Close
Menu

ਟਰੰਪ ਪ੍ਰਸ਼ਾਸਨ ਤਾਲਿਬਾਨ ਨਾਲ ਸਿੱਧੀ ਗੱਲਬਾਤ ਕਰਨ ਲਈ ਰਾਜ਼ੀ

-- 18 July,2018

ਵਾਸ਼ਿੰਗਟਨ— ਅਫਗਾਨਿਸਤਾਨ ਵਿਚ ਅੱਤਵਾਦੀਆਂ ਵਿਰੁੱਧ ਆਪਰੇਸ਼ਨ ਸ਼ੁਰੂ ਕਰਨ ਦੇ 17 ਸਾਲ ਬਾਅਦ ਟਰੰਪ ਪ੍ਰਸ਼ਾਸਨ ਨੇ ਤਾਲਿਬਾਨ ਨਾਲ ਸਿੱਧੀ ਗੱਲਬਾਤ ਦੀ ਇੱਛਾ ਜ਼ਾਹਰ ਕੀਤੀ ਹੈ। ਇੱਥੇ ਦੱਸ ਦੇਈਏ ਕਿ 11 ਸਤੰਬਰ ਸਾਲ 2001 ਦੇ ਵੱਡੇ ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕਾ ਨੇ ਅਫਗਾਨਿਸਤਾਨ ਵਿਚ ਐਂਟਰੀ ਕੀਤੀ ਸੀ। ਹੁਣ ਟਰੰਪ ਪ੍ਰਸ਼ਾਸਨ ਅੱਤਵਾਦੀ ਸੰਗਠਨ ਤਾਲਿਬਾਨ ਨਾਲ ਸਿੱਧੀ ਗੱਲਬਾਤ ਕਰਨ ਲਈ ਤਿਆਰ ਹੋ ਗਿਆ ਹੈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਅੱਤਵਾਦੀਆਂ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਦਾ ਮਕਸਦ ‘ਅਫਗਾਨ ਟੂ ਅਫਗਾਨ’ ਗੱਲਬਾਤ ਨੂੰ ਕਾਇਮ ਕਰਨਾ ਹੈ। ਅਫਗਾਨਿਸਤਾਨ ‘ਚ ਜੇਕਰ ਟਰੰਪ ਪ੍ਰਸ਼ਾਸਨ ਤਾਲਿਬਾਨ ਨਾਲ ਸਿੱਧੀ ਗੱਲਬਾਤ ਕਰਦਾ ਹੈ, ਤਾਂ ਉੱਥੇ ਸ਼ਾਂਤੀ ਸਥਾਪਤ ਕਰਨ ਵਿਚ ਤਾਲਿਬਾਨ ਦੀ ਭੂਮਿਕਾ ਵਧੇਗੀ। ਓਧਰ ਭਾਰਤ ਦਾ ਮੰਨਣਾ ਹੈ ਕਿ ਅਫਗਾਨਿਸਤਾਨ ‘ਚ ਤਾਲਿਬਾਨ ਦੀ ਭੂਮਿਕਾ ਵਧਣ ਦਾ ਮਤਲਬ ਹੈ ਕਿ ਅਫਗਾਨ ‘ਚ ਅਸਿੱਧੇ ਰੂਪ ਨਾਲ ਪਾਕਿਸਤਾਨ ਦੀ ਘੁਸਪੈਠ। ਇਸ ਤੋਂ ਪਹਿਲਾਂ ਪਾਕਿਸਤਾਨ ਅਤੇ ਤਾਲਿਬਾਨ ਦਾ ਗਠਜੋੜ ਭਾਰਤੀ ਕੂਟਨੀਤੀ ਲਈ ਵੱਡੀ ਸਮੱਸਿਆ ਸਾਬਤ ਹੋ ਚੁੱਕਾ ਹੈ।
ਦੱਸਣਯੋਗ ਹੈ ਕਿ ਅਫਗਾਨ-ਪਾਕਿਸਤਾਨ ਸਰਹੱਦ ਪੂਰੀ ਤਰ੍ਹਾਂ ਤਾਲਿਬਾਨ ਦੇ ਕੰਟਰੋਲ ਵਿਚ ਹੈ। ਹੁਣ ਸਰਹੱਦ ‘ਤੇ ਕੰਧ ਬਣਾਉਣ ਲਈ ਪਾਕਿਸਤਾਨ ਟਰੰਪ ਪ੍ਰਸ਼ਾਸਨ ਦਾ ਸਹਿਯੋਗ ਚਾਹੁੰਦਾ ਹੈ। ਦਰਅਸਲ ਪਾਕਿਸਤਾਨ ਵਿਚ ਲਗਾਤਾਰ ਅੱਤਵਾਦੀ ਹਮਲੇ ਹੋ ਰਹੇ ਹਨ ਅਤੇ ਉਸ ਦਾ ਕਹਿਣਾ ਹੈ ਕਿ ਸਰਹੱਦ ਪਾਰ ਤੋਂ ਆਏ ਅੱਤਵਾਦੀਆਂ ਦਾ ਇਸ ਵਿਚ ਹੱਥ ਹੈ। ਹਾਲਾਂਕਿ ਪਾਕਿਸਤਾਨ ਜਿਸ ਅੱਤਵਾਦ ਬਾਰੇ ਗੱਲ ਕਰ ਰਿਹਾ ਹੈ ਉਸ ‘ਤੇ ਤਾਲਿਬਾਨ ਦੇ ਇਕ ਧੜੇ ਨੂੰ ਸਮਰਥਨ ਦੇਣ ਦਾ ਦੋਸ਼ ਲੱਗਦਾ ਰਿਹਾ ਹੈ, ਜਿਸ ਨੂੰ ‘ਹੱਕਾਨੀ ਨੈੱਟਵਰਕ’ ਕਿਹਾ ਜਾਂਦਾ ਹੈ। ਤਾਲਿਬਾਨ ਅਤੇ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਦੀ ਅਗਵਾਈ ਵਿਚ ਅਫਗਾਨ ਸਰਕਾਰ ਨੇ ਈਦ ਮੌਕੇ ਜੰਗਬੰਦੀ ਦਾ ਐਲਾਨ ਕੀਤਾ ਸੀ। ਹਾਲਾਂਕਿ ਬਾਅਦ ‘ਚ ਸੰਘਰਸ਼ ਫਿਰ ਤੋਂ ਸ਼ੁਰੂ ਹੋ ਗਿਆ ਸੀ।

Facebook Comment
Project by : XtremeStudioz