Close
Menu

ਤਾਕਤ ਦਾ ਹੰਕਾਰ

-- 04 October,2015

ਇੱਕ ਜੰਗਲ ਵਿੱਚ ਹਾਥੀ, ਗੈਂਡਾ, ਭਾਲੂ, ਘੋੜਾ ਤੇ ਹੋਰ ਸਾਰੇ ਪਸ਼ੂ-ਪੰਛੀ ਮਿਲ-ਜੁਲ ਕੇ ਬਡ਼ੇ ਪਿਆਰ ਨਾਲ ਰਹਿੰਦੇ ਸਨ। ਕਿਸੇ ਵੀ ਜਾਨਵਰ ਨੂੰ ਕੋਈ ਡਰ-ਭੈਅ ਨਹੀਂ ਸੀ ਅਤੇ ਸਾਰੇ ਇੱਕ ਦੂਜੇ ਦਾ ਖ਼ਿਆਲ ਰੱਖਦੇ ਸਨ। ਹਰ ਜਾਨਵਰ ਪੂਰੀ ਅਜ਼ਾਦੀ ਨਾਲ ਜੰਗਲ ਵਿੱਚ ਘੁੰਮਦਾ ਸੀ।
ਅਚਾਨਕ ਇੱਕ ਦਿਨ ਕੀ ਹੋਇਆ ਕਿ ਆਪਣੇ ਵਿਸ਼ਾਲ ਸਰੀਰ ਨੂੰ ਦੇਖ ਕੇ ਹਾਥੀ ਦੇ ਮਨ ਵਿੱਚ ਹੰਕਾਰ ਆ ਗਿਆ ਕਿ ਉਹੀ ਧਰਤੀ ਦਾ ਸਭ ਤੋਂ ਵੱਡਾ ਜਾਨਵਰ ਹੈ ਅਤੇ ਉਸ ਨੂੰ ਹੀ ਜੰਗਲ ਦਾ ਰਾਜਾ ਹੋਣਾ ਚਾਹੀਦਾ ਹੈ। ਇਸ ਲਈ ਉਸ ਨੇ ਜੰਗਲ ਵਿੱਚ ਹੁੜਦੰਗ ਮਚਾਉਣਾ ਅਤੇ ਬਾਕੀ ਜਾਨਵਰਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ੳੁਸ ਨੇ ਸੁੰਡ ਨਾਲ ਦਰੱਖਤਾਂ ਦੇ ਟਾਹਣੇ ਤੋਡ਼ ਸੁੱਟੇ। ਪੰਛੀਆਂ ਦੇ ਆਲ੍ਹਣੇ ਨਸ਼ਟ ਕਰ ਦਿੱਤੇ। ਕਈ ਜਾਨਵਰ ਹਾਥੀ ਦੇ ਇਸ ਆਤੰਕ ਦੀ ਭੇਟ ਚੜ੍ਹ ਗਏ। ਕੋਈ ਚਾਰਾ ਨਾ ਚਲਦਾ ਦੇਖ ਕੇ ਸਾਰੇ ਜਾਨਵਰਾਂ ਨੇ ਇਕੱਠੇ ਹੋ ਕੇ ਪ੍ਰਮਾਤਮਾ ਅੱਗੇ ਅਰਜ਼ੋਈ ਕੀਤੀ।
ਫਿਰ ਪਰਮਾਤਮਾ ਇੱਕ ਸਾਧੂ ਦਾ ਭੇਸ ਧਾਰ ਕੇ ਜੰਗਲ ਵਿੱਚ ਆਇਆ। ਸਾਧੂ ਨੇ ਹਾਥੀ ਨੂੰ ਸਮਝਾਉਣ ਦਾ ਬਹੁਤ ਯਤਨ ਕੀਤਾ, ਪਰ ਤਾਕਤ ਦੇ ਨਸ਼ੇ ਵਿੱਚ ਚੂਰ ਹਾਥੀ ਨੇ ਸਾਧੂ ਉੱਪਰ ਵੀ ਹਮਲਾ ਕਰ ਦਿੱਤਾ। ਇਸ ਲਈ ਪ੍ਰਮਾਤਮਾ ਨੇ ਇਸ ਸਮੱਸਿਆ ਦਾ ਪੱਕੇ ਤੌਰ ’ਤੇ ਹੱਲ ਕਰਨ ਦਾ ਫ਼ੈਸਲਾ ਕੀਤਾ।
ਸਭ ਤੋਂ ਪਹਿਲਾਂ ਪਰਮਾਤਮਾ ਨੇ ਹਾਥੀ ਦੀ ਲੰਮੀ ਗਰਦਨ ਨੂੰ ਛੋਟਾ ਕਰ ਦਿੱਤਾ ਤਾਂ ਕਿ ਉਹ ਆਪਣੇ ਵਿਸ਼ਾਲ ਸਰੀਰ ਨੂੰ ਨਾ ਦੇਖ ਸਕੇ। ਦੂਜਾ ਉਸ ਦੀ ਨਜ਼ਰ ਇਸ ਤਰ੍ਹਾਂ ਦੀ ਬਣਾ ਦਿੱਤੀ ਕਿ ਉਸ ਨੂੰ ਹਰ ਚੀਜ਼ ਆਪਣੇ ਆਕਾਰ ਤੋਂ ਦੁੱਗਣੀ ਵੱਡੀ ਦਿਖਾਈ ਦੇਵੇ ਤਾਂ ਕਿ ਭਵਿੱਖ ਵਿੱਚ ੳੁਹ ਹੰਕਾਰੀ ਨਾ ਹੋਵੇ।
ਕਹਿੰਦੇ ਹਨ ਕਿ ਉਸ ਦਿਨ ਤੋਂ ਹੀ ਹਾਥੀ ਆਪਣੇ ਵਿਸ਼ਾਲ ਸਰੀਰ ਨੂੰ ਨਹੀਂ ਦੇਖ ਸਕਦਾ ਅਤੇ ਉਸ ਨੂੰ ਹਰ ਵਸਤੂ ਆਪਣੇ ਆਕਾਰ ਤੋਂ ਦੁੱਗਣੀ ਦਿਖਾਈ ਦਿੰਦੀ ਹੈ। ਇਸ ਤਰ੍ਹਾਂ ਪਰਮਾਤਮਾ ਨੇ ਹਾਥੀ ਦੇ ਹੰਕਾਰ ਨੂੰ ਸਦਾ ਲਈ ਖ਼ਤਮ ਕਰ ਦਿੱਤਾ।
ਬੱਚਿਓ, ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਜੀਵਨ ਵਿੱਚ ਕਦੇ ਵੀ ਆਪਣੀ ਤਾਕਤ ਦਾ ਹੰਕਾਰ ਨਹੀਂ ਕਰਨਾ ਚਾਹੀਦਾ, ਸਗੋਂ ਉਸ ਨੂੰ ਉਸਾਰੂ ਪਾਸੇ ਲਾਉਣਾ ਚਾਹੀਦਾ ਹੈ। ਇਸ ਲਈ ਕਿਹਾ ਜਾਂਦਾ ਹੈ-‘‘ਤਾਕਤ ’ਤੇ ਹੰਕਾਰ ਨਾ ਕਰੀਏ, ਹਰ ਵੇਲੇ ਕੁਦਰਤ ਤੋਂ ਡਰੀਏ।’’.

Facebook Comment
Project by : XtremeStudioz