStudioz