Close
Menu

ਥਰੂਰ ਦੇ ਕੇਰਲਾ ਵਿਚਲੇ ਦਫ਼ਤਰ ਦੀ ਭੰਨਤੋੜ

-- 17 July,2018

ਤਿਰੂਵਨੰਤਪੁਰਮ, 17 ਜੁਲਾਈ
ਭਾਜਪਾ ਦੇ ਯੂਥ ਵਿੰਗ ਦੇ ਕਾਰਕੁਨਾਂ ਨੇ ਅੱਜ ਇਥੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਦੇ ਦਫ਼ਤਰ ਦੀ ਭੰਨਤੋੜ ਕੀਤੀ। ਇਹ ਦਾਅਵਾ ਪੁਲੀਸ ਨੇ ਕੀਤਾ ਹੈ। ਉਧਰ ਕੇਰਲਾ ਦੀ ਰਾਜਧਾਨੀ ਤੋਂ ਲੋਕ ਸਭਾ ਮੈਂਬਰ ਥਰੂਰ ਨੇ ਕਿਹਾ ਕਿ ਇਸ ਭੰਨਤੋੜ ਪਿੱਛੇ ਭਾਜਪਾ ਤੇ ‘ਸੰਘ ਦੇ ਗੁੰਡਿਆਂ’ ਦਾ ਹੱਥ ਹੈ। ਕਾਬਿਲੇਗੌਰ ਹੈ ਕਿ ਅਜੇ ਕੁਝ ਦਿਨ ਪਹਿਲਾਂ ਸ੍ਰੀ ਥਰੂਰ ਨੇ ਇਕ ਬਿਆਨ ’ਚ ਕਿਹਾ ਸੀ ਕਿ ਜੇਕਰ ਭਾਜਪਾ ਮੁੜ ਸੱਤਾ ਵਿੱਚ ਆ ਗਈ ਤਾਂ ਇਹ ਨਾ ਸਿਰਫ਼ ਸੰਵਿਧਾਨ ਮੁੜ ਲਿਖੇਗੀ ਬਲਕਿ ਮੁਲਕ ਵਿੱਚ ‘ਹਿੰਦੂ ਪਾਕਿਸਤਾਨ’ ਦੀ ਸਿਰਜਣਾ ਲਈ ਰਾਹ ਪੱਧਰਾ ਹੋ ਜਾਵੇਗਾ। ਕਾਂਗਰਸ ਨੇ ਹਾਲਾਂਕਿ ਥਰੂਰ ਦੇ ਇਸ ਬਿਆਨ ਤੋਂ ਕਿਨਾਰਾ ਕਰ ਲਿਆ ਸੀ। ਥਰੂਰ ਨੇ ਟਵੀਟ ਕੀਤਾ, ‘ਯੁਵਾ ਮੋਰਚਾ ਭਾਜਪਾ ਨੇ ਅੱਜ ਤਿਰੂਵਨੰਤਪੁਰਮ ਵਿਚਲੇ ਮੇਰੇ ਦਫ਼ਤਰ ’ਤੇ ਹਮਲਾ ਕਰਕੇ ਭੰਨਤੋੜ ਕੀਤੀ।
ਉਨ੍ਹਾਂ ਕੰਧਾਂ, ਗੇਟ, ਦਰਵਾਜ਼ਿਆਂ ਆਦਿ ਨੂੰ ਕਾਲੇ ਤੇਲ ਨਾਲ ਰੰਗ ਦਿੱਤਾ ਤੇ ਉਥੇ ਉਡੀਕ ’ਚ ਬੈਠੇ ਬੇਕਸੂਰ ਲੋਕਾਂ ਦੀ ਖਿੱਚ ਧੂਹ ਕੀਤੀ। ਨਾਅਰੇਬਾਜ਼ੀ ਕਰਦਿਆਂ ਮੈਨੂੰ ਪਾਕਿਸਤਾਨ ਜਾਣ ਲਈ ਆਖਿਆ।’ ਥਰੂਰ ਨੇ ਅੱਗੇ ਲਿਖਿਆ, ‘ਸਾਨੂੰ ਸਾਰਿਆਂ ਨੂੰ ਚੇਤਾਵਨੀ ਮਿਲੀ ਹੈ। ਭਾਜਪਾ ਨੇ ਅੱਜ ਤਿਰੂਵਨੰਤਪੁਰਮ ’ਚ ਆਪਣਾ ਹਿੰਸਾ ਤੇ ਭੰਨਤੋੜ ਵਾਲਾ ਚਿਹਰਾ ਵਿਖਾ ਦਿੱਤਾ ਹੈ। ਜ਼ਿਆਦਾਤਰ ਹਿੰਦੂ ਇਹੀ ਕਹਿਣਗੇ ਕਿ ਸੰਘ ਦੇ ਇਹ ਗੁੰਡੇ ਉਨ੍ਹਾਂ ਦੀ ਤਰਜਮਾਨੀ ਨਹੀਂ ਕਰਦੇ।’

Facebook Comment
Project by : XtremeStudioz