Close
Menu

ਟੈਨਿਸ: ਇਟਲੀ ਖ਼ਿਲਾਫ਼ ਡੇਵਿਸ ਕੱਪ ਮੈਚ ਲਈ ਸ਼ਰਨ ਦੀ ਵਾਪਸੀ

-- 31 December,2018

ਪੁਣੇ, 31 ਦਸੰਬਰ- ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਦਿਵਿਜ ਸ਼ਰਨ ਦਾ 2012 ਤੋਂ ਬਾਅਦ ਪਹਿਲੀ ਵਾਰ ਡੇਵਿਸ ਕੱਪ ਮੈਚ ਖੇਡਣਾ ਤੈਅ ਹੈ ਕਿਉਂਕਿ ਉਸ ਨੂੰ ਕੋਲਕਾਤਾ ’ਚ ਪਹਿਲੀ ਅਤੇ 2 ਫਰਵਰੀ ਨੂੰ ਇਟਲੀ ਖ਼ਿਲਾਫ਼ ਹੋਣ ਵਾਲੇ ਵਿਸ਼ਵ ਗਰੁੱਪ ਕੁਆਲੀਫਾਇਰ ਮੁਕਾਬਲੇ ਲਈ ਭਾਰਤੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ।
ਆਲ ਇੰਡੀਆ ਟੈਨਿਸ ਐਸੋਸੀਏਸ਼ਨ ਦੇ ਸੂਤਰਾਂ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਰੋਹਿਤ ਰਾਜਪਾਲ ਦੀ ਅਗਵਾਈ ਵਾਲੀ ਨਵੀਂ ਚੋਣ ਕਮੇਟੀ ਨੇ ਮੁੱਖ ਤੌਰ ’ਤੇ ਰੈਂਕਿੰਗ ਦੇ ਅਧਾਰ ’ਤੇ ਹੀ ਟੀਮ ਦੀ ਚੋਣ ਕੀਤੀ ਹੈ। ਸੂਤਰਾਂ ਨੇ ਕਿਹਾ ਕਿ ਚੋਣ ਕਮੇਟੀ ਨੇ ਸਿਖਰਲੇ ਚਾਰ ਸਿੰਗਲਜ਼ ਖਿਡਾਰੀਆਂ ਤੇ ਸਿਖ਼ਰਲੇ ਦੋ ਡਬਲਜ਼ ਖਿਡਾਰੀਆਂ ਨੂੰ ਚੁਣਿਆ ਹੈ। ਸ਼ਰਨ ਮੋਢੇ ਦੀ ਸੱਟ ਕਾਰਨ ਸਰਬੀਆ ਖ਼ਿਲਾਫ਼ ਨਹੀਂ ਖੇਡ ਸਕਿਆ ਸੀ। ਦਿੱਲੀ ਦਾ ਇਹ ਖਿਡਾਰੀ ਹੁਣੇ ਡਬਲਜ਼ ਰੈਂਕਿੰਗ ’ਚ 39ਵੇਂ ਨੰਬਰ ’ਤੇ ਹੈ ਅਤੇ ਉਹ 37ਵੇਂ ਨੰਬਰ ਦੇ ਰੋਹਨ ਬੋਪੰਨਾ ਨਾਲ ਜੋੜੀ ਬਣਾਏਗਾ। ਇਨ੍ਹਾਂ ਦੋਹਾਂ ਨੇ 2019 ’ਚ ਪੇਸ਼ੇਵਰ ਟੂਰ ’ਚ ਵੀ ਜੋੜੀ ਬਣਾਉਣ ਦਾ ਫ਼ੈਸਲਾ ਲਿਆ ਹੈ। ਸ਼ਰਨ ਨੇ ਨਿਊਜ਼ੀਲੈਂਡ ਖ਼ਿਲਾਫ਼ ਡੇਵਿਸ ਕੱਪ ’ਚ ਸ਼ੁਰੂਆਤ ਕੀਤੀ ਸੀ।
ਯੂਕੀ ਭਾਂਬਰੀ ਗੋਡੇ ਦੀ ਸੱਟ ਕਾਰਨ ਕੋਰਟ ਤੋਂ ਬਾਹਰ ਚੱਲ ਰਿਹਾ ਹੈ ਅਤੇ ਇਸ ਵਾਸਤੇ ਸਿੰਗਲਜ਼ ’ਚ ਪ੍ਰਜਨੇਸ਼ ਗੁਣੇਸ਼ਵਰਨ (110) ਅਤੇ ਰਾਮਕੁਮਾਰ ਰਾਮਨਾਥਨ (132) ਮੁੱਖ ਭੂਮਿਕਾ ਨਿਭਾਉਣਗੇ। ਬੰਗਲੌਰ ਚੈਲੰਜਰਜ਼ ਦਾ ਉਪ ਜੇਤੂ ਅਤੇ ਟਾਟਾ ਓਪਨ ਮਹਾਂਰਾਸ਼ਟਰ ਦੇ ਮੁੱਖ ਗੇੜ ’ਚ ਜਗ੍ਹਾ ਬਣਾਉਣ ਵਾਲੇ ਸਾਕੇਤ ਮਯਨੈਨ (259) ਨੇ ਆਪਣੀ ਜਗ੍ਹਾ ਸੁਰੱਖਿਅਤ ਰੱਖੀ ਹੈ। ਸਰਬੀਆ ਖ਼ਿਲਾਫ਼ ਚੌਥੇ ਮੈਚ ’ਚ ਖੇਡਣ ਵਾਲੇ ਐੱਨ ਸ੍ਰੀਰਾਮ ਬਾਲਾਜੀ ਅਤੇ ਰਿਜ਼ਰਵ ਖਿਡਾਰੀ ਅਰਜੁਨ ਕਾਧੇ ਨੂੰ ਬਾਹਰ ਕਰ ਦਿੱਤਾ ਗਿਆ ਹੈ।
ਟੀਮ ਵਿੱਚ ਸ਼ਸ਼ੀ ਕੁਮਾਰ ਮੁਕੂੰਦ ਦੇ ਰੂਪ ’ਚ ਨਵਾਂ ਖਿਡਾਰੀ ਜੋੜਿਆ ਗਿਆ ਹੈ ਜਿਸ ਨੇ 2018 ਦੇ ਸੈਸ਼ਨ ’ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਉਹ ਹੁਣੇ 295ਵੇਂ ਸਥਾਨ ’ਤੇ ਹੈ। ਉਹ ਡਬਲਜ਼ ’ਚ ਦੇਸ਼ ਦਾ ਤੀਜਾ ਸਭ ਤੋਂ ਵੱਧ ਰੈਂਕਿੰਗ (ਵਿਸ਼ਵ ਰੈਂਕਿੰਗ 63) ਵਾਲਾ ਖਿਡਾਰੀ ਹੈ। ਭਾਰਤ ਕੋਲਕਾਤਾ ਦੇ ਸਾਊਥ ਕਲੱਬ ’ਚ ਇਟਲੀ ਦੀ ਮੇਜ਼ਬਾਨੀ ਕਰੇਗਾ। –

Facebook Comment
Project by : XtremeStudioz