Close
Menu

ਟੋਰਾਂਟੋ ਦੀ ਰੀਸਾਈਕਲਿੰਗ ਫੈਕਟਰੀ ‘ਚ ਲੱਗੀ ਜ਼ਬਰਦਸਤ ਅੱਗ, ਹੋਇਆ ਭਾਰੀ ਨੁਕਸਾਨ

-- 26 May,2017

ਟੋਰਾਂਟੋ— ਪੋਰਟ ਲੈਂਡਜ਼ ਵਿਚ ਇਕ ਰੀਸਾਈਕਲਿੰਗ ਫੈਕਟਰੀ ਵਿਚ ਜ਼ਬਰਦਸਤ ਅੱਗ ਲੱਗ ਜਾਣ ਤੋਂ ਬਾਅਦ ਪੂਰੀ ਰਾਤ ਫਾਇਰ ਫਾਈਟਰਜ਼ ਉਸ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਉਹ ਪੂਰੀ ਤਰ੍ਹਾਂ ਨਹੀਂ ਬੁਝੀ। ਫਾਇਰ ਚੀਫ ਮੈਥਿਊ ਪੈਗ ਨੇ ਦੱਸਿਆ ਕਿ ਅੱਗ ਸਵੇਰੇ 1:00 ਵਜੇ ਚੈਰੀ ਸਟਰੀਟ ਤੋਂ ਸ਼ੁਰੂ ਹੋਈ ਸੀ ਤੇ ਦੇਖਦਿਆਂ ਹੀ ਦੇਖਦਿਆਂ ਇਹ ਤੇਜ਼ੀ ਨਾਲ ਫੈਲ ਗਈ। ਇਹ ਫੈਕਟਰੀ ਜੀ. ਐਫ. ਐਲ. ਐਨਵਾਇਰਮੈਂਟਲ ਇਨਕਾਰਪੋਰੇਸ਼ਨ ਦੀ ਹੈ ਤੇ ਅੱਗ ਲੱਗਣ ਸਮੇਂ ਫੈਕਟਰੀ ਵਿਚ ਮੌਜੂਦ ਕਿਸੇ ਵੀ ਵਰਕਰ ਨੂੰ ਕੋਈ ਸੱਟ ਨਹੀਂ ਲੱਗੀ।
ਪੈਗ ਨੇ ਦੱਸਿਆ ਕਿ ਜਦੋਂ ਉਹ ਆਪਣੇ ਅਮਲੇ ਨਾਲ ਅੱਗ ਬੁਝਾਉਣ ਲਈ ਪਹੁੰਚੇ ਤਾਂ ਮੌਕੇ ‘ਤੇ ਸਟਾਫ ਮੌਜੂਦ ਸੀ ਅਤੇ ਉਨ੍ਹਾਂ ਨੇ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਮਾਰਤ ਵਿਚ ਕੋਈ ਵੀ ਨਾ ਹੋਵੇ। ਇਮਾਰਤ ਦੇ ਢਹਿ ਜਾਣ ਦੇ ਖਤਰੇ ਕਾਰਨ ਫਾਇਰਫਾਈਟਰਜ਼ ਵਿਚੋਂ ਵੀ ਕੋਈ ਉਸ ਵਿਚ ਦਾਖਲ ਨਹੀਂ ਹੋਇਆ।
ਉਨ੍ਹਾਂ ਦੱਸਿਆ ਕਿ ਅੱਗ ਬੜੀ ਜ਼ਬਰਦਸਤ ਸੀ ਕਿਉਂਕਿ ਇਹ ਮਿਕਸਡ ਵੇਸਟ ਫੈਸਿਲਿਟੀ ਹੈ ਅਤੇ ਇੱਥੇ ਗੈਰ ਰਿਹਾਇਸ਼ੀ ਕਮਰਸ਼ੀਅਲ ਰਹਿੰਦ-ਖੂਹੰਦ ਨੂੰ ਰੀਸਾਈਕਲ ਕੀਤਾ ਜਾਂਦਾ ਹੈ। ਕਈ ਘੰਟਿਆਂ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ। ਰਾਤ ਨੂੰ ਮੀਂਹ ਪੈਣ ਕਾਰਨ ਵੀ ਅੱਗ ਆਲੇ-ਦੁਆਲੇ ਬਹੁਤਾ ਨਹੀਂ ਵਧੀ। ਫਾਇਰ ਚੀਫ ਨੇ ਵੀ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਹੁਣੇ ਕੁਝ ਆਖਣਾ ਜ਼ਲਦਬਾਜ਼ੀ ਵਾਲੀ ਗੱਲ ਹੋਵੇਗੀ। ਅੱਗ ਲੱਗਣ ਕਾਰਨ ਵੱਡਾ ਨੁਕਸਾਨ ਹੋਇਆ ਹੈ ਪਰ ਇਸ ਬਾਰੇ ਫਿਲਹਾਲ ਜ਼ਿਆਦਾ ਕੁਝ ਦੱਸਿਆ ਨਹੀਂ ਗਿਆ ਹੈ। 

Facebook Comment
Project by : XtremeStudioz