Close
Menu

ਟੈਸਟ ਦਰਜਾਬੰਦੀ: ਜਡੇਜਾ ਗੇਂਦਬਾਜ਼ੀ ਦੇ ਸਿਖ਼ਰ ’ਤੇ

-- 20 July,2017

ਦੁਬਈ,ਭਾਰਤੀ ਸਪਿੰਨਰ ਰਵੀਚੰਦਰਨ ਅਸ਼ਵਿਨ ਆਈਸੀਸੀ ਦੀ ਟੈੱਸਟ ਗੇਂਦਬਾਜ਼ਾਂ ਦੀ ਨਵੀਨਤਮ ਰੈਂਕਿੰਗ ਵਿੱਚ ਇੱਕ ਸਥਾਨ ਦੇ ਨੁਕਸਾਨ ਨਾਲ ਤੀਜੇ ਸਥਾਨ ’ਤੇ ਖਿਸਕ ਗਿਆ ਹੈ। ਜ਼ਿੰਬਾਬਵੇ ਖ਼ਿਲਾਫ਼ ਇੱਕੋ ਇੱਕ ਟੈੱਸਟ ਵਿੱਚ ਚਾਰ ਵਿਕਟਾਂ ਦੀ ਜਿੱਤ ਦੌਰਾਨ ਅੱਠਵੀਂ ਵਾਰ ਦਸ ਵਿਕਟਾਂ ਝਟਕਾਉਣ ਵਾਲਾ ਸ੍ਰੀਲੰਕਾ ਦਾ ਸਪਿੰਨਰ ਰੰਗਨਾ ਹੇਰਾਥ ਦੂਜੇ ਸਥਾਨ ’ਤੇ ਪੁੱਜ ਗਿਆ ਹੈ।
ਹੇਰਾਥ ਨੇ ਅਸ਼ਵਿਨ ਨੂੰ ਪਿੱਛੇ ਛੱਡਣ ਤੋਂ ਇਲਾਵਾ ਆਪਣੇ ਅਤੇ ਸਿਖਰ ’ਤੇ ਕਾਇਮ ਰਵਿੰਦਰ ਜਡੇਜਾ ਵਿਚਲੇ ਫਰਕ ਨੂੰ 32 ਅੰਕਾਂ ਤੱਕ ਸੀਮਤ ਕਰ ਦਿੱਤਾ ਹੈ। ਇਸ ਤਰ੍ਹਾਂ ਸਿਖਰ ’ਤੇ ਦੋ ਸਪਿੰਨਰ ਕਾਬਜ਼ ਹੋ ਗਏ ਹਨ।
ਇੰਗਲੈਂਡ ਦਾ ਜੇਮਜ਼ ਐਂਡਰਸਨ ਅਤੇ ਆਸਟਰੇਲੀਆ ਦਾ ਜੋਸ਼ ਹੇਜ਼ਲਵੁੱਡ ਸਾਂਝੇ ਤੌਰ ’ਤੇ ਚੌਥੇ ਸਥਾਨ ’ਤੇ ਸਰਬੋਤਮ ਰੈਂਕਿੰਗ ਵਾਲੇ ਤੇਜ਼ ਗੇਂਦਬਾਜ਼ ਹਨ। ਦੱਖਣੀ ਅਫ਼ਰੀਕਾ ਦੇ ਸਪਿੰਨਰ ਕੇਸ਼ਵ ਮਹਾਰਾਜ ਵੀ ਇੰਗਲੈਂਡ ਖ਼ਿਲਾਫ਼ ਟੈਂਟਬ੍ਰਿਜ ਵਿੱਚ ਟੀਮ ਦੀ 340 ਦੌੜਾਂ ਦੀ ਜਿੱਤ ਦੌਰਾਨ ਛੇ ਵਿਕਟਾਂ ਦੀ ਬਦਲੌਤ 12 ਸਥਾਨਾਂ ਦੇ ਲਾਹੇ ਨਾਲ 26ਵੇਂ ਸਥਾਨ ’ਤੇ ਪੁੱਜ ਗਿਆ ਹੈ।
ਕੋਲੰਬੋ ਵਿੱਚ ਨੌਂ ਵਿਕਟਾਂ ਝਟਕਾਉਣ ਵਾਲਾ ਜ਼ਿੰਬਾਬਵੇ ਦਾ ਕਪਤਾਨ ਅਤੇ ਲੈੱਗ ਸਪਿੰਨਰ ਗ੍ਰੀਮ ਕੇਮਰ 20 ਸਥਾਨਾਂ ਦੇ ਲਾਹੇ ਨਾਲ ਕਰੀਅਰ ਦੀ ਸਰਬੋਤਮ 53ਵੀਂ ਰੈਂਕਿੰਗ ’ਤੇ ਪੁੱਜ ਗਿਆ ਹੈ।
ਟੈੱਸਟ ਬੱਲੇਬਾਜ਼ਾਂ ਦੀ ਸੂਚੀ ਵਿੱਚ ਹਾਸ਼ਿਮ ਆਮਲਾ ਦੀ ਸਰਬੋਤਮ 10 ਵਿੱਚ ਵਾਪਸੀ ਹੋਈ ਹੈ। ਉਸ ਨੇ ਇੰਗਲੈਂਡ ਖ਼ਿਲਾਫ਼ ਦੂਜੇ ਟੈੱਸਟ ਵਿੱਚ 78 ਅਤੇ 87 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ ਅਤੇ ਹੁਣ ਉਹ ਛੇ ਸਥਾਨਾਂ ਦੇ ਫਾਇਦੇ ਨਾਲ ਸੱਤਵੇਂ ਸਥਾਨ ’ਤੇ ਪੁੱਜ ਗਿਆ ਹੈ। ਸ੍ਰੀਲੰਕਾ ਦੇ ਅਸੇਲਾ ਗੁਣਾਰਤਨੇ ਨੇ 19 ਸਥਾਨਾਂ ਦੇ ਲਾਹੇ ਨਾਲ ਕਰੀਅਰ ਦੀ ਸਰਬੋਤਮ 79 ਵੀਂ ਰੈਂਕਿੰਗ ਹਾਸਲ ਕਰ ਲਈ ਹੈ।
ਦੱਖਣੀ ਅਫ਼ਰੀਕਾ ਦੇ ਵਾਰਨਨ ਫਿਲੈਂਡਰ ਨੇ ਹਰਫਨਮੌਲਾ ਖਿਡਾਰੀਆਂ ਦੀ ਸੂਚੀ ਵਿੱਚ ਦੋ ਸਥਾਨਾਂ ਦੇ ਫਾਇਦੇ ਨਾਲ ਪੰਜਵਾਂ ਸਥਾਨ ਹਾਸਲ ਕਰ ਲਿਆ ਹੈ। ਹਰਫਨਮੌਲਾ ਖਿਡਾਰੀਆਂ ਦੀ ਸੂਚੀ ਵਿੱਚ ਬੰਗਲਾਦੇਸ਼ ਦਾ ਸਾਕਿਬ ਅਲ ਹਸਲ ਸਿਖਰ ’ਤੇ ਹੈ।  

Facebook Comment
Project by : XtremeStudioz