Close
Menu

ਟੈਰੇਜ਼ਾ ਮੇਅ ਬੇਵਿਸਾਹੀ ਮਤੇ ਦਾ ਸਾਹਮਣਾ ਕਰੇਗੀ

-- 13 December,2018

ਲੰਡਨ, 13 ਦਸੰਬਰ
ਰਾਜਨੀਤਕ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਬਰਤਾਨਵੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਬੁੱਧਵਾਰ ਨੂੰ ਸੰਸਦ ਵਿੱਚ ਬੇਵਿਸਾਹੀ ਮਤੇ ਦਾ ਸਾਹਮਣਾ ਕਰੇਗੀ। ਉਨ੍ਹਾਂ ਨੂੰ ਆਪਣੀ ਪਾਰਟੀ ਵਿੱਚ ਹੀ ਬ੍ਰੈਗਜ਼ਿਟ ਸਮਝੌਤੇ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਦਨ ਵਿੱਚ ਮੇਅ ਨੂੰ ਉਦੋਂ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਕੰਜ਼ਰਵੇਟਿਵ ਸੰਸਦ ਮੈਂਬਰਾਂ ਨੇ ਬੇਵਿਸਾਹੀ ਮਤੇ ਲਈ ਲੋੜੀਂਦੇ 48 ਪੱਤਰ ਭੇਜੇ ਸਨ। ਬਰਤਾਨੀਆ ਦੇ 2016 ਵਿੱਚ ਯੂਰੋਪੀਅਨ ਸੰਘ ਤੋਂ ਲਾਂਭੇ ਹੋਣ ਦੇ ਕੁਝ ਸਮੇਂ ਬਾਅਦ ਟੈਰੇਜ਼ਾ ਮੇਅ (62) ਪ੍ਰਧਾਨ ਮੰਤਰੀ ਬਣੇ ਸਨ।
ਮੇਅ ਨੇ ਕਿਹਾ, ‘ਮੇਰੇ ਕੋਲ ਜੋ ਕੁਝ ਹੈ, ਮੈਂ ਉਸ ਨਾਲ ਹੀ ਮਤੇ ਦਾ ਸਾਹਮਣਾ ਕਰਾਂਗੀ।’’ ਪ੍ਰਧਾਨ ਮੰਤਰੀ ਦਫਤਰ ਡਾਊਨਿੰਗ ਸਟ੍ਰੀਟ ਵੱਲੋਂ ਜਾਰੀ ਬਿਆਨ ਵਿੱਚ ਉਨ੍ਹਾਂ ਨੇ ਸੱਤਾ ਬਦਲਣ ਨਾਲ ਬ੍ਰੈਗਜ਼ਿਟ ਸਮਝੌਤੇ ਵਿੱਚ ਦੇਰੀ ਜਾਂ ਫਿਰ ਇਸ ਦੇ ਰੱਦ ਹੋਣ ਦੀ ਚਿਤਾਵਨੀ ਦਿੰਦਿਆਂ ਕਿਹਾ, ‘‘ਮੈਂ ਇਸ ਕੰਮ ਨੂੰ ਪੂਰਾ ਕਰਨ ਲਈ ਦਿ੍ੜ੍ਹ ਹਾਂ।’’
ਉਨ੍ਹਾਂ ਕਿਹਾ ਕੰਜ਼ਰਵੇਟਿਵ ਲੋਕਾਂ ਨੂੰ ਅਜਿਹਾ ਮੁਲਕ ਬਣਾਉਣਾ ਹੋਵੇਗਾ ਜਿਹੜਾ ਸਭਨਾਂ ਲਈ ਕੰਮ ਕਰੇ ਅਤੇ ਉਨ੍ਹਾਂ ਨੂੰ ਉਹ ਦੇਵੇ ਜਿਸ ਲਈ ਬ੍ਰੈਗਜ਼ਿਟ ਲੋਕਾਂ ਨੇ ਵੋਟ ਪਾਈ ਸੀ।
ਉਨ੍ਹਾਂ ਦਾ ਬੁੱਧਵਾਰ ਨੂੰ ਡਬਲਿਨ ਜਾਣ ਦਾ ਪ੍ਰੋਗਰਾਮ ਸੀ ਪਰ ਬੇਵਿਸਾਹੀ ਮਤੇ ਕਾਰਨ ਉਨ੍ਹਾਂ ਨੂੰ ਇਹ ਦੌਰਾ ਰੱਦ ਕਰਨਾ ਪਿਆ। ਮੇਅ ਨੂੰ ਭਰੋਸੇ ਦਾ ਮਤ ਹਾਸਿਲ ਕਰਨ ਲਈ 315 ਮੈਂਬਰਾਂ ਦੇ ਸਦਨ ਵਿੱਚ 158 ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਹੇਵੇਗੀ। ਜੇ ਉਹ ਇਹ ਅੰਕੜਾ ਹਾਸਲ ਕਰਨ ਵਿੱਚ ਅਸਫ਼ਲ ਰਹਿੰਦੇ ਹਨ ਤਾਂ ਪਾਰਟੀ ਨੂੰ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਕਰਨੀ ਪਵੇਗੀ।

Facebook Comment
Project by : XtremeStudioz