Close
Menu

ਟੋਰਾਂਟੋ ਵਿੱਚ 7 ਬੈਂਕ ਡਾਕਿਆਂ ਦੇ ਸਬੰਧ ਵਿੱਚ 2 ਵਿਅਕਤੀ ਗ੍ਰਿਫਤਾਰ

-- 17 December,2018

ਟੋਰਾਂਟੋ, 17 ਦਸੰਬਰ : ਤਿੰਨ ਹਫਤਿਆਂ ਦੇ ਅੰਦਰ ਟੋਰਾਂਟੋ ਵਿੱਚ ਬੈਂਕ ਡਾਕਿਆਂ ਦੀ ਝੜੀ ਲਾਉਣ ਵਾਲੇ ਦੋ ਵਿਅਕਤੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਿਸ ਅਨੁਸਾਰ 15 ਤੇ 16 ਨਵੰਬਰ ਨੂੰ ਹੁਡੀ, ਕਾਲੇ ਰੰਗ ਦੇ ਦਸਤਾਨੇ ਪਾ ਕੇ ਇੱਕ ਵਿਅਕਤੀ ਟੋਰਾਂਟੋ ਵਿੱਚ ਬੈਂਕ ਦੀਆਂ ਚਾਰ ਵੱਖ ਵੱਖ ਬ੍ਰਾਂਚਾਂ ਵਿੱਚ ਗਿਆ। ਉੱਥੇ ਉਸ ਨੇ ਬਾਕਾਇਦਾ ਲਾਈਨ ਵਿੱਚ ਲੱਗ ਕੇ ਟੈਲਰ ਤੱਕ ਪਹੁੰਚ ਕੇ ਨੋਟ (ਕਾਗਜ਼ ਉੱਤੇ ਲਿਖ ਕੇ) ਰਾਹੀਂ ਪੈਸੇ ਦੀ ਮੰਗ ਕੀਤੀ। ਉਸ ਨੋਟ ਵਿੱਚ ਇਹ ਵੀ ਲਿਖਿਆ ਸੀ ਕਿ ਉਸ ਕੋਲ ਗੰਨ ਹੈ ਤੇ ਜੇ ਪੈਸੇ ਨਾ ਦਿੱਤੇ ਗਏ ਤਾਂ ਉਹ ਟੈਲਰ ਨੂੰ ਗੋਲੀ ਮਾਰ ਦੇਵੇਗਾ।
ਚਾਰਾਂ ਬ੍ਰਾਂਚਾਂ ਤੋਂ ਮਸ਼ਕੂਕ ਪੈਸੇ ਲੈਣ ਤੋਂ ਬਾਅਦ ਫਰਾਰ ਹੋ ਗਿਆ। 3 ਦਸੰਬਰ ਨੂੰ ਪੁਲਿਸ ਨੇ ਆਖਿਆ ਕਿ ਉਸੇ ਵਿਅਕਤੀ ਨੇ ਬੈਂਕ ਦੀਆਂ ਸ਼ਹਿਰ ਦੇ ਪੂਰਬੀ ਹਿੱਸੇ ਵਿੱਚ ਸਥਿਤ ਤਿੰਨ ਹੋਰ ਬ੍ਰਾਂਚਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਜਾਂਚਕਾਰਾਂ ਅਨੁਸਾਰ ਇਸ ਵਿਅਕਤੀ ਨੇ ਆਪਣੀ ਪਛਾਣ ਲੁਕਾਉਣ ਦੀ ਵੀ ਕੋਸਿ਼ਸ਼ ਨਹੀਂ ਕੀਤੀ। ਪੁਲਿਸ ਨੇ ਦੱਸਿਆ ਕਿ ਇੱਕ ਡਾਕੇ ਸਮੇਂ ਉਸ ਵਿਅਕਤੀ ਨੇ ਦੋ ਵਿਅਕਤੀਆਂ ਉੱਤੇ ਹਥਿਆਰ ਤਾਣਿਆ ਤੇ ਹੋਰ ਪੈਸੇ ਦੀ ਮੰਗ ਕੀਤੀ। 3 ਦਸੰਬਰ ਨੂੰ ਹੀ ਪੁਲਿਸ ਨੇ ਪੈੜ ਨੱਪਦਿਆਂ ਹੋਇਆਂ 21 ਸਾਲਾ ਐਂਟੋਨੀ ਮੁਰੇ ਨੂੰ ਡਾਕਿਆਂ ਦੇ ਸਬੰਧ ਵਿੱਚ ਗ੍ਰਿਫਤਾਰ ਕਰ ਲਿਆ।
ਉਸ ਨੂੰ ਡਾਕਾ ਮਾਰਨ ਦੇ ਤਿੰਨ ਮਾਮਲਿਆਂ, ਹਥਿਆਰ ਰੱਖਣ ਤੇ 5000 ਡਾਲਰ ਤੋਂ ਵੱਧ ਦੀ ਸੰਪਤੀ ਚੋਰੀ ਕਰਕੇ ਕੋਲ ਰੱਖਣ, ਗੱਡੀ ਦੀ ਖਤਰਨਾਕ ਵਰਤੋਂ, ਪੁਲਿਸ ਤੋਂ ਭੱਜਣ, ਪੁਲਿਸ ਅਧਿਕਾਰੀ ਨੂੰ ਰੋਕਣ ਦੇ ਮਾਮਲਿਆਂ ਵਿੱਚ ਚਾਰਜ ਕੀਤਾ ਗਿਆ। ਉਸ ਨੂੰ 20 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
13 ਦਸੰਬਰ ਨੂੰ ਟੋਰਾਂਟੋ ਪੁਲਿਸ ਨੇ ਕਿੰਗਸਟਨ ਪੁਲਿਸ ਸਰਵਿਸ ਦੀ ਮਦਦ ਨਾਲ ਇਸ ਮਾਮਲੇ ਦੇ ਸਬੰਧ ਵਿੱਚ 19 ਸਾਲਾ ਕਿੰਗਸਟਨ ਵਾਸੀ ਅਬਦੁੱਲਾ ਵਸੀਮ ਨੂੰ ਵੀ ਗ੍ਰਿਫਤਾਰ ਕੀਤਾ। ਉਸ ਉੱਤੇ ਚਾਰ ਡਾਕੇ ਮਾਰਨ, ਹਥਿਆਰਬੰਦ ਡਾਕੇ ਮਾਰਨ, ਗਲਤ ਕੰਮ ਲਈ ਭੇਸ ਵਟਾਉਣ, ਜੁਰਮ ਦੀ ਸਾਜਿ਼ਸ਼ ਰਚਣ, ਲੋਕਾਂ ਉੱਤੇ ਹਥਿਆਰ ਤਾਨਣ, ਜੁਰਮ ਲਈ ਸੰਪਤੀ ਰੱਖਣ, ਪ੍ਰੋਬੇਸ਼ਨ ਦੀ ਉਲੰਘਣਾਂ ਕਰਨ, ਗੱਡੀ ਚੋਰੀ ਕਰਨ ਤੇ 5000 ਤੋਂ ਉੱਤੇ ਦੀ ਚੋਰੀ ਕਰਨ ਦੇ ਮਾਮਲੇ ਦਰਜ ਹਨ।

Facebook Comment
Project by : XtremeStudioz