Close
Menu

ਤਕਨੀਕੀ ਸਿੱਖਿਆ ਨੂੰ ਹੁਲਾਰਾ ਦੇਣ ਲਈ ਰਿਸਰਚ ਸੈਂਟਰ ਖੋਲ੍ਹਾਂਗੇ: ਚੰਨੀ

-- 22 August,2017

ਖਰੜ, 22 ਅਗਸਤ,ਪੰਜਾਬ ਸਰਕਾਰ ਵੱਲੋਂ ਚੋਣ ਮਨੋਰਥ ਪੱਤਰ ਮੁਤਾਬਿਕ ਲੋਕਾਂ ਨਾਲ ਹਰ ਘਰ ’ਚ ਨੌਕਰੀ ਦੇਣ ਦੇ ਕੀਤੇ ਵਾਅਦੇ ਮੁਤਾਬਿਕ ਰਾਜ ਵਿਚ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਮੁਹੱਈਆ ਕਰਾਉਣ ਦੀ ਪਹਿਲ ਕਦਮੀ ਕਰਦਿਆਂ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਤੋਂ ਰਾਜ ਵਿਚ ਮੈਗਾ ਨੌਕਰੀ ਮੇਲਿਆਂ ਦੀ ਰਸਮੀ ਸ਼ੁਰੂਆਤ ਕੀਤੀ। ਨੌਕਰੀ ਮੇਲੇ ਦੇ ਉਦਘਾਟਨ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸੂਬੇ ਵਿੱਚ ਪਹਿਲੀ ਵਾਰ ਹੈ ਜਦੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਮੇਲੇ ਲਗਾ ਕੇ ਰੁਜਗਾਰ ਦੇ ਸੁਨਹਿਰੀ ਮੌਕੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਕੈਂਪਸ ਵਿੱਚ ਲਗਾਏ ਜਾਣ ਵਾਲੇ ਨੌਕਰੀ ਮੇਲੇ ਵਿਚ 5000 ਤੋਂ ਵੱਧ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਮਿਲ ਸਕੇਗੀ ।
ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਤਕਨੀਕੀ ਸਿੱਖਿਆ ਨੂੰ ਬੜ੍ਹਾਵਾ ਦੇਣ ਅਤੇ ਕਿੱਤਾ ਮੁਖੀ ਬਣਾਉਣ ਲਈ ਰਾਜ ਵਿਚ ਰਿਸਰਚ ਸੈਂਟਰ ਖੋਲ੍ਹਿਆ ਜਾਵੇਗਾ। ਤਕਨੀਕੀ ਸਿੱਖਿਆ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਨਵਾਂ ਸਿਲੇਬਸ ਤਿਆਰ ਕੀਤਾ ਜਾਵੇਗਾ, ਜਿਸ ਨੂੰ ਤਿਆਰ ਕਰਨ ਲਈ ਤਕਨੀਕੀ ਸਿੱਖਿਆ ਵਿਭਾਗ, ਤਕਨੀਕੀ ਅਦਾਰੇ, ਉਦਯੋਗਪਤੀ ਅਤੇ ਮਾਹਿਰਾਂ ਦੀ ਰਾਏ ਲਈ ਜਾਵੇਗੀ ਤਾਂ ਜੋ ਵਿਦਿਆਰਥੀਆਂ ਨੂੰ ਉਦਯੋਗਪਤੀਆਂ ਦੀ ਲੋੜ ਮੁਤਾਬਿਕ ਉਨ੍ਹਾਂ ਨੁੰ ਕਿੱਤਾ ਮੁਖੀ ਸਿਖਲਾਈ ਦਿੱਤੀ ਜਾ ਸਕੇ ਅਤੇ ਵਿਦਿਆਰਥੀ ਤਕਨੀਕੀ ਸਿੱਖਿਆ ਹਾਸਿਲ ਕਰਨ ਉਪਰੰਤ ਰੁਜ਼ਗਾਰ ਹਾਸਿਲ ਕਰ ਸਕਣ।
ਉਨ੍ਹਾਂ ਕਿਹਾ ਕਿ ਰਾਜ ਵਿਚ ਨੌਕਰੀ ਮੇਲਿਆਂ ਤੋਂ ਬਾਅਦ ਰੁਜ਼ਗਾਰ ਮੇਲੇ ਵੀ ਲਗਾਏ ਜਾਣਗੇ ਜਿਸ ਵਿਚ ਬੇਰੁਜ਼ਗਾਰਾਂ ਨੂੰ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਘੱਟ ਵਿਆਜ ’ਤੇ ਕਰਜ਼ੇ ਵੀ ਦਿੱਤੇ ਜਾਣਗੇ। ਇਸ ਲਈ ਸਰਕਾਰ ਵੱਲੋਂ ਇੱਕ ਨੀਤੀ ਤਿਆਰ ਕੀਤੀ ਜਾ ਰਹੀ ਹੈ।
ਤਕਨੀਕੀ ਸਿੱਖਿਆ ਮੰਤਰੀ ਨੇ ਦੱਸਿਆ ਕਿ 31 ਅਗਸਤ ਤੱਕ ਰਾਜ ਵਿਚ 21 ਨੌਕਰੀ ਮੇਲੇ ਵੱਖ ਵੱਖ ਥਾਵਾਂ ’ਤੇ ਲਗਾਏ ਜਾਣਗੇ ਜਿਨ੍ਹਾਂ ਵਿੱਚ ਦੇਸ਼ ਭਰ ’ਚੋਂ ਨਾਮਵਰ 900 ਕੰਪਨੀਆਂ ਸ਼ਿਰਕਤ ਕਰਨਗੀਆਂ ਅਤੇ 50 ਹਜ਼ਾਰ ਦੇ ਕਰੀਬ ਵੱਖ-ਵੱਖ ਕੋਰਸਾਂ ਦੀ ਪੜ੍ਹਾਈ ਕਰ ਚੁੱਕੇ ਵਿਦਿਆਰਥੀਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜਾਬ ਸਰਕਾਰ ਦੇ ਵੈਬ ਪੋਰਟਲ www.ggnpunjab.com ’ਤੇ 4 ਲੱਖ ਨੌਜਵਾਨ ਨੌਕਰੀ ਲਈ ਰਜਿਸਟਰੇਸ਼ਨ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰਾਜ ਵਿਚ ਤਕਨੀਕੀ ਸਿੱਖਿਆ ਨੂੰ ਮਿਆਰੀ ਬਣਾਉਣ ਦੇ ਨਾਲ-ਨਾਲ ਸਮੇਂ ਦਾ ਹਾਣੀ ਵੀ ਬਣਾਇਆ ਜਾਵੇਗਾ ਤਾਂ ਜੋ ਰਾਜ ਵਿਚ ਵੱਖ-ਤੋਂ-ਵੱਧ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਣ। ਆਈ.ਟੀ.ਆਈਜ਼, ਬਹੁ ਤਕਨੀਕੀ ਸੰਸਥਾਵਾਂ ਵਿਚ ਆਧੁਨਿਕ ਸਾਜੋ ਸਾਮਾਨ ਅਤੇ ਬਿਹਤਰ ਬੁਨਿਆਦੀ ਢਾਂਚੇ ਲਈ 100 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਯੂਨੀਵਰਸਿਟੀ ਵਿੱਚ ਨੌਕਰੀ ਮੇਲਾ ਲਗਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।  ਸਮਾਗਮ ਨੂੰ ਡਾਇਰੈਕਟਰ ਤਕਨੀਕੀ ਸਿੱਖਿਆ ਪਰਵੀਨ ਕੁਮਾਰ ਥਿੰਦ, ਉਦਯੋਗਪਤੀ ਵੀ.ਕੇ. ਖੁਰਾਨਾ, ਸੰਜੇ ਸ਼ਰਮਾ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਆਰ.ਐਸ.ਬਾਵਾ ਨੇ ਸੰਬੋਧਨ ਕੀਤਾ।

Facebook Comment
Project by : XtremeStudioz